ਮਨਿੰਦਰਜੀਤ ਸਿੱਧੂ
- ਪ੍ਰੋਫ਼ੈਸਰਾਂ ਦੇ ਯੂ-ਟਿਊਬ ਚੈਨਲਾਂ ਤੋਂ ਹੋਰਨਾਂ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਲਿਆ ਲਾਹਾ
ਜੈਤੋ, 29 ਅਪਰੈਲ 2020 - ਯੂਨੀਵਰਸਿਟੀ ਕਾਲਜ ਜੈਤੋ ਦੇ ਪ੍ਰੋਫ਼ੈਸਰਾਂ ਨੇ ਹਰ ਸਮੇਂ ਕਾਲਜ ਦੀਆਂ ਅਕਾਦਮਿਕ ਲੋੜਾਂ ਨੂੰ ਪੂਰਾ ਕਰਨ ਲਈ ਜੀਅ-ਜਾਨ ਲਾਈ ਹੈ। ਇਹ ਇਸੇ ਦਾ ਨਤੀਜਾ ਹੈ ਕਿ ਕਾਲਜ ਨੇ ਆਪਣੀ ਨੌਂ ਕੁ ਸਾਲਾਂ ਉਮਰ ਵਿਚ ਅੱਧੀ ਸਦੀ ਤੋਂ ਵੀ ਵੱਧ ਪੁਰਾਣੇ ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਦੇ ਬਰਾਬਰ ਆਪਣੀ ਪਛਾਣ ਬਣਾ ਲਈ ਹੈ। ਇਹ ਗੱਲ ਜੱਗ ਜ਼ਾਹਰ ਹੈ ਕਿ ਜਿਸ ਸੰਸਥਾ ਦੇ ਅਧਿਆਪਕ ਅਕਾਦਮਿਕ ਗਤੀਵਿਧੀਆਂ ਨੂੰ ਸਮਰਪਿਤ ਹੋਣ ਉਸ ਸੰਸਥਾ ਦਾ ਨਾਂਅ ਨਾਮੀਂ ਸੰਸਥਾਵਾਂ ਦੀ ਸੂਚੀ ਵਿਚ ਮੋਹਰੀ ਹੋਣਾ ਕੁਦਰਤੀ ਹੈ।
ਕੋਰੋਨਾ ਸੰਕਟ ਕਾਰਨ ਮਾਰਚ ਦੇ ਦੂਜੇ ਹਫ਼ਤੇ ਦੇ ਅੰਤ ’ਤੇ ਸਿਖਿਆ ਸੰਸਥਾਵਾਂ ਬੰਦ ਹੁੰਦੇ ਸਾਰ ਹੀ ਯੂਨੀਵਰਸਿਟੀ ਕਾਲਜ ਦੇ ਅਧਿਆਪਕਾਂ ਨੇ ਵੱਖ-ਵੱਖ ਜਮਾਤਾਂ ਦੇ ਵੱਟਸਐਪ ਗਰੁੱਪਾਂ ਰਾਹੀਂ ਆਪਣੇ ਵਿਦਿਆਰਥੀਆਂ ਨਾਲ ਸੰਪਰਕ ਸਾਧ ਲਿਆ ਸੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਯੂ-ਟਿਊਬ ਨੂੰ ਆਨਲਾਈਨ ਸਿੱਖਿਆ ਦਾ ਮਾਧਿਅਮ ਬਣਾਉਂਦੇ ਹੋਏ ਆਪਣੇ ਯੂ-ਟਿਊਬ ਚੈਨਲ ਬਣਾ ਕੇ ਆਪਣੇ ਵਿਦਿਆਰਥੀਆਂ ਤੋਂ ਇਲਾਵਾਂ ਹੋਰਨਾਂ ਕਾਲਜਾਂ ਦੇ ਵਿਦਿਆਰਥੀਆਂ ਦੀਆਂ ਅਕਾਦਮਿਕ ਲੋੜਾਂ ਪੂਰੀਆਂ ਵਾਲੇ ਪ੍ਰੋਫ਼ੈਸਰਾਂ ਵਿਚ ਡਾ. ਪਰਮਿੰਦਰ ਤੱਗੜ, ਡਾ. ਸਮਰਾਟ ਖੰਨਾ, ਡਾ. ਦਿਵਿਯਾ ਜਯੋਤੀ ਅਤੇ ਡਾ. ਗੁਰਬਿੰਦਰ ਕੌਰ ਬਰਾੜ ਦੇ ਨਾਂਅ ਸ਼ਾਮਲ ਹਨ ਜਿਨਾਂ ਦੇ ਯੂ-ਟਿਊਬ ਚੈਨਲ ਲਿੰਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣੀ ਵੈਬਸਾਈਟ ਦੇ ਈ-ਲਰਨਿੰਗ ਪੋਰਟਲ ’ਤੇੇ ਜਨਤਕ ਕੀਤੇ ਹਨ।
ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਡਾ. ਪਰਮਿੰਦਰ ਤੱਗੜ ਨਾਲ ਜਦ ਆਨਲਾਈਨ ਸੰਪਰਕ ਜ਼ਰੀਏ ਵਿਦਿਆਰਥੀਆਂ ਦੇ ਸਲੇਬਸ ਬਾਰੇ ਜਾਣਕਾਰੀ ਲੈਣੀ ਚਾਹੀ ਤਾਂ ਉਨਾਂ ਬੜੇ ਮਾਣ ਨਾਲ ਦੱਸਿਆ ਕਿ ਉਹ ਅਤੇ ਉਨਾਂ ਦੇ ਸਹਿਕਰਮੀ ਪ੍ਰੋ. ਸ਼ਿਲਪਾ ਕਾਂਸਲ, ਡਾ. ਸੁਭਾਸ਼ ਅਰੋੜਾ, ਡਾ. ਸਮਰਾਟ ਖੰਨਾ, ਡਾ. ਦਿਵਿਯਾ ਜਯੋਤੀ, ਪ੍ਰੋ. ਰੁਚਿਕਾ ਸੇਠ, ਇੰਸਟਰਕਟਰ ਮਨਦੀਪ ਕੌਰ ਅਤੇ ਰਜਨਦੀਪ ਕੌਰ ਅਤੇ ਸਮੂਹ ਗੈਸਟ ਫ਼ੈਕਲਟੀ ਨੇ ਆਪੋ-ਅਪਣੀ ਅਕਾਦਮਿਕ ਲਿਆਕਤ ਅਤੇ ਮੁਹਾਰਤ ਨਾਲ ਆਪਣੇ ਅਧੀਨ ਵਿਦਿਆਰਥੀਆਂ ਦਾ ਸਲੇਬਸ ਵੱਖ-ਵੱਖ ਆਨਲਾਈਨ ਸਾਧਨਾਂ ਜਿਵੇਂ ‘ਮੂਡਲ’, ਆਪਣੇ ਵੱਲੋਂ ਵੀਡੀਓ ਲੈਕਚਰ ਤਿਆਰ ਕਰਕੇ ਵੱਟਸਐਪ ਰਾਹੀਂ, ਜ਼ੂਮ ਐਪ, ਗੁਗਲ ਕਲਾਸਜ਼ ਆਦਿ ਜ਼ਰੀਏ ਪੂਰਾ ਕਰਵਾ ਦਿੱਤਾ ਹੈ।
ਡਾ. ਤੱਗੜ ਨੇ ਆਨਲਾਈਨ ਸਿੱਖਿਆ ਦੀ ਸਫ਼ਲਤਾ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਆਨਲਾਈਨ ਸਿਖਿਆ ਜਮਾਤ ਕਮਰਿਆਂ ਵਿਚ ਦਿੱਤੀ ਜਾਣ ਵਾਲੀ ਰਵਾਇਤੀ ਸਿੱਖਿਆ ਦਾ ਬਦਲ ਨਹੀਂ ਹੋ ਸਕਦੀ ਪ੍ਰੰਤੂ ਇਹ ਰਵਾਇਤੀ ਸਿਖਿਆ ਨੂੰ ਹੋਰ ਪ੍ਰਭਾਵਸ਼ਾਲੀ ਬਨਾਉਣ ਲਈ ਵਧੀਆ ਸਾਧਨ ਮੰਨਿਆ ਜਾ ਸਕਦਾ ਹੈ ਅਤੇ ਕਰੋਨਾ ਸੰਕਟ ਦੀ ਔਖੀ ਘੜੀ ‘ਚ ਇਸ ਨੇ ਬਹੁਤ ਸਾਥ ਦਿੱਤਾ ਹੈ।