ਅਸ਼ੋਕ ਵਰਮਾ
ਬਠਿੰਡਾ, 1 ਮਈ 2020 - ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਅੱਜ ਮਨੁੱਖਤਾ ਦੀ ਮਿਸਾਲ ਪੈਦਾ ਕਰਦਿਆਂ ਰੋਜ਼ਿਆਂ ਦੇ ਪਵਿੱਤਰ ਦਿਨਾਂ ਚ ਜੰਮੂ-ਕਸ਼ਮੀਰ ਨਾਲ ਸਬੰਧਤ ਬਠਿੰਡਾ ਵਿਖੇ ਰਹਿ ਰਹੇ 146 ਵਿਅਕਤੀਆਂ ਨੂੰ ਮੁਫ਼ਤ ਬੱਸਾਂ ਰਾਹੀਂ ਜੰਮੂ-ਕਸ਼ਮੀਰ ਲਈ ਰਵਾਨਾ ਕੀਤਾ ਗਿਆ।ਇੰਨਾਂ ਵਿਚ ਕੁਝ ਵਿਦਿਆਰਥੀ ਸਨ ਜਦ ਕਿ ਕੁਝ ਹੋਰ ਬਠਿੰਡਾ ਵਿਖੇ ਕੰਮ ਕਰਨ ਵਾਲੇ ਕਸ਼ਮੀਰੀ ਸਨ। ਰਮਜ਼ਾਨ ਦੇ ਤਿਉਹਾਰ ’ਤੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੀ ਇਸ ਪਹਿਲ ਲਈ ਜੰਮੂ-ਕਸ਼ਮੀਰ ਨਾਲ ਸਬੰਧਤ ਇਨਾਂ ਵਿਅਕਤੀਆਂ ਵੱਲੋਂ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ।
ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਕੋਵਿਡ-19 ਦੇ ਪ੍ਰਭਾਵ ਨੂੰ ਰੋਕਣ ਲਈ ਲਗਾਏ ਕਰਫ਼ਿਊ ਅਤੇ ਲਾਕਡਾਊਨ ਦੌਰਾਨ ਜੰਮੂ-ਕਸ਼ਮੀਰ ਨਾਲ ਸਬੰਧਤ ਇਹ ਵਿਅਕਤੀਆਂ ਇੱਥੇ ਫਸ ਗਏ ਸਨ। ਉਨਾਂ ਕਿਹਾ ਕਿ ਅੱਜ ਇਨਾਂ ਵਿਅਕਤੀਆਂ ਨੂੰ 5 ਬੱਸਾਂ ਵਿੱਚ ਜੰਮੂ-ਕਸ਼ਮੀਰ ਲਈ ਰਵਾਨਾ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਲਖਨਪੁਰ ਬੈਰੀਅਰ ਤੱਕ ਬੱਸਾਂ ਰਾਹੀਂ ਪਹੁੰਚਾਇਆ ਜਾ ਰਿਹਾ ਹੈ, ਤਾਂ ਜੋ ਕਰਫਿਊ ਦੌਰਾਨ ਇਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਘਰ ਵਾਪਸੀ ਕਰ ਰਹੇ ਇਨਾਂ ਵਿਅਕਤੀਆਂ ਨੇ ਜਿਥੇ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ, ਉਥੇ ਸਹੂਲਤਾਂ ਮੁਹੱਈਆ ਕਰਵਾਉਣ ’ਤੇ ਜ਼ਿਲਾ ਪ੍ਰਸ਼ਾਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੂੰ ਅੱਜ ਘਰ ਵਾਪਸ ਜਾਣ ਦੀ ਬਹੁਤ ਖੁਸ਼ੀ ਹੈ। ਉਨਾਂ ਨੂੰ ਕਰਫਿਊ ਦੌਰਾਨ ਜਿਥੇ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ ਗਈਆਂ, ਉਥੇ ਅੱਜ ਬੱਸਾਂ ਰਾਹੀਂ ਮੁਫ਼ਤ ਘਰ ਭੇਜਿਆ ਜਾ ਰਿਹਾ ਹੈ, ਜਿਸ ਲਈ ਉਹ ਪੰਜਾਬ ਸਰਕਾਰ ਦੇ ਧੰਨਵਾਦੀ ਹਨ।
ਯਾਤਰੂਆਂ ਦਾ ਕਹਿਣਾ ਸੀ ਕਿ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋਏ ਅੱਜ 7ਵਾਂ ਦਿਨ ਹੈ ਅਤੇ ਉਹ ਹਰ ਰੋਜ਼ ਦੁਆ ਕਰਦੇ ਸਨ ਕਿ ਆਪਣੇ ਘਰ ਜਾ ਕੇ ਰੋਜ਼ਾ ਰੱਖੀਏ। ਉਨਾਂ ਦੱਸਿਆ ਕਿ ਅੱਜ ਘਰ ਜਾਣ ਵੇਲੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਪਰਿਵਾਰ ਨੂੰ ਮਿਲਣ ਦਾ ਬਹੁਤ ਚਾਅ ਹੈ।
ਇਸ ਮੌਕੇ ਮੁਹੰਮਦ ਅਸ਼ਰਫ ਨੇ ਦੱਸਿਆ ਕਿ ਇੰਨਾਂ ਲੋਕਾਂ ਨੂੰ ਰੋਜਾ ਖੋਲ੍ਹਣ ਲਈ ਦਰਗਾਹ ਹਾਜੀਰਤਨ ਵੱਲੋਂ ਇਤਫਾਰੀ ਦਾ ਸਮਾਨ ਵੀ ਦਿੱਤਾ ਗਿਆ ਤਾਂ ਜੋ ਰਾਸਤੇ ਵਿਚ ਜਦ ਰੋਜਾ ਖੋਲ੍ਹਣ ਦਾ ਸਮਾਂ ਆਵੇ ਤਾਂ ਇਹ ਲੋਕ ਆਪਣੀਆਂ ਧਾਰਮਿਕ ਰਹੁ ਰੀਤਾਂ ਅਨੁਸਾਰ ਰੋਜਾ ਖੋਲ੍ਹ ਸਕਣ। ਉਨਾਂ ਨੇ ਇੰਨਾਂ ਲੋਕਾਂ ਦੀ ਘਰ ਵਾਪਸੀ ਲਈ ਪੰਜਾਬ ਸਰਕਾਰ ਵੱਲੋਂ ਮਦਦ ਕਰਵਾਉਣ ਲਈ ਵਿਸੇਸ਼ ਤੌਰ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਧੰਨਵਾਦ ਵੀ ਕੀਤਾ।