ਹਰਿੰਦਰ ਨਿੱਕਾ
- ਵਿਧਾਇਕ ਦਲਵੀਰ ਸਿੰਘ ਗੋਲਡੀ, ਡੀ.ਸੀ., ਐਸ.ਐਸ.ਪੀ ਵੱਲੋਂ ਅਨਾਜ ਮੰਡੀ ਧੂਰੀ ਦਾ ਦੌਰਾ
ਸੰਗਰੂਰ, 17 ਅਪ੍ਰੈਲ 2020 - ਜਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਨਿਰਵਿਘਨ ਚੱਲ ਰਹੀ ਹੈ ਅਤੇ ਸਮੁੱਚੇ ਸੀਜ਼ਨ ਦੌਰਾਨ ਮੰਡੀਆਂ ਵਿੱਚ ਆਉਣ ਵਾਲੇ ਕਿਸਾਨਾਂ ਦੀ ਸੁਵਿਧਾ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਗਏ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਮਲੇਰਕੋਟਲਾ ਦੀ ਅਨਾਜ ਮੰਡੀ ਵਿਖੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਕੀਤਾ। ਉਨਾਂ ਮੰਡੀ ਵਿਖੇ ਆਪਣੀ ਫ਼ਸਲ ਵੇਚਣ ਪੁੱਜੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਮੰਡੀਆਂ ਵਿੱਚ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਵੀ ਯਕੀਨੀ ਬਣਾਇਆ ਜਾਵੇ। ਇਸ ਸਮੇਂ ਐਸ.ਐਸ.ਪੀ ਡਾ. ਸੰਦੀਪ ਗਰਗ ਅਤੇ ਉਪ ਮੰਡਲ ਮੈਜਿਸਟਰੇਟ ਵਿਕਰਮਜੀਤ ਸਿੰਘ ਪਾਂਥੇ ਵੀ ਉਨਾਂ ਦੇ ਨਾਲ ਸਨ।
ਡਿਪਟੀ ਕਮਿਸ਼ਨਰ ਵੱਲੋਂ ਅਨਾਜ ਮੰਡੀ ਧੂਰੀ ਵਿਖੇ ਵਿਧਾਇਕ ਦਲਵੀਰ ਸਿੰਘ ਗੋਲਡੀ ਸਮੇਤ ਦੌਰਾ ਕਰਦਿਆਂ ਕਣਕ ਦੀ ਆਮਦ ਅਤੇ ਖਰੀਦ ਦੇ ਨਾਲ ਨਾਲ ਜਿਣਸ ਦੀ ਮੰਡੀਆਂ ਵਿੱਚੋਂ ਸਮੇਂ ਸਿਰ ਚੁਕਾਈ ਲਈ ਕੀਤੇ ਪ੍ਰਬੰਧਾਂ ਦੀ ਸਮੀਖਿਆ ਵੀ ਕੀਤੀ। ਇਸ ਦੌਰਾਨ ਵਿਧਾਇਕ ਸ਼੍ਰੀ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਹਲਕੇ ਦੇ ਕਿਸਾਨਾਂ, ਆੜਤੀਆਂ, ਮਜ਼ਦੂਰਾਂ ਸਮੇਤ ਕਣਕ ਦੇ ਸੀਜ਼ਨ ਨਾਲ ਸਬੰਧਤ ਹਰੇਕ ਵਰਗ ਨੂੰ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਪ੍ਰਭਾਵਾਂ ਤੋਂ ਮੁਕਤ ਰੱਖਣ ਦੇ ਦਿੱਤੇ ਦਿਸ਼ਾ ਨਿਰਦੇਸ਼ਾਂ ਬਾਰੇ ਸਮੇਂ ਸਮੇਂ ਸਿਰ ਜਾਗਰੂਕ ਕਰਵਾਇਆ ਜਾ ਰਿਹਾ ਹੈ ਅਤੇ ਉਹ ਖੁਦ ਵੀ ਮੰਡੀਆਂ ਦੀ ਨਿਗਰਾਨੀ ਰੱਖ ਰਹੇ ਹਨ ਤਾਂ ਜੋ ਕਿਸੇ ਵੀ ਸਮੱਸਿਆ ਦੀ ਸੂਰਤ ਵਿੱਚ ਫੌਰੀ ਹੱਲ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਦੌਰਾਨ ਥੋਰੀ ਨੇ ਦੱਸਿਆ ਕਿ ਸਮੂਹ ਸਰਕਾਰੀ ਖਰੀਦ ਏਜੰਸੀਆਂ ਦੇ ਜ਼ਿਲਾ ਮੈਨੇਜਰਾਂ ਨਾਲ ਰੋਜ਼ਾਨਾ ਸਮੀਖਿਆ ਕਰਕੇ ਕਣਕ ਦੀ ਖਰੀਦ ਅਤੇ ਚੁਕਾਈ ਸਬੰਧੀ ਸਮੀਖਿਆ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਖਰੀਦ ਕਾਰਜਾਂ ਵਿੱਚ ਜੁਟੇ ਅਮਲੇ ਸਮੇਤ ਕਿਸਾਨਾਂ, ਆੜਤੀਆਂ, ਮਜ਼ਦੂਰਾਂ ਨੂੰ ਮਾਸਕ, ਸੈਨੇਟਾਈਜ਼ਰ, ਸਮਾਜਿਕ ਦੂਰੀ ਆਦਿ ਬਾਰੇ ਜਾਗਰੂਕ ਕਰਦੇ ਰਹਿਣ ਦੀ ਹਦਾਇਤ ਕੀਤੀ ਗਈ ਹੈ ਅਤੇ ਮੰਡੀਆਂ ਵਿੱਚ ਟਰੈਕਟਰ ਟਰਾਲੀਆਂ ਦੀ ਸੈਨੇਟਾਈਜੇਸ਼ਨ ਤੋਂ ਇਲਾਵਾ ਕੇਵਲ ਟੋਕਨ ਧਾਰਕਾਂ ਨੂੰ ਹੀ ਜਿਣਸ ਲਿਆਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਮੌਕੇ ਐਸ.ਡੀ.ਐਮ ਲਤੀਫ਼ ਅਹਿਮਦ ਵੀ ਮੌਜੂਦ ਸਨ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਵਧੀਕ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਵੱਲੋਂ ਅੱਜ ਸੁਨਾਮ, ਖਨੌਰੀ, ਮੂਨਕ, ਲਹਿਰਾ ਆਦਿ ਅਨਾਜ ਮੰਡੀਆਂ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਤ੍ਰਿਪਾਠੀ ਨੇ ਕਿਸਾਨਾਂ, ਆੜਤੀਆਂ ਤੇ ਮਜ਼ਦੂਰਾਂ ਨਾਲ ਵਿਸਤ੍ਰਿਤ ਗੱਲਬਾਤ ਕੀਤੀ ਅਤੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਸੁਰੱਖਿਅਤ ਢੰਗਾਂ ਬਾਰੇ ਦੱਸਿਆ। ਉਨਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਇਸ ਦੌਰਾਨ ਐਸ.ਡੀ.ਐਮ ਸੁਨਾਮ ਮਨਜੀਤ ਕੌਰ ਅਤੇ ਐਸ.ਡੀ.ਐਮ ਲਹਿਰਾਗਾਗਾ ਕਾਲਾ ਰਾਮ ਕਾਂਸਲ ਵੀ ਉਨਾਂ ਦੇ ਨਾਲ ਸਨ।