ਪਰਵਿੰਦਰ ਸਿੰਘ ਕੰਧਾਰੀ
- ਫਿਰੋਜ਼ਪੁਰ ਛਾਉਣੀ ਤੋਂ ਸਪੈਸ਼ਲ ਟਰੇਨ ਰਾਹੀਂ ਲਖਨਊ, ਝਾਂਸੀ, ਮਥੁਰਾ (ਯੂ ਪੀ) ਦੇ ਸਟੇਸ਼ਨ ਤੱਕ ਜਾਣਗੇ
- ਜ਼ਿਲ੍ਹਾ ਅਧਿਕਾਰੀਆਂ ਨੇ (ਯੂ ਪੀ) ਦੇ ਲੋਕਾਂ ਦੇ ਚੰਗੇ ਸਫ਼ਰ ਲਈ ਕਾਮਨਾ ਕਰਕੇ ਰਵਾਨਾ ਕੀਤਾ
- ਵਾਪਸ ਜਾ ਰਹੇ ਮਜ਼ਦੂਰਾਂ ਨੇ ਜ਼ਿਲਾ ਪ੍ਰਸ਼ਾਸਨ/ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ (ਯੂ ਪੀ) ਦੇ ਵਾਪਸ ਜਾ ਰਹੇ ਲੋਕਾਂ ਨੂੰ ਦੋ ਵਕਤ ਦਾ ਖਾਣਾ ਤੇ ਹੋਰ ਸਮਾਨ ਸਫਰ ਲਈ ਦਿੱਤਾ
ਫਰੀਦਕੋਟ, 20 ਮਈ 2020 - ਪੰਜਾਬ ਸਰਕਾਰ ਵੱਲੋਂ ਰਾਜ ਵਿਚ ਦੂਜੇ ਰਾਜਾਂ ਦੇ ਵਸਨੀਕ ਜ਼ੋ ਕਿ ਕਰਫਿਊ ਜਾਂ ਲਾਕਡਾਊਨ ਦੌਰਾਨ ਜ਼ਿਲ੍ਹੇ ਵਿਚ ਫਸ ਗਏ ਸਨ ਉਨਾਂ ਨੂੰ ਉਨਾਂ ਦੇ ਗ੍ਰਹਿ ਰਾਜਾਂ ਵਿਚ ਵਾਪਿਸ ਭੇਜਣ ਲਈ ਵੱਡੀ ਪੱਧਰ 'ਤੇ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਜਿਸ ਤਹਿਤ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਰੀਦਕੋਟ ਜ਼ਿਲ੍ਹੇ ਵਿਚ ਯੂਪੀ ਅਤੇ ਹੋਰ ਰਾਜਾਂ ਨਾਲ ਸਬੰਧਤ ਵੱਡੀ ਗਿਣਤੀ ਵਿਚ ਉਥੋ ਦੇ ਵਸਨੀਕਾਂ ਨੂੰ ਉਨ੍ਹਾਂ ਦੇ ਪਿੱਤਰੀ ਰਾਜ ਵਿਚ ਵਾਪਸ ਭੇਜਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਬੱਸ ਅੱਡਾ ਫਰੀਦਕੋਟ ਤੋਂ ਤਿੰਨ ਬੱਸਾਂ ਯੂ.ਪੀ. ਦੇ ਮਜ਼ਦੂਰਾਂ ਨੂੰ ਲੈ ਕੇ ਫਿਰੋਜ਼ਪੁਰ ਲਈ ਰਵਾਨਾ ਕੀਤੀਆਂ ਗਈਆਂ।
ਉਪਮੰਡਲ ਮੈਜਿਸਟਰੇਟ ਸ੍ਰੀ ਪਰਮਦੀਪ ਸਿੰਘ ਵਲੋਂ ਅੱਜ ਇਥੋਂ ਦੇ ਬੱਸ ਸਟੈਂਡ ਤੋਂ ਪੀ ਆਰ ਟੀ ਸੀ ਦੀਆਂ 3 ਬੱਸਾਂ ਵਿਚ ਯੂ.ਪੀ. ਨਾਲ ਸਬੰਧਿਤ 63 ਲੋਕਾਂ ਨੂੰ ਫਿਰੋਜ਼ਪੁਰ ਲਈ ਰਵਾਨਾ ਕੀਤਾ ਗਿਆ ਜਿਥੋਂ ਇਹ ਲੋਕ ਸਪੈਸ਼ਲ ਰੇਲ ਗੱਡੀਆਂ ਰਾਹੀਂ ਲਖਨਊ, ਮਥੁਰਾ, ਝਾਂਸੀ ਆਦਿ ਸਟੇਸ਼ਨਾਂ ਤੱਕ ਜਾਣਗੇ। ਉਨ੍ਹਾਂ ਦੱਸਿਆ ਕਿ ਮਥੁਰਾ ਸਟੇਸ਼ਨ ਤੋਂ ਮੈਨਪੁਰੀ, ਫਿਰੋਜਾਬਾਦ, ਜਲੋਨ, ਝਾਂਸੀ, ਲਲਿਤਪੁਰ, ਆਗਰਾ ਅਤੇਲਖਨਊ ਸਟੇਸ਼ਨ ਤੋਂ ਹਰਦੋਈ, ਲਖਮੀਰਪੁਰ, ਕੇਹਰੀ, ਲਖਨਊ, ਰਾਏ ਬਰੇਲੀ, ਸੀਤਾਪੁਰ, ਉਨਾਉ ਆਦਿ ਜਿਲ੍ਹਿਆਂ ਦੇ ਲੋਕ ਜਾਣਗੇ। ਉਨ੍ਹਾਂ ਦੱਸਿਆ ਕਿ ਉਪਰੋਕਤ ਰੇਲ ਗੱਡੀਆਂ ਵਿੱਚ ਇਨ੍ਹਾਂ ਜਿਲ੍ਹਿਆਂ ਦੇ ਲੋਕ ਆਪਣੇ ਆਪਣੇ ਘਰਾਂ ਵਿੱਚ ਜਾ ਰਹੇ ਹਨ।
ਉਪਮੰਡਲ ਮੈਜਿਸਟਰੇਟ ਸ੍ਰੀ ਪਰਮਦੀਪ ਸਿੰਘ ਨੇ ਇਸ ਮੌਕੇ ਦੱਸਿਆ ਕਿ ਇਨਾਂ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਦੀ ਵੈਬ-ਸਾਈਟ ਤੇ ਆਪਣੇ ਆਪ ਨੂੰ ਰਜਿਸਟਰਡ ਕੀਤਾ ਗਿਆ ਸੀ ਜਾਂ ਸਬੰਧਤ ਐਸ ਡੀ ਐਮ ਦਫਤਰ ਵਿਚ ਇਸ ਸਬੰਧੀ ਅਰਜ਼ੀ ਦਿੱਤੀ ਸੀ ।ਜਿਸ ਉਪਰੰਤ ਸਿਹਤ ਵਿਭਾਗ ਦੀਆ ਵੱਖ ਵੱਖ ਟੀਮਾਂ ਵੱਲੋਂ ਇਨਾਂ ਦੀ ਥਰਮਲ ਸਕਰੀਨਿੰਗ ਤੋਂ ਇਲਾਵਾ ਸਿਹਤ ਜਾਂਚ ਕੀਤੀ ਗਈ ਅਤੇ ਇਹ ਸਾਰੇ ਹੀ 63 ਲੋਕ ਮੈਡੀਕਲ ਫਿੱਟ ਪਾਏ ਗਏ। ਉਨਾਂ ਦੱਸਿਆ ਕਿ ਅੱਜ ਸਵੇਰੇ ਫਰੀਦਕੋਟ,ਕੋਟਕਪੂਰਾ ਅਤੇ ਜੈਤੋ ਨਾਲ ਸਬੰਧਤ ਇਨਾਂ ਲੋਕਾਂ ਨੂੰ ਜ਼ੋ ਕਿ (ਯੂ ਪੀ) ਦੇ ਵੱਖ ਵੱਖ ਜਿਲ੍ਹਿਆਂ ਵਸਨੀਕ ਸਨ ਨੂੰ ਬੱਸ ਸਟੈਂਡ ਫਰੀਦਕੋਟ ਵਿਖੇ ਇੱਕਠਾ ਕੀਤਾ ਗਿਆ ਅਤੇ ਇਨਾਂ ਨੂੰ ਸਵੇਰੇ ਬਰੇਕ ਫਾਸਟ ਕਰਵਾਇਆ ਗਿਆ ਅਤੇ ਉਸ ਉਪਰੰਤ ਦੁਪਹਿਰ ਦਾ ਖਾਣਾ ਅਤੇ ਹੋਰ ਸੁੱਕਾ ਰਾਸ਼ਨ ਇਨਾਂ ਨੂੰ ਨਾਲ ਦਿੱਤਾ ਗਿਆ। ਉਨਾਂ ਨੇ ਇਨਾਂ ਸਮੂਹ ਯੂ.ਪੀ. ਦੇ ਨਾਗਰਿਕਾਂ ਨੂੰ ਇਥੋ ਰਵਾਨਾ ਕੀਤਾ ਅਤੇ ਉਨਾਂ ਦੇ ਚੰਗੇ ਸਫਰ ਲਈ ਸੁਭਕਾਮਨਾਵਾਂ ਦਿੱਤੀਆਂ।
ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਦੀ ਅਗਵਾਈ ਹੇਠ ਜਿਲ੍ਹਾ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਆਦੇਸ਼ਾਂ ਅਨੁਸਾਰ ਉਤਰਾਖੰਡ, ਰਾਜਸਥਾਨ, ਮੱਧ ਪ੍ਰਦੇਸ਼, ਝਾਰਖੰਡ, ਜੰਮੂ ਕਸ਼ਮੀਰ ਆਦਿ ਰਾਜਾਂ ਦੇ ਲੋਕਾਂ ਨੂੰ ਵਿਸ਼ੇਸ਼ ਬੱਸਾਂ ਅਤੇ ਰੇਲ ਗੱਡੀਆਂ ਰਾਹੀਂ ਉਨ੍ਹਾਂ ਦੇ ਪਿਤਰੀ ਰਾਜਾਂ ਵਿੱਚ ਵਾਪਸ ਭੇਜਿਆ ਜਾ ਚੁੱਕਾ ਹੈ ਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ।
ਇਸ ਮੌਕੇ ਵੱਡੀ ਗਿਣਤੀ ਵਿਚ ਮਜ਼ਦੂਰਾਂ ਨੇ ਦੱਸਿਆ ਕਿ ਉਹ ਕਰਫਿਊ ਤੇ ਲਾਕਡਾਊਨ ਕਾਰਨ ਆਪਣੇ ਘਰ ਵਾਪਸ ਜਾ ਰਹੇ ਹਨ ਅਤੇ ਜਦੋਂ ਵੀ ਹਾਲਾਤ ਆਮ ਵਰਗੇ ਹੋ ਗਏ ਤਾਂ ਉਹ ਵਾਪਸ ਫਰੀਦਕੋਟ ਆ ਕੇ ਆਪਣੇ ਕੰਮ ਕਾਰ ਵਿਚ ਫਿਰ ਜੁਟ ਜਾਣਗੇ।ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਵਿੱਚ ਹੁਣ ਹਾਲਾਤ ਆਮ ਵਰਗੇ ਹੋਣੇ ਸ਼ੁਰੂ ਹੋ ਗਏ ਹਨ ਤੇ ਉਨ੍ਹਾਂ ਦੇ ਕੁਝ ਸਾਥੀਆਂ ਨੇ ਵਾਪਸ ਘਰ ਜਾਣ ਦਾ ਪਲਾਨ ਕੈਂਸਲ ਕਰ ਦਿੱਤਾ ਹੈ।ਮਜਦੂਰਾਂ ਵੱਲੋਂ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਫਰੀਦਕੋਟ ਵੱਲੋਂ ਉਨਾਂ ਨੂੰ ਵਾਪਸ ਉਨਾਂ ਦੇ ਰਾਜ ਵਿਚ ਭੇਜਣ ਅਤੇ ਉਨਾਂ ਨੂੰ ਸਫਰ ਦੀਆਂ ਹੋਰ ਸੁੱਖ ਸਹੂਲਤਾਂ ਪ੍ਰਦਾਨ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਤੇ ਸਮੂਹ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਤੋਂ ਇਲਾਵਾ ਹੋਰ ਗਿਣਤੀ ਵਿਚ ਅਧਿਕਾਰੀ ਹਾਜ਼ਰ ਸਨ।