ਪੂਲਡ ਵਿਧੀ ਦੇ ਉਤਸ਼ਾਹਜਨਕ ਨਤੀਜੇ ਸਾਹਮਣੇ ਆਏ
ਪੂਲਡ ਵਿਧੀ ਨਾਲ ਹੋਵੇਗਾ ਟੈਸਟ ਸਮਰੱਥਾ ਵਿੱਚ 3 ਤੋਂ 4 ਗੁਣਾ ਵਾਧਾ
ਚੰਡੀਗੜ੍ਹ,15 ਅਪ੍ਰੈਲ 2020: ਪੰਜਾਬ ਰਾਜ ਦੀਆਂ ਵਾਇਰਲ ਰਿਸਰਚ ਡਾਇਗਨੋਸਟਿਕ ਲੈਬ (ਵੀ.ਆਰ.ਡੀ.ਐਲ) ਵਿੱਚ ਕੋਵਿਡ 19 ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਲਈ ਪੂਲਡ ਵਿਧੀ ਸ਼ੁਰੂ ਕੀਤੀ ਗਈ ਜਿਸ ਦੇ ਨਤੀਜੇ ਬਹੁਤ ਹੀ ਜ਼ਿਆਦਾ ੳੁਤਸ਼ਾਹਜਨਕ ਹਨ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਦੱਸਿਆ ਕਿ
ਪੰਜਾਬ ਰਾਜ ਦੀਆਂ ਵੀ.ਆਰ.ਡੀ.ਐਲ. ਲੈਬਾਂ ਵਲੋਂ ਜੋ ਪੂਲਡ ਟੈਸਟਿੰਗ ਰਾਹੀਂ ਮੁਲਾਂਕਣ ਉਨ੍ਹਾਂ ਵਿਚੋਂ ਕੋਈ ਵੀ ਨਤੀਜਾ ਗਲਤ ਨਹੀਂ ਮਿਲਿਆ ।
ਇਸ ਵਿਧੀ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਸੋਨੀ ਨੇ ਦੱਸਿਆ ਕਿ ਇਸ ਵਿਧੀ ਅਨੁਸਾਰ ਟੈਸਟਿੰਗ ਐਲਗੋਰਿਦਮ ਵਿੱਚ ਇੱਕ ਤੋਂ ਵਧੇਰੇ ਮਰੀਜ਼ਾਂ ਦੇ ਨਮੂਨਿਆਂ ਦੇ ਪੂਲ ਕੀਤੇ ਨਮੂਨਿਆਂ ਨੂੰ ਸ਼ਾਮਲ ਕਰਕੇ ਜਾਂਚ ਕੀਤੀ ਜਾਂਦੀ ਹੈ ਅਤੇ ਜੇਕਰ ਇਸ ਪੂਲਡ ਟੈਸਟ ਦਾ ਨਤੀਜਾ ਪਾਸਟਿਵ ਆ ਜਾਵੇ ਤਾਂ
ਇਸ ਤੋਂ ਬਾਅਦ ਪੂਲ ਵਿੱਚ ਸ਼ਾਮਲ ਵਿਅਕਤੀਆਂ ਦੇ ਵਿਅਕਤੀਗਤ ਟੈਸਟ ਕੀਤੇ ਜਾਂਦੇ ਹਨ। ਰਿਪੋਰਟ ਨੈਗੇਟਿਵ ਹੋਣ ਦੀ ਸਥਿਤੀ ਵਿਚ ਟੈਸਟ ਵਿਚ ਸ਼ਾਮਿਲ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਐਲਾਨ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਪੂਲਡ ਟੈਸਟਿੰਗ ਨਮੂਨਿਆਂ ਵਿੱਚ ਵਾਇਰਸ ਦੀ ਜਾਂਚ ਬਹੁਤ ਸਟੀਕਤਾ ਨਾਲ ਹੋ ਰਹੀ ਹੈ ਜਿਸ ਸਦਕਾ ਮੌਜੂਦਾ ਸਰੋਤਾਂ ਨਾਲ ਹੀ ਟੈਸਟਿੰਗ ਸਮਰੱਥਾ ਵਿੱਚ 3 ਤੋਂ 4 ਗੁਣਾ ਵਾਧਾ ਹੋਵੇਗਾ।
ਮੰਤਰੀ ਨੇ ਕਿਹਾ ਕਿ ਜਰਮਨੀ ਅਤੇ ਇਜ਼ਰਾਈਲ ਦੇ ਖੋਜਕਾਰਾਂ ਨੇ ਇਸ ਵਿਧੀ ਦੀ ਪਹਿਲਾਂ ਹੀ ਪੁਸ਼ਟੀ ਕਰ ਦਿੱਤੀ ਹੈ ਅਤੇ ਆਈ. ਸੀ. ਐਮ. ਆਰ ਨੇ ਪੂਲਡ ਟੈਸਟਿੰਗ ਸਬੰਧੀ 13 ਅਪ੍ਰੈਲ ਨੂੰ ਸਲਾਹ ਜਾਰੀ ਕੀਤੀ ਸੀ ਇਸ ਵਿਧੀ ਦੀ ਵਰਤੋਂ ਕਿਵੇਂ ਕਰਨੀ ਹੈ । ਇਨ੍ਹਾਂ ਹਦਾਇਤਾਂ ਦੀ ਪਾਲਣਾ ਪੰਜਾਬ ਦੀਆਂ ਵੀ.ਆਰ.ਡੀ. ਲੈਬਸ ਵਲੋਂ ਹੁਬਹੂ ਕੀਤੀ ਜਾ ਰਹੀ ਹੈ ਅਤੇ ਤੁਰੰਤ ਇਸ ਦਿਸ਼ਾ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ , ਇਸ ਨਾਲ ਨਾ ਕੇਵਲ ਲਾਗਤਾਂ ਬਲਕਿ ਟੈਸਟ ਕਿੱਟਾਂ ਦੀ ਬੱਚਤ ਹੋ ਰਹੀ ਹੈ, ਜੋ ਕਿ ਸੰਸਾਰ ਭਰ ਵਿੱਚ ਸੀਮਤ ਸਪਲਾਈ ਵਿੱਚ ਹਨ।
ਮੈਡੀਕਲ ਸਿੱਖਿਆ ਮੰਤਰੀ ਸ੍ਰੀ ਓ ਪੀ ਸੋਨੀ ਨੇ ਪ੍ਰਯੋਗਸ਼ਾਲਾਵਾਂ ਵਿੱਚ ਦਿਨ ਰਾਤ ਮਿਹਨਤ ਕਰਨ ਵਾਲੇ ਡਾਕਟਰਾਂ ਅਤੇ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਕਨੀਕ ਦਾ ਸਫ਼ਲ ਤਜਰਬਾ ਕਰਕੇ ਉਨ੍ਹਾਂ ਨੇ ਸੂਬਾ ਵਾਸੀਆਂ ਨੂੰ ਸਿਹਤ ਸੁਰੱਖਿਆ ਦੇਣ ਦੀ ਦਿਸ਼ਾ ਵਿਚ ਵੱਡਾ ਕੰਮ ਕੀਤਾ ਹੈ ਸਗੋਂ ਨਾਲ ਕੀਮਤੀ ਵਸੀਲਿਆਂ ਦੀ ਵੀ ਬੱਚਤ ਕਰਨ ਲਈ ਕੰਮ ਕੀਤਾ ਹੈ।