ਮੋਹਾਲੀ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੋਧੇ ਹੋਏ ਹੁਕਮ ਜਾਰੀ
ਹਰਜਿੰਦਰ ਸਿੰਘ ਭੱਟੀ
- ਰਾਤ ਦਾ ਕਰਫਿਊ ਰੋਜ਼ਾਨਾ ਸ਼ਾਮ 8 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ
- ਐਤਵਾਰ ਦਾ ਕਰਫਿਊ ਰਹੇਗਾ ਜਾਰੀ
- ਸਾਰੀਆਂ ਦੁਕਾਨਾਂ ਸਵੇਰੇ 5 ਵਜੇ ਤੋਂ ਸ਼ਾਮ 7 ਵਜੇ ਦੇ ਵਿਚਕਾਰ ਖੁੱਲੀਆਂ ਰਹਿ ਸਕਦੀਆਂ ਹਨ
- ਸਾਰੇ ਈਟਿੰਗ ਪੁਆਇੰਟ, ਸਿਨੇਮਾ, ਜਿੰਮ, ਅਜਾਇਬ ਘਰ ਨੂੰ ਵੱਧ ਤੋਂ ਵੱਧ 50 ਫੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਆਗਿਆ
- ਬਾਰ, ਪੱਬ ਅਤੇ ਅਹਾਤੇ ਬੰਦ ਰਹਿਣਗੇ
- ਵਿਆਹ / ਸਸਕਾਰ ਸਬੰਧੀ ਵੱਧ ਤੋਂ ਵੱਧ 50 ਵਿਅਕਤੀਆਂ ਦੇ ਇਕੱਠ ਦੀ ਆਗਿਆ; ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਇਕੱਠਾਂ 'ਤੇ ਰਹੇਗੀ ਪਾਬੰਦੀ
ਐਸ.ਏ.ਐਸ.ਨਗਰ, 16 ਜੂਨ 2021 - ਮਿਤੀ 08.06.2021 ਨੂੰ ਜਾਰੀ ਕੀਤੇ ਗਏ ਪਿਛਲੇ ਹੁਕਮਾਂ ਦੀ ਨਿਰੰਤਰਤਾ ਅਤੇ ਅੰਸ਼ਕ ਸੋਧ ਵਿੱਚ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਗਿਰੀਸ਼ ਦਿਆਲਨ, ਆਈ.ਏ.ਐਸ ਵੱਲੋਂ ਸੀ.ਆਰ.ਪੀ.ਸੀ ਦੀ ਧਾਰਾ 144 ਅਧੀਨ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦਿਆਂ 16.06.2021 ਤੋਂ ਹੇਠ ਦਿੱਤੇ ਹੁਕਮ ਲਾਗੂ ਕੀਤੇ ਗਏ ਹਨ।
ਰਾਤ ਦਾ ਕਰਫਿਊ ਰੋਜ਼ਾਨਾ ਸ਼ਾਮ 8 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ, ਜਿਸ ਦੌਰਾਨ ਛੋਟਾਂ ਵਾਲੀ ਆਵਾਜਾਈ ਨੂੰ ਛੱਡ ਕੇ ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ 'ਤੇ ਸਖਤ ਮਨਾਹੀ ਹੋਵੇਗੀ।
ਐਤਵਾਰ ਦਾ ਕਰਫਿਊ ਸ਼ਨੀਵਾਰ ਨੂੰ ਸ਼ਾਮ 8 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤੱਕ ਰਹੇਗਾ, ਜਿਸ ਦੌਰਾਨ ਛੋਟ ਤੋਂ ਇਲਾਵਾ ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ਲਈ ਆਵਾਜਾਈ ਨੂੰ ਸਖਤ ਤੌਰ 'ਤੇ ਵਰਜਿਆ ਜਾਏਗਾ।
ਸਾਰੀਆਂ ਦੁਕਾਨਾਂ ਸਵੇਰੇ 5 ਵਜੇ ਤੋਂ ਸ਼ਾਮ 7 ਵਜੇ ਦੇ ਵਿਚਕਾਰ ਖੁੱਲੀਆਂ ਰਹਿ ਸਕਦੀਆਂ ਹਨ ਬਾਸ਼ਰਤੇ ਮਾਰਕੀਟ ਐਸੋਸੀਏਸ਼ਨਾਂ, ਮਾਲ ਮੈਨੇਜਮੈਂਟਸ, ਆਦਿ ਦੁਆਰਾ ਕੋਵਿਡ ਮੋਨੀਟਰਾਂ ਨਿਯੁਕਤ ਕੀਤੇ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਦੇ ਨਾਮ ਪ੍ਰਮੁੱਖਤਾ ਨਾਲ ਪ੍ਰਦਰਸ਼ਤ ਕੀਤੇ ਜਾਣਗੇ। ਇਹ ਕੋਵਿਡ ਮੋਨੀਟਰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਕੋਵਿਡ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਨਿੱਜੀ ਤੌਰ 'ਤੇ ਜ਼ਿੰਮੇਵਾਰ ਹੋਣਗੇ।
ਸਾਰੇ ਰੈਸਟੋਰੈਂਟ (ਸਮੇਤ ਹੋਟਲ), ਕੈਫੇ, ਕਾਫੀ ਸ਼ਾਪਸ, ਫਾਸਟ ਫੂਡ ਆਊਟਲੈਟਸ, ਢਾਬੇ ਆਦਿ, ਸਿਨੇਮਾ, ਜਿੰਮ, ਅਜਾਇਬ ਘਰ ਨੂੰ ਆਪਣੇ ਸਾਰੇ ਕਰਮਚਾਰੀਆਂ ਨੂੰ ਕੋਵਿਡ ਦੀ ਘੱਟੋ ਘੱਟ ਇਕ ਖੁਰਾਕ ਲਗਵਾਉਣ ਨਾਲ ਸਟਾਫ ਦੀ ਵੱਧ ਤੋਂ ਵੱਧ 50 ਫੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਇਜਾਜ਼ਤ ਹੋਵੇਗੀ।
ਰੈਸਟੋਰੈਂਟ / ਈਟਰਰੀਜ਼ ਘਰੇਲੂ ਸਪੁਰਦਗੀ ਅਤੇ ਟੇਕ ਅਵੇਅ ਲਈ ਰਾਤ 9 ਵਜੇ ਤੱਕ ਖੁੱਲ੍ਹ ਸਕਦੇ ਹਨ ਪਰ ਕਰਫਿਊ ਸਮੇਂ ਡਾਈਨ-ਇੰਨ 'ਤੇ ਪਾਬੰਦ ਰਹੇਗੀ। ਮਾਲਕ / ਪ੍ਰਬੰਧਨ 100 ਫੀਸਦੀ ਟੀਕਾਕਰਣ ਅਤੇ ਸਟਾਫ ਦੀ ਗਿਣਤੀ ਸਬੰਧੀ ਪਾਬੰਦੀਆਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕੋਵਿਡ ਮਾਨੀਟਰਾਂ ਦੀ ਨਿਯੁਕਤੀ ਕਰਨਗੇ। ਉਲੰਘਣਾਵਾਂ ਲਈ ਪ੍ਰਬੰਧਨ ਅਤੇ ਗਾਹਕ ਦੋਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ।
ਬਾਰ, ਪੱਬ ਅਤੇ ਅਹਾਤੇ ਬੰਦ ਰਹਿਣਗੇ।
ਵਿਆਹ / ਸਸਕਾਰ ਸਬੰਧੀ ਵੱਧ ਤੋਂ ਵੱਧ 50 ਵਿਅਕਤੀਆਂ ਦੇ ਇਕੱਠ ਦੀ ਆਗਿਆ ਹੈ। ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਇਕੱਠਾਂ 'ਤੇ ਪਾਬੰਦੀ ਰਹੇਗੀ।
ਨਾਨ- ਏ.ਸੀ. ਬੱਸਾਂ ਨੂੰ ਸਮਰੱਥਾ ਅਨੁਸਾਰ ਚਲਾਉਣ ਦੀ ਆਗਿਆ ਦਿੱਤੀ ਜਾਏਗੀ ਪਰ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਵਿਅਕਤੀ ਬਸ ਵਿੱਚ ਖੜਾ ਨਹੀਂ ਹੈ। ਏ.ਸੀ. ਬੱਸਾਂ ਨੂੰ ਵੱਧ ਤੋਂ ਵੱਧ 50 ਫੀਸਦੀ ਸਮਰੱਥਾ ਨਾਲ ਚਲਾਉਣ ਦੀ ਆਗਿਆ ਹੋਵੇਗੀ। ਇਹ ਹੁਕਮ ਪਹਿਲਾਂ ਹੀ ਘੋਸ਼ਿਤ ਕੀਤੇ ਕੰਨਟੇਨਮੈਂਟ ਖੇਤਰਾਂ ਅਤੇ ਸਮੇਂ-ਸਮੇਂ ਦੌਰਾਨ ਘੋਸ਼ਿਤ ਕੀਤੇ ਖੇਤਰਾਂ ਜਿਥੇ ਸਖਤ ਮਾਪਦੰਡਾਂ ਦੀ ਪਾਲਣਾ ਲਾਜ਼ਮੀ ਹੋਵੇਗੀ, 'ਤੇ ਲਾਗੂ ਨਹੀਂ ਹੋਣਗੇ ਅਤੇ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਵਿਅਕਤੀਆਂ ਦੀ ਆਵਾਜਾਈ 'ਤੇ ਪਾਬੰਦੀ ਰਹੇਗੀ।
ਕੋਈ ਵੀ ਉਲੰਘਣਾ ਕਰਨ 'ਤੇ ਆਫਤ ਪ੍ਰਬੰਧਨ ਐਕਟ 2005 ਅਤੇ ਭਾਰਤੀ ਦੰਡਾਵਲੀ ਨਿਯਮ 1860 ਦੀਆਂ ਸਬੰਧਤ ਧਾਰਾਵਾਂ ਤਹਿਤ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ।