ਸੰਜੀਵ ਸੂਦ
ਲੁਧਿਆਣਾ, 24 ਅਪ੍ਰੈਲ 2020 - ਪੰਜਾਬ ਸਰਕਾਰ ਵੱਲੋਂ ਜਿੱਥੇ ਕਣਕ ਦੀ ਖਰੀਦ ਲਈ ਲਗਾਤਾਰ ਮੰਡੀ ਬੋਰਡ ਅਤੇ ਜ਼ਿਲ੍ਹੇ ਦੇ ਅਫ਼ਸਰਾਂ ਦੀ ਡਿਊਟੀਆਂ ਲਈਆਂ ਜਾ ਰਹੀਆਂ ਨੇ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਪੰਜ ਆਈਏਐੱਸ ਅਫਸਰਾਂ ਦੀ ਵੀ ਦੇ ਵਿਸ਼ੇਸ਼ ਤੌਰ 'ਤੇ ਡਿਊਟੀ ਲਾਈ ਗਈ ਹੈ ਤਾਂ ਜੋ ਉਹ ਕਣਕ ਦੀ ਖ਼ਰੀਦ 'ਤੇ ਨਜ਼ਰਸਾਨੀ ਰੱਖਣ। ਲੁਧਿਆਣਾ, ਸੰਗਰੂਰ ਅਤੇ ਮੋਗਾ ਜ਼ਿਲ੍ਹਾ ਰਵੀ ਭਗਤ ਨੂੰ ਦਿੱਤਾ ਗਿਆ ਹੈ। ਜਿਨ੍ਹਾਂ ਵੱਲੋਂ ਲੁਧਿਆਣਾ ਮੰਡੀ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ ਨਾਲ ਹੀ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਵੀ ਗੱਲਬਾਤ ਕੀਤੀ ਗਈ ਹੈ।
ਰਵੀ ਭਗਤ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਡਿਊਟੀ ਵਿਸ਼ੇਸ਼ ਤੌਰ 'ਤੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਨੂੰ ਵਾਚਣ ਦੀ ਲਈ ਲਾਈ ਗਈ ਹੈ ਜਿਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਵੱਖ ਵੱਖ ਮੰਡੀਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਹੁਣ ਤੱਕ 24 ਲੱਖ ਮੀਟਰਿਕ ਟਨ ਦੀ ਖਰੀਦ ਹੋ ਚੁੱਕੀ ਹੈ ਅਤੇ 5 ਲੱਖ ਕਿਸਾਨਾਂ ਨੂੰ ਪਾਸ ਜਾਰੀ ਕੀਤੇ ਜਾ ਚੁੱਕੇ ਨੇ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨਾਲ ਗੱਲਬਾਤ ਕਰਕੇ ਮੰਡੀਆਂ ਵਿੱਚ ਸਪੇਸ ਬਾਰੇ ਵੀ ਲਗਾਤਾਰ ਜਾਣਕਾਰੀ ਲਈ ਜਾ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਹੋਰ ਪਾਸ ਮੁਹੱਈਆ ਕਰਵਾਏ ਜਾ ਸਕਣ। ਰਵੀ ਭਗਤ ਨੇ ਵੀ ਦੱਸਿਆ ਕਿ ਮੰਡੀਆਂ ਦੇ ਵਿੱਚ ਆਪਸੀ ਦਾਇਰਾ ਅਤੇ ਸੈਨੀਟਾਈਜ਼ਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।