ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਲਗਨ ਨਾਲ ਪੜਨ ਦੀ ਪ੍ਰ੍ਰੇਰਣਾ
ਅਸ਼ੋਕ ਵਰਮਾ
ਪਠਾਨਕੋਟ, 27 ਅਪਰੈਲ 2020: ਪਠਾਨਕੋਟ ਜਿਲੇ ਨਾਂਲ ਸਬੰਧਤ ਕੰਢੀ ‘ਚ ਪੈਂਦੇ ਬਲਾਕ ਧਾਰ ਕਲਾਂ ’ਚ ਪੈਂਦੇ ਪਿੰਡ ਹਾੜਾ ਦੀ ਧੀਅ ਸਰਪੰਚ ਪੱਲਵੀ ਠਾਕੁਰ ਡੰਮੀ ਸਰਪੰਚ ਨਹੀਂ ਬਣੀ ਸਗੋਂ ਮੋਹਰੀ ਹੋ ਕੇ ਪਿੰਡ ਦਾ ਵਿਕਾਸ ਕਰਵਾਉਣ ਦਾ ਫੈਸਲਾ ਕਰ ਲਿਆ ਹੈ। ਪੱਲਵੀ ਦੀ ਸੋਚ ਹੈ ਕਿ ‘ ਧੀਆਂ ਕਿਸੇ ਤੋਂ ਘੱਟ ਨਹੀਂ ’ ਵਾਲੀ ਗੱਲ ਨੂੰ ਸੱਚ ਕਰਕੇ ਹੀ ਸਾਹ ਲਵੇਗੀ । ਚੰਗੀ ਯੋਗਤਾ ਰੱਖਣ ਵਾਲੀ ਪੱਲਵੀ ਜ਼ਿਲਾ ਪਠਾਨਕੋਟ ਦੇ ਬਲਾਕ ਧਾਰ ਕਲਾਂ ’ਚ ਪੈਂਦੇ ਪਿੰਡ ਹਾੜਾ ਦੀ ਸਰਪੰਚ ਬਣੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪੱਲਵੀ ਵੱਲੋਂ ਕੀਤੇ ਜਾ ਰਹੇ ਯਤਨਾਂ ਦੇ ਕਾਇਲ ਹਨ। ਤਾਹੀਂ ਤਾਂ ਉਨਾਂ ਤੇ ਕੌਮੀ ਪੰਚਾਇਤ ਦਿਵਸ ਮੌਕੇ ਉਸ ਨਾਂਲ ਗੱਲਬਾਤ ਕਰਕੇ ਉਸ ਦੀ ਹੌਂਸਲਾ ਅਫਜ਼ਾਈ ਕੀਤੀ ਹੈ।
ਪ੍ਰਧਾਨ ਮੰਤਰੀ ਵੱਲੋਂ ਦਿੱਤੇ ਵਿਕਾਸ ਕਰਨ ਦੇ ਥਾਪੜੇ ਉਪਰੰਤ ਉਸ ਨੇ ਹੁਣ ਪਿੰੰਡ ਨੂੰ ਅੱਗੇ ਲਿਜਾਣ ਦਾ ਤਹੱਈਆ ਕੀਤਾ ਹੈ। ਪਿੰਡ ਦੇ ਬੱਚੇ ਪੜ ਲਿਖ ਕੇ ਕੁੱਝ ਬਣ ਸਕਣ ਇਸ ਲਈ ਉਸ ਨੇ ਹੁਣ ਪੰਚਾਇਤ ਦੇ ਸਹਿਯੋਗ ਨਾਂਲ ਬੱਚਿਆਂ ਨੂੰ ਪੜਾ-ਲਿਖਾ ਕੇ ਸਿੱਖਿਅਤ ਕਰਨ ਲਈ ਸਭ ਤੋਂ ਅਹਿਮ ਸਟੇਸ਼ਨਰੀ ਵੰਡ ਕੇ ਆਪਣੇ ਮਿਸ਼ਨ ਦੀ ਸ਼ੁਰੂਆਤ ਕਰ ਦਿੱਤੀ ਹੈ। ਪੰਚਾਇਤ ਨੇ ਕਿਤਾਬਾਂ ਅਤੇ ਕਾਪੀਆਂ ਤੇ ਪੈਨ ਵੰਡੇ ਅਤੇ ਬੱਚਿਆਂ ਨੂੰ ਪੜਾਈ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਨ ਲਈ ਪ੍ਰੇਰਿਆ।
ਵਾਰਡ ਨੰੰਬਰ ਇੱਕ ਦੀ ਪੰਚ ਨਿਸ਼ਾ ਪਠਾਣੀਆਂ ਨੇ ਕਿਹਾ ਕਿ ਸਿੱਖਿਆ ਹਰ ਇਨਸਾਨ ਲਈ ਕੀਮਤੀ ਗਹਿਣੇ ਵਾਂਗ ਹੈ ਜਿਸ ਨੂੰ ਪ੍ਰਾਪਤ ਕਰਕੇ ਕਿਸੇ ਵੀ ਅਹੁਦੇ ਜਾਂ ਮੰਜ਼ਿਲ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਲੋੜਵੰਦ ਬੱਚਿਆਂ ਦੀ ਸਹਾਇਤਾ ਕਰਨਾ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਹੈ ਜਿਸ ਲਈ ਪੰਚਾਇਤ ਵੱਲੋਂ ਇਹ ਉਰਿਾਲਾ ਕੀਤਾ ਗਿਆ ਹੈ।
ਵਾਰਡ ਨੰੰੰਬਰ 7 ਦੇ ਪੰਚ ਨਰਿੰਦਰ ਸਿੰਘ ਨੇ ਕਿਹਾ ਕਿ ਬੱਚਿਆ ਦੀ ਮਦਦ ਤੋਂ ਵੱਡਾ ਹੋਰ ਕੋਈ ਪੁੰਨ ਨਹੀਂ ਹੈ। ਉਨਾਂ ਕਿਹਾ ਕਿ ਇੰਨਾਂ ਨੂੰ ਪੜਾਈ ਲਈ ਲੋੜੀਂਦਾ ਸਾਮਾਨ ਮੁਹੱਈਆ ਕਰਵਾਉਣਾ ਚਾਹੀਦਾ ਹੈ ਤਾਂ ਕਿ ਇਹ ਬੱਚੇ ਸਿੱਖਿਆ ਹਾਸਲ ਕਰਕੇ ਦੇਸ਼ ਦੇ ਚੰਗੇ ਨਾਗਰਿਕ ਬਣ ਸਕਣ ਅਤੇ ਆਪਣੇ ਪੈਰਾਂ ’ਤੇ ਖੜੇ ਹੋ ਕੇ ਆਪਣੇ ਮਾਪਿਆਂ ਦਾ ਸਹਾਰਾ ਬਣਨ। ਇਸ ਮੌਕੇ ਹਾਜਰ ਕੇਵਲ ਸਿੰਘ, ਸਾਗਰ ਪਠਾਨੀਆਂ ਅਤੇ ਰਣਧੀਰ ਸਿੰਘ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਮਹਾਂਮਾਰੀ ਦੇ ਇਸ ਦੌਰ ’ਚ ਘਰ ਰਹਿ ਕੇ ਪੜਾਈ ਕਰਨ ਤਾਂ ਜੋ ਸਕੂਲ ਖੁੱਲਣ ਸਾਰ ਉਹ ਹੋਰ ਅੱਗੇ ਵਧ ਸਕਣ। ਉਨਾਂ ਪੰੰਚਾਇਤ ਦੇ ਯਤਨਾਂ ਦੀ ਸਲਾਘਾ ਵੀ ਕੀਤੀ।
ਪੜਾਈ ਨਾਲ ਹਾਸਲ ਹੁੰਦਾ ਨਿਸ਼ਾਨਾ:ਪੱਲਵੀ
ਸਰਪੰਚ ਪੱਲਵੀ ਠਾਕੁਰ ਨੇ ਕਿਹਾ ਕਿ ਲਗਨ ਅਤੇ ਮਿਹਨਤ ਨਾਲ ਪੜਾਈ ਕਰਕੇ ਉੱਚੇ ਨਿਸ਼ਾਨੇ ’ਤੇ ਪਹੁੰਚਿਆ ਜਾ ਸਕਦਾ ਹੈ। ਉਨਾਂ ਅਧਿਆਪਕਾਂ ਅਤੇ ਮਾਪਿਆਂ ਨੂੰ ਬੱਚਿਆਂ ਦੇ ਉਜਵਲ ਭਵਿੱਖ ਲਈ ਆਪਸ ਵਿਚ ਮਿਲਕੇ ਯਤਨ ਕਰਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਅਜਿਹੇ ਗਰੀਬ ਬੱਚੇ ਜੋ ਮਾਪਿਆਂ ਦੀ ਆਰਥਿਕ ਤੰਗੀ ਕਾਰਨ ਪੜਾਈ ਤੋਂ ਵਾਂਝੇ ਹੋਣ ਜਾਂ ਕਿਤਾਬਾਂ-ਕਾਪੀਆਂ ਨਹੀਂ ਖਰੀਦ ਸਕਦੇ, ਉਨਾਂ ਦੇ ਧਿਆਨ ਵਿੱਚ ਲਿਆਉਣ ਤਾਂ ਉਨਾਂ ਦੀ ਸਹਾਇਤਾ ਕੀਤੀ ਜਾਏਗੀ। ਉਨਾਂ ਕਿਹਾ ਕਿ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਲਈ ਜਿੱਥੇ ਅਧਿਆਪਕ ਯਤਨ ਕਰੇ ਹਨ ਉੱਥੇ ਹੀ ਏਦਾਂ ਦੇ ਬੱਚਿਆਂ ਦੀ ਪਛਾਣ ਕਰਕੇ ਪੰੰੰੰਚਾਇਤ ਉਨਾਂ ਨੂੰ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਲਈ ਯਤਨਸ਼ੀਲ ਰਹੇਗੀ।
ਪ੍ਰਧਾਨ ਮੰਤਰੀ ਵੱਲੋਂ ਹੌਂਸਲਾ ਅਫਜ਼ਾਈ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਰਪੰਚ ਪੱਲਵੀ ਠਾਕੁਰ ਦੀ ਹੌਂਸਲਾ ਅਫਜਾਈ ਕਰਨ ਉਪਰੰਤ ਉਸ ਨੇ ਆਪਣੇ ਪਿੰਡ ਦੀ ਤਰੱਕੀ ਲਈ ਯਤਨ ਤੇਜ ਕਰ ਦਿੱਤੇ ਹਨ। ਕਰੋਨਾ ਵਾਇਰਸ ਦੇ ਸੰਕਟ ’ਚ ਉਸ ਨੇ ਹੱਥੀ ਮਾਸਕ ਤਿਆਰ ਕੀਤੇ ਅਤੇ ਘਰ ਘਰ ਵੰਡ ਕੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ। ਉਸ ਨੇ ਪਿੰਡ ’ਚ ਕੀਟਨਾਸ਼ਕ ਦਾ ਸਪਰੇਅ ਕਰਵਾਇਆ। ਕਰਫਿਊ ਤੇ ਲੌਕ ਡਾਊਨ ਕਾਰਨ ਉਸ ਨੇ ਪਿੰਡ ਨੂੰ ਨੌਜਵਾਨਾਂ ਦੀ ਸਹਾਇਤਾ ਨਾਂਲ ਸੀਲ ਕਰਵਾਇਆ ਹੈ। ਪੱਲਵੀ ਨਾਕਿਆਂ ਤੇ ਗੇੜਾ ਮਾਰਕੇ ਨੂਜਵਾਨਾਂ ਦੀ ਹੌਂਸਲਾ ਅਫਜਾਈ ਕਰਦੀ ਹੈ। ਰੌਚਕ ਤੱਥ ਹੈ ਕਿ ੳਸ ਨੇ ਪਿੰਡ ਦੇ ਸਕੂਲ ’ਚ ਆਈਸੋਲੇਸ਼ਨ ਬਣਾਇਆ ਹੈ ਜਿੱਥੇ ਲੋੜ ਪੈਣ ਤੇ ਕਿਸੇ ਨੂੰ ਇਕਾਂਤਵਾਸ ’ਚ ਭੇਜਿਆ ਜਾ ਸਕਦਾ ਹੈ।
ਵਿਕਾਸ ਦਾ ਇਰਾਦਾ ਮਾਣ ਵਾਲੀ ਗੱਲ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਤਰੀ ਖੋਜ ਕੇਂਦਰ ਦੇ ਪ੍ਰੋਫੈਸਰ ਡਾ.ਜੀਤ ਸਿੰਘ ਜੋਸ਼ੀ ਦਾ ਕਹਿਣਾ ਸੀ ਕਿ ਭਾਵੇਂ ਪੰਚਾਇਤੀ ਰਾਜ ‘ਚ ਔਰਤਾਂ ਦੀ ਭੂਮਿਕਾ ਇਨਕਲਾਬੀ ਤਾਂ ਨਹੀਂ ਪ੍ਰੰਤੂ ਮਹਿਲਾ ਸਰਪੰਚਾਂ ਨੇ ਏਦਾਂ ਦੇ ਹੰਭਲੇ ਮਾਰੇ ਹਨ, ਜੋ ਨਵੀਂ ਸੰਭਾਵਨਾ ਦੇ ਰਾਹ ਖੋਲਣ ਵਾਲੇ ਹਨ। ਉਨਾਂ ਆਖਿਆ ਕਿ ਜਿਸ ਤਰਾਂ ਪਿੰਡ ਹਾੜਾ ਦੀ ਧੀਅ ਨੇ ਆਪਣੀ ਤਾਕਤ ਦਾ ਲੋਹਾ ਮੰਨਵਾਇਆ ਹੈ ਉਸ ਤੋਂ ਉਮੀਦ ਹੈ ਕਿ ਭਵਿੱਖ ’ਚ ਵੀ ਉਹ ਪਿੰਡ ਦੇ ਨਾਮ ਨੂੰ ਹੋਰ ਵੀ ਚਾਰ ਚੰਨ ਲਾਏਗੀ। ਉਨਾਂ ਆਖਿਆ ਕਿ ਇਹ ਮਾਣ ਵਾਲੀ ਗੱਲ ਹੈ ਕਿ ਸਰਪੰੰਚ ਪੱਲਵੀ ਠਾਕੁਰ ਨੇ ਪੇਂਡੂ ਵਿਕਾਸ ਵਿਚ ਨਵੀਆਂ ਮੰਜਲਾਂ ਨੂੰ ਛੋਹਣ ਦਾ ਇਰਾਦਾ ਧਾਰਿਆ ਹੈ।