ਅਸ਼ੋਕ ਵਰਮਾ
ਬਠਿੰਡਾ, 5 ਅਪ੍ਰੈਲ 2020 - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਰੋਨਾ ਵਾਇਰਸ ਦੇ ਹਨੇਰੇ ਨੂੰ ਰੌਸ਼ਨੀ ਦੀ ਤਾਕਤ ਨਾਲ ਹਰਾਉਣ ਦੀ ਲੋੜ ’ਤੇ ਜੋਰ ਦਿੰਦਿਆਂ ਅੱਜ ਸ਼ਾਮ 9 ਵਜੇ ਐਤਵਾਰ ਨੂੰ ਆਪਣੇ ਘਰਾਂ ਦੀਆਂ ਸਾਰੀਆਂ ਬੱਤੀਆਂ ਬੰਦ ਕਰਕੇ ਰਾਤ 9 ਮਿੰਟ ਤੱਕ ਦੀਵੇ, ਮੋਮਬੱਤੀਆਂ, ਟਾਰਚਾਂ ਜਾਂ ਮੋਬਾਈਲ ਫੋਨ ਦੀਆਂ ਫਲੈਸ਼ ਲਾਈਟਾਂ ਜਗਾਉਣ ਦੇ ਦਿੱਤੇ ਸੱਦੇ ਨੂੰ ਬਠਿੰਡਾ ਸੰਸਦੀ ਹਲਕੇ ਦੇ ਸ਼ਹਿਰੀ ਖੇਤਰਾਂ ’ਚ ਭਰਵਾਂ ਹੁੰਗਾਰਾ ਮਿਲਿਆ।
ਪੇਂਡੂ ਖੇਤਰਾਂ ’ਚ ਪ੍ਰਧਾਨ ਮੰਤਰੀ ਦਾ ਸੱਦਾ ਮਿਲਿਆ ਜੁਲਿਆ ਪ੍ਰਭਾਵ ਛੱਡ ਗਿਆ ਜਦੋਂ ਕਿ ਇਸ ਸੱਦੇ ਤੋਂ ਵਿਰੋਧੀ ਧਿਰਾਂ ਦੂਰ ਰਹੀਆਂ। ਪ੍ਰਧਾਨ ਮੰਤਰੀ ਨੇ ਆਖਿਆ ਸੀ ਕਿ ਕੇ ਕੋਰੋਨਾ ਖ਼ਿਲਾਫ਼ ਸਮੂਹ ਭਾਰਤੀ ਇਕ ਜੁੱਟਤਾ ਦਾ ਸੁਨੇਹਾ ਦੇਣ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਹੀ ਕੋਰੋਨਾ ਵਰਗੀ ਮਹਾਮਾਰੀ ਨੂੰ ਮਾਤ ਦਿੱਤੀ ਜਾ ਸਕਦੀ ਹੈ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਲੋਕਾਂ ਨੂੰ 22 ਮਾਰਚ ਨੂੰ ਜਨਤਾ ਕਰਫਿਊ ਰਾਹੀਂ ਘਰਾਂ ’ਚੋਂ ਹੀ ਥਾਲੀਆਂ ਖੜਕਾ ਕੇ ਜਾਂ ਹੋਰ ਸਾਧਨਾਂ ਨਾਲ ਕੋਰੋਨਾ ਖ਼ਿਲਾਫ਼ ਲੜਾਈ ਲੜਨ ਦੀ ਅਪੀਲ ਕੀਤੀ ਸੀ। ਬਜਰੰਗ ਦਲ ਦੇ ਆਗੂ ਸੰਦੀਪ ਅਗਰਵਾਲ ਦਾ ਕਹਿਣਾ ਸੀ ਕਿ ਲੌਕਡਾਊਨ ਦੌਰਾਨ ਬਠਿੰਡਾ ਵਾਸੀਆਂ ਨੇ ਜਿਸ ਤਰ੍ਹਾਂ ਅਨੁਸ਼ਾਸਨ ਦਿਖਾਇਆ ਉਸ ਨਾਲ ਇਹ ਲੜਾਈ ਜਿੱਤਣ ’ਚ ਕੋਈ ਸੰਦੇਹ ਨਹੀਂ ਰਹਿ ਗਿਆ ਹੈ।
ਉਨਾਂ ਲੋਕਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ ਦੀ ਅਪੀਲ ਕਰਦਿਆ ਕਿਹਾ ਕਿ ਉਨ੍ਹਾਂ ਅੱਜ ਜੋ ਆਪਣੀ ਇਕਜੁੱਟਤਾ ਦਿਖਾਈ ਹੈ ਉਸ ਨਾਲ ਇੱਕ ਨਵੀਂ ਕਿਸਮ ਦੀ ਊਰਜਾ ਦਾ ਸੰਚਾਰ ਹੋਇਆ ਹੈ। ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ 24 ਮਾਰਚ ਨੂੰ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ 21 ਦਿਨ ਦੇ ਲੌਕਡਾਊਨ ਦਾ ਐਲਾਨ ਕੀਤਾ ਸੀ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਕਰਫਿਊ ਲਾਗੂ ਕੀਤਾ ਗਿਆ ਹੈ।