ਐਸ ਏ ਐਸ ਨਗਰ, 22 ਜੂਨ 2020: ਕੋਵਿਡ-19 ਮਹਾਂਮਾਰੀ ਨੂੰ ਖਤਮ ਕਰਨ ਲਈ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਅਤੇ ਜਿਲਾ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਕੋਸ਼ਿਸ਼ ਦੇ ਸਦਕਾ ਮਿਸ਼ਨ ਫਤਿਹ ਮੁਹਿੰਮ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਆਪਣੇ ਪੈਰ ਪਸਾਰ ਰਹੀ ਹੈ। ਇਸ ਮੁਹਿੰਮ ਵਿੱਚ ਰੁੁਪਿੰਦਰ ਕੌਰ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਦੀ ਸਰਪ੍ਰਸਤੀ ਹੇਠ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਯੂਥ ਕਲੱਬਾਂ ਦੇ ਵਲੰਟੀਅਰਾਂ ਵੱਲੋਂ ਆਪਣਾ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ।
ਸਹਾਇਕ ਡਾਇਰੈਕਟਰ ਵੱਲੋਂ ਵਲੰਟੀਅਰਾਂ, ਯੂਥ ਕਲੱਬ ਮੈਂਬਰਾਂ ਨੂੰ ਬੈਜ, ਪੈਂਫਲਟ ਅਤੇ ਕੋਵਾ ਐਪ ਡਾਊਨਲੋਡ ਕਰਨ ਲਈ ਪ੍ਰੇਰਿਤ ਕਰਕੇ ਮਿਸ਼ਨ ਫਤਿਹ ਦੇ ਯੋਧਿਆਂ ਵਜੋਂ ਘਰ-ਘਰ ਜਾ ਕੇ ਲੋਕਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ, ਸਾਬਣ ਨਾਲ ਹੱਥ 20 ਸੈਕਿੰਡ ਤੱਕ ਵਾਰ ਵਾਰ ਧੋਣ ਅਤੇ ਘਰੋਂ ਬਾਹਰ ਨਿਕਲਦੇ ਸਮੇਂ ਮਾਸਕ ਪਾਉਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੌਮੀ ਸੇਵਾ ਯੋਜਨਾ ਇਕਾਈਆਂ , ਰੈਡ ਰੀਬਨ ਕਲੱਬਾਂ ਦੇ ਵਲੰਟੀਅਰਾਂ ਵੱਲੋਂ ਵੀ ਆਪਣੇ ਪੱਧਰ ਤੇ ਵੀ ਕੰਮ ਕੀਤਾ ਜਾ ਰਿਹਾ ਹੈ ਅਤੇ ਘਰ-ਘਰ ਤੱਕ ਪਹੁੰਚ ਕਰਕੇ ਇਸ ਜਾਗਰੂਕਤਾ ਮੁਹਿੰਮ ਵਿੱਚ ਵਧ-ਚੜ੍ਹ ਕੇ ਹਿੱਸਾ ਪਾਇਆ ਜਾ ਰਿਹਾ ਹੈ।