ਅਸ਼ੋਕ ਵਰਮਾ
ਬਠਿੰਡਾ, 8 ਮਈ 2020 - ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਪੰਜਾਬੀ ਗਾਇਕ ਰਣਜੀਤ ਬਾਵਾ ਖਿਲਾਫ ਧਾਰਾ 295-ਏ ਤਹਿਤ ਦਰਜ ਪਰਚੇ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਸਭਾ ਦੀ ਜਜ਼ਿਲ੍ਹਾ ਇਕਾਈ ਬਠਿੰਡਾ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ, ਜਨਰਲ ਸਕੱਤਰ ਪਿ੍ਰਤਪਾਲ ਸਿੰਘ ਤੇ ਪ੍ਰੈੱਸ ਸਕੱਤਰ ਸਕੱਤਰ ਡਾ ਅਜੀਤਪਾਲ ਸਿੰਘ ਨੇ ਕਿਹਾ ਕਿ ਗਾਇਕ ਬਾਵਾ ਨੇ ਆਪਣੇ ਗੀਤ ‘ ਜੇ ਮੈਂ ਮਾੜੇ ਘਰ ਜੰਮਿਆ ਤਾਂ ਮੇਰਾ ਕੀ ਕਸੂਰ ਹੈ ’ ਵਿੱਚ ਛੂਆਛਾਤ ਤੇ ਅੰਧਵਿਸ਼ਵਾਸਾਂ ‘ਤੇ ਉਂਗਲੀ ਉਠਾਈ ਹੈ ਅਤੇ ਇਹ ਗੀਤ ਲੋਕਾਂ ਅੰਦਰ ਫੈਲੇ ਭਰਮ ਭੁਲੇਖਿਆਂ ਨੂੰ ਦੂਰ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕਿਸੇ ਵੀ ਧਰਮ ਵਿਸ਼ੇਸ਼ ਨੂੰ ਨੀਵਾਂ ਦਿਖਾਉਣ ਵਾਲਾ ਕੁੱਝ ਨਹੀਂ ਬਲਕਿ ਕੱਟੜ ਅਤੇ ਅੰਧ ਵਿਸ਼ਵਾਸ਼ੀ ਤਾਕਤਾਂ ਦੇ ਦਬਾਅ ਹੇਠ ਆ ਕੇ ਜੇ ਸਰਕਾਰ ਬਾਵਾ ਖਿਲਾਫ ਕੇਸ ਦਰਜ ਕਰਦੀ ਹੈ ਤਾਂ ਇਹ ਸੰਵਿਧਾਨ ਦੀ ਧਾਰਾ 51-ਏ ਦੀ ਸ਼ਰੇਆਮ ਉਲੰਘਣਾ ਹੈ ਕਿਉਂਕਿ ਇਸ ਧਾਰਾ ਸਰਕਾਰ ਨੂੰ ਇਨਸਾਨੀਅਤ ਅਤੇ ਵਿਗਿਆਨਕ ਚਿੰਤਨ ਨੂੰ ਅੱਗੇ ਵਧਾਉਣ ਲਈ ਹੱਲਾਸ਼ੇਰੀ ਦੇਣ ਵਾਸਤੇ ਸੁਚੇਤ ਕਰਦੀ ਹੈ।
ਉਨ੍ਹਾਂ ਆਖਿਆ ਕਿ ਸਰਕਾਰ ਦੀ ਇਹ ਕਾਰਵਾਈ ਲੇਖਕਾਂ ਕਲਾਕਾਰਾਂ ਅਤੇ ਗਾਇਕਾਂ ਦੀ ਆਵਾਜ਼ ਨੂੰ ਦਬਾਉਣ ਲਈ ਇੱਕ ਸੋਚੀ ਸਮਝੀ ਸਾਜਿਸ਼ ਲਗਦੀ ਹੈ। ਆਗੂਆਂ ਨੇ ਕਿਹਾ ਕਿ ਗੀਤ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪੁਚਾਉਣ ਵਾਲੀ ਕੋਈ ਗੱਲ ਨਹੀਂ ਬਲਕਿ ਇਸ ਵਿੱਚ ਅਜੋਕੇ ਸਮੇਂ ਦੇ ਕੌੜੇ ਸੱਚ ਨੂੰ ਬਿਆਨ ਕੀਤਾ ਗਿਆ ਹੈ । ਉਨ੍ਹਾਂ ਆਖਿਆ ਕਿ ਧਾਰਮਿਕ ਸਥਾਨਾਂ ‘ਤੇ ਗਰੀਬਾਂ ਅਤੇ ਦਲਿਤਾਂ ਨਾਲ ਛੂਆਛਾਤ ਵਾਲਾ ਵਤੀਰਾ ਕਰਨ ਅਤੇ ਪਸ਼ੂਆਂ ਤੋਂ ਵੀ ਮਾੜਾ ਸਮਝਣ ਦੀ ਮਾਨਸਿਕਤਾ ਤੇ ਵਿਅੰਗ ਕੱਸਿਆ ਗਿਆ ਹੈ ਜਿਸ ਨੂੰ ਕਿਸੇ ਵੀ ਪੱਖੋਂ ਗ਼ਲਤ ਨਹੀਂ ਠਹਿਰਾਇਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਵਹਿਮਾਂ ਭਰਮਾਂ,ਜਾਦੂ ਟੂਣਿਆਂ ਤੇ ਅੰਧ ਵਿਸ਼ਵਾਸ਼ਾਂ ਨੂੰ ਧਰਮ ਨਾਲ ਜੋੜ ਦੇਣਾ ਸਹੀ ਗੱਲ ਨਹੀਂ ਹੈ। ਸਭਾ ਦੇ ਆਗੂਆਂ ਨੇ ਅੱਗੇ ਕਿਹਾ ਹੈ ਕਿ ਰਾਜ ਸੱਤਾ ਦੀ ਸ਼ਹਿ ਤੇ ਫਿਰਕੂ-ਫਾਸ਼ੀਵਾਦੀ ਤਾਕਤਾਂ ਵੱਲੋਂ ਲਿਖਣ, ਬੋਲਣ ਤੇ ਗਾਉਣ ਦੇ ਜਮਹੂਰੀ ਹੱਕਾਂ ਤੇ ਕੀਤੇ ਜਾ ਰਹੇ ਹਮਲਿਆਂ ਵਿਰੁੱਧ ਸਾਰੇ ਜਮਹੂਰੀਅਤ ਪਸੰਦ ਤੇ ਪ੍ਰਗਤੀਸ਼ੀਲ ਹਿੱਸਿਆਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।