ਹਰੀਸ਼ ਕਾਲੜਾ
- ਕਿਸੇ ਤਰ੍ਹਾਂ ਦੇ ਵਿਸਾਖੀ ਮੇਲੇ ਵਿੱਚ ਸ਼ਾਮਿਲ ਹੋਣ ਦੀ ਨਹੀਂ ਹੋਵੇਗੀ ਇਜ਼ਾਜ਼ਤ
- 3 ਅਪ੍ਰੈਲ ਨੂੰ ਖੁੱਲ੍ਹਣਗੇ ਬੈਂਕ
ਰੂਪਨਗਰ, 02 ਅਪ੍ਰੈਲ 2020 - ਕੋਰੋਨਾ ਵਾਇਰਸ ਬਿਮਾਰੀ ਦੇ ਮੱਦੇਨਜਰ ਵੰਡਿਆ ਜਾਣ ਵਾਲਾ ਰਾਸ਼ਨ ਐਸ.ਡੀ.ਐਮ. ਦੀ ਨਿਗਰਾਨੀ ਹੇਠ ਯੋਜਨਾਬੱਧ ਤਰੀਕੇ ਦੇ ਨਾਲ ਵੰਡਿਆ ਜਾਵੇ ਤਾਂ ਕਿ ਕੋਈ ਵੀ ਜ਼ਰੂਰਤਮੰਦ ਰਾਸ਼ਨ ਤੋਂ ਵਾਝਾਂ ਨਾ ਰਹੇ ਅਤੇ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇ ਕਿ ਵੰਡੇ ਗਏ ਰਾਸ਼ਨ ਵਾਰ ਵਾਰ ਇੱਕ ਘਰ ਵਿੱਚ ਹੀ ਨਾ ਪਹੁੰਚੇ। ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੈਠਕ ਦੌਰਾਨ ਸਮੂਹ ਐਸ.ਡੀ.ਐਮਜ਼ ਅਤੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਦੀ ਜਾਣਕਾਰੀ ਲੈਣ ਦੌਰਾਨ ਇਹ ਗੱਲ ਕਹੀ।
ਉਨ੍ਹਾਂ ਨੇ ਕਿਹਾ ਕਿ ਹਰ ਤਰ੍ਹਾਂ ਦਾ ਰਾਸ਼ਨ ਐਸ.ਡੀ.ਐਮਜ਼ ਦੀ ਨਿਗਰਾਨੀ ਦੇ ਵਿੱਚ ਵੰਡਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਜਿਵੇਂ ਕਿ ਤਾਪਮਾਨ ਵੱਧ ਰਿਹਾ ਹੈ ਕੁੱਕਡ ਫੂਡ ਚੰਗੀ ਤਰ੍ਹਾਂ ਚੈੱਕ ਕਰ ਕੇ ਵੰਡਿਆ ਜਾਵੇ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ। ਉਨ੍ਹਾਂ ਨੇ ਕਿਹਾ ਕਿ ਘੱਟੋ ਘੱਟ ਇੱਕ ਹਫਤੇ ਦਾ ਰਾਸ਼ਨ 10 ਕਿਲੋ ਆਟਾ, 1 ਕਿਲੋ ਆਲੂ ਪਿਆਜ਼, ਦਾਲਾਂ ਅਤੇ ਹੋਰ ਜਰੂਰੀ ਸਮਾਨ ਵੰਡਣ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ 02 ਤਰ੍ਹਾਂ ਦੇ ਪ੍ਰਵਾਸੀ ਮਜ਼ਦੂਰ ਅਤੇ ਲੇਬਰ ਜ਼ਿਲ੍ਹੇ ਵਿੱਚ ਰਹਿ ਰਹੇ ਹਨ। ਇੱਕ ਉਹ ਹਨ ਜ਼ੋ ਪਹਿਲਾਂ ਤੋਂ ਇੱਥੇ ਰਹਿੰਦੇ ਹਨ ਅਤੇ ਕੰਮਕਾਜ ਕਰ ਕੇ ਆਪਣਾ ਗੁਜ਼ਾਰਾ ਕਰਦੇ ਸਨ। ਦੂਸਰੀ ਉਹ ਲੇਬਰ ਹੈ ਜੋ ਪਿੱਛਲੇ ਦਿਨਾਂ ਦੌਰਾਨ ਕੰਮ ਦੀ ਤਲਾਸ਼ ਵਿੱਚ ਆਏ ਸਨ। ਇਸ ਲਈ ਜਿਹੜੀ ਪਹਿਲਾਂ ਤੋਂ ਇੱਥੇ ਪ੍ਰਵਾਸੀ ਲੇਬਰ ਰਹਿ ਰਹੀ ਹੈ।
ਉਨ੍ਹਾਂ ਕੋਲ ਖਾਣਾ ਬਨਾਉਣ ਲਈ ਸਮਾਨ ਹੈ। ਉਨ੍ਹਾਂ ਨੂੰ ਡਰਾਈ ਰਾਸ਼ਨ ਵੰਡਿਆ ਜਾਵੇ। ਜਿਹੜੇ ਪਿਛਲੇ ਦਿਨਾਂ ਦੌਰਾਨ ਆਏ ਹਨ। ਉਨ੍ਹਾਂ ਕੋਲ ਖਾਣਾ ਬਣਾਉਣ ਦਾ ਕੋਈ ਸਾਧਨ ਨਹੀਂ ਹੈ। ਉਨ੍ਹਾਂ ਨੂੰ ਕੁਕਡ ਫੂਡ(ਬਣਿਆ ਖਾਣਾ) ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਨੀਲੇ ਕਾਰਡ ਧਾਰਕਾਂ ਨੂੰ ਇੱਕਠਾ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਪਿੰਡ ਵਾਸੀਆਂ ਨੇ ਖੁਦ ਨੂੰ ਇਕਾਂਤਵਾਸ ਰੱਖਿਆ ਹੋਇਆ ਹੈ। ਅਜਿਹੇ ਪਿੰਡਾਂ ਵਿੱਚ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਉਨ੍ਹਾਂ ਦੇ ਪਿੰਡਾਂ ਵਿੱਚ ਜਰੂਰੀ ਵਸਤੂਆਂ ਦੀ ਸਪਲਾਈ ਕਰਨ ਵਾਲਿਆਂ ਨੂੰ ਨਾ ਰੋਕਿਆ ਜਾਵੇ ਤਾਂ ਕਿ ਪਿੰਡ ਵਾਸੀਆਂ ਨੂੰ ਮੈਡੀਕਲ ਸਬੰਧੀ ਹਰ ਸਹੂਲਤ ਪ੍ਰਾਪਤ ਕਰਨ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ।
ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾਂ ਦੇ ਵਿਸਾਖੀ ਮੇਲੇ ਵਿੱਚ ਲੋਕਾਂ ਵੱਲੋਂ ਸ਼ਿਰਕਤ ਨਾ ਕੀਤੀ ਜਾਵੇ। ਜਿਲ੍ਹੇ ਵਿਚ ਮੇਲਿਆਂ ਵਿੱਚ ਨਾ ਜਾਣ ਲਈ ਪੂਰੀ ਤਰ੍ਹਾਂ ਨਾਲ ਸਖਤੀ ਵਰਤੀ ਜਾਵੇ ਅਤੇ ਟਰਾਲੀਆਂ ਅਤੇ ਹੋਰ ਮੋਟਰ ਗਡੀਆਂ ਤੇ ਪੂਰੀ ਤਰ੍ਹਾਂ ਨਾਲ ਨਾਕੇ ਲਗਾ ਕੇ ਰੋਕ ਲਗਾਈ ਜਾਵੇ।ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿੱਚ ਕਣਕ ਦੀ ਕਟਾਈ ,ਕੰਬਾਇਨਾਂ ਦੀ ਰਿਪੇਅਰ ਅਤੇ ਹੋਰ ਜਰੂਰੀ ਕੰਮ ਕਰਨ ਲਈ ਯੋਜਨਾਂ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 03 ਅਪ੍ਰੈਲ ਨੂੰ 11 ਤੋਂ 02 ਵਜੇ ਤੱਕ ਬੈਂਕ ਖੁੱਲੇ ਰਹਿਣਗੇ ਪਰ ਨੌਜਵਾਨਾਂ ਦੇ ਸਹਿਯੋਗ ਨਾਲ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਬੈਂਕਾਂ ਵਿੱਚ ਸ਼ੋਸ਼ਲ ਡਿਸਟੈਂਸ ਨੂੰ ਮੈਨਟੇਨ ਕੀਤਾ ਜਾਵੇ।
ਇਸ ਦੇ ਲਈ ਪਿੰਡ ਦੇ ਨੌਜਵਾਨ ਅਤੇ ਵਲੰਟੀਅਰਸ ਦੀ ਸਹਾਇਤਾ ਲਈ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿਚ ਬਾਹਰੋਂ ਆਉਣ ਵਾਲੇ ਵਿਅਕਤੀਆਂ ਦੇ ਲਈ ਪ੍ਰਾਈਮਰੀ ਅਤੇ ਹਾਇਰ ਸਕੂਲਾਂ ਨੂੰ ਕੁਆਰਨਟਾਇਨ ਸੈਂਟਰ ਵਜੋਂ ਇਸਤੇਮਾਲ ਕੀਤਾ ਜਾ ਸਕਦਾ ਹੈ। ਪਰ ਇਨ੍ਹਾਂ ਦੇ ਵਿੱਚ ਵਾਸ਼ਰੂਮ ਅਤੇ ਬਿਜ਼ਲੀ ਪਾਣੀ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਸਮੂਹ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਰਫਿਊ ਦੇ ਨਿਯਮਾਂ ਦਾ ਪਾਲਣਾ ਕੀਤਾ ਜਾਵੇ ਅਤੇ ਕਿਸੇ ਤਰ੍ਹਾਂ ਦੀ ਭੀੜ ਜਾਂ ਇੱਕਠ ਨਾ ਕੀਤਾ ਜਾਵੇ।