ਹਰੀਸ਼ ਕਾਲੜਾ
ਰੂਪਨਗਰ, 18 ਅਪ੍ਰੈਲ 2020 - ਕਿਸਾਨਾਂ ਨੂੰ ਜਾਰੀ ਕੀਤੇ ਜਾ ਰਹੇ ਟੋਕਨ ਰਾਹੀਂ ਫਸਲ ਮੰਡੀਆਂ ਵਿੱਚ ਲਿਆਂਦੀ ਜਾਵੇ। ਇਹ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ.ਪੀ. ਸਿੰਘ ਨੇ ਅੱਜ ਭਰਤਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਸਰਕਾਰ ਵੱਲੋਂ ਖਰਿਦਿਆ ਜਾਵੇਗਾ।ਇਸ ਮੌਕੇ ਤੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਅਤੇ ਐਸ ਐਸ ਪੀ ਸਵਪਨ ਸ਼ਰਮਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਮੰਡੀਆਂ ਵਿੱਚ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸਵੇਰ ਦੇ ਸਮੇਂ ਕਿਸਾਨਾਂ ਵੱਲੋਂ ਲਿਆਂਦੀ ਗਈ ਫਸਲ ਦੀ ਸਮੇਂ ਸਿਰ ਲਿਫਟਿੰਗ ਅਤੇ ਅਦਾਇਗੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿਸਾਨ ਮੰਡੀਆਂ ਵਿੱਚ ਭੀੜ ਬਿਲਕੁਲ ਇੱਕਠੀ ਨਾ ਹੋਣ ਦੇਣ। ਇੱਕ ਟਰਾਲੀ ਤੇ ਇੱਕ ਹੀ ਕਿਸਾਨ ਮੰਡੀ ਵਿੱਚ ਆਵੇ ਅਤੇ ਸ਼ੋਸ਼ਲ ਡਿਸਟੈਂਸ ਦਾ ਖਾਸ ਧਿਆਨ ਰੱਖਿਆ ਜਾਵੇ । ਉਨ੍ਹਾਂ ਨੇ ਕਿਹਾ ਕਿ ਸਾਰੇ ਕਿਸਾਨ ਮਾਸਕ ਜਰੂਰ ਪਾਉਣ ਅਤੇ ਜ਼ਿਨ੍ਹਾਂ ਹੋ ਸਕੇ ਆਪਣੇ ਹੱਥਾਂ ਨੂੰ ਸੈਨੀਟਾਈਜਰ ਅਤੇ ਸਾਬਣ ਨਾਲ ਧੋ ਕੇ ਰੱਖਣ। ਉਨ੍ਹਾਂ ਨੇ ਕਿਹਾ ਕਿ ਕਿਸਾਨ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਕਾਹਲੀ ਨਾ ਕਰਨ। ਕਿਸਾਨਾਂ ਦੀ ਸਾਰੀ ਫਸਲ ਨੂੰ ਖਰਿਦਿਆ ਜਾਵੇਗਾ ਭਾਵੇਂ ਇਸ ਵਿੱਚ ਥੋੜਾ ਸਮਾਂ ਵੱਧ ਲੱਗੇਗਾ। ਫਿਰ ਵੀ ਕਿਸਾਨ ਦੀ ਫਸਲ ਦੇ ਇੱਕ ਇੱਕ ਦਾਣੇ ਦਾ ਮੁੱਲ ਕਿਸਾਨਾਂ ਨੂੰ ਦਿੱਤਾ ਜਾਵੇਗਾ।
ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਬੁਖਾਰ, ਖਾਂਸੀ ਜਾਂ ਜੁਕਾਮ ਹੈ ਤਾਂ ਉਹ ਮੰਡੀ ਵਿਚ ਨਾ ਆਵੇ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਜੋ ਆਦੇਸ਼ ਦਿੱਤੇ ਗਏ ਹਨ ਉਹ ਕਿਸਾਨਾਂ ਦੀ ਸਿਹਤ, ਸੁਰੱਖਿਆ ਨੂੰ ਮੁੱਖ ਰੱਖ ਕੇ ਹੀ ਦਿੱਤੇ ਗਏ ਹਨ, ਇਸ ਲਈ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਮੈੰਬਰ ਜ਼ਿਲ੍ਹਾ ਪ੍ਰੀਸ਼ਦ ਨਰਿੰਦਰ ਪੁਰੀ, ਸਰਪੰਚ ਸੁਖਦੀਪ ਸਿੰਘ, ਗੁਰਨਾਮ ਸਿੰਘ ਝੱਜ, ਸਰਪੰਚ ਜਸਵਿੰਦਰ ਸਿੰਘ, ਸਾਬਕਾ ਸਰਪੰਚ ਯੌਗੇਸ਼ ਪੁਰੀ, ਜੀ.ਓ. ਜੀ. ਬਲਵੀਰ ਸਿੰਘ, ਮਨਜੀਤ ਸਿੰਘ ਭਾਓਵਾਲ, ਇੰਸਪੈਕਟਰ ਭਾਵਨਾ, ਇੰਸ. ਕੁਲਜੀਤ ਸਿੰਘ, ਇੰਚਾਰਜ ਹਰਬੰਸ ਸਿੰਘ, ਨੰਬਰਦਾਰ ਦੀਦਾਰ ਸਿੰਘ, ਹਰਕਿਰਪਾਲ ਸਿੰਘ ਰਾਣਾ, ਮੰਗਤ ਰਾਮ ਆਦਿ ਵੀ ਹਾਜ਼ਰ ਸਨ।