ਅਸ਼ੋਕ ਵਰਮਾ
ਬਠਿੰਡਾ, 14 ਮਈ 2020 - ਦਿਹਾਤੀ ਮਜ਼ਦੂਰ ਸਭਾ ਦੀ ਬਠਿੰਡਾ ਜ਼ਿਲ੍ਹਾ ਕਮੇਟੀ ਵੱਲੋਂ ਗਰੀਬਾਂ ਨੂੰ ਸਰਕਾਰੀ ਰਾਸ਼ਨ ਵੰਡਣ ਸਮੇਂ ਕੀਤੇ ਜਾਂਦੇ ਪੱਖਪਾਤ ਨੂੰ ਲੈ ਕੇ ਆਉਂਦੀ 20 ਮਈ ਨੂੰ ਪੰਜਾਬ ਸਰਕਾਰ ਵਿਰੁੱਧ ਜੋਰਦਾਰ ਰੋਸ ਐਕਸ਼ਨ ਕੀਤੇ ਜਾਣਗੇ। ਅੱਜ ਨਰੂਆਣਾ, ਜੈ ਸਿੰਘ ਵਾਲਾ, ਫੁੱਲੋ ਮਿੱਠੀ ਅਤੇ ਜੱਸੀ ਬਾਗ ਵਾਲੀ ਵਿਖੇ ਸਰਕਾਰੀ ਰਾਸ਼ਨ ਤੋਂ ਵਾਂਝੇ ਮਜਦੂਰਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸਭਾ ਦੇ ਜਿਲਾ ਪ੍ਰਧਾਨ ਮਿੱਠੂ ਸਿੰਘ ਘੁੱਦਾ ਅਤੇ ਜਨਰਲ ਸਕੱਤਰ ਪ੍ਰਕਾਸ਼ ਸਿੰਘ ਨੰਦਗੜ ਨੇ ਦੋਸ਼ ਲਾਇਆ ਕਿ ਅਫਸਰਸ਼ਾਹੀ ਵਿਚਲੇ ਸਵਾਰਥੀ ਤੱਤ, ਪਿੰਡਾਂ ਵਿਚਲੇ ਬਾਰਸੂਖ ਲੋਕਾਂ ਨਾਲ ਮਿਲੀਭੁਗਤ ਕਰਦਿਆਂ ਗਰੀਬਾਂ ਨਾਲ ਰਾਸ਼ਨ ਵੰਡ ਸਮੇਂ ਘੋਰ ਵਿਤਕਰਾ ਕਰਦੇ ਹਨ।
ਉਨ੍ਹਾਂ ਕਿਹਾ ਕਿ ਬੀਤੀ ਕੱਲੵ ਜਦੋਂ ਜਥੇਬੰਦੀ ਦਾ ਵਫਦ ਅਤੇ ਵੱਖੋ-ਵੱਖ ਪਿੰਡਾਂ ਦੇ ਪੀੜਤ ਲੋਕ ਇਸ ਸਮੱਸਿਆ ਦੇ ਯੋਗ ਹੱਲ ਲਈ ਫੂਡ ਸਪਲਾਈ ਵਿਭਾਗ ਅਤੇ ਸਿਵਲ ਪ੍ਰਸ਼ਾਸ਼ਨ ਦੇਅਧਿਕਾਰੀਆਂ ਨੂੰ ਮਿਲਣ ਗਏ ਤਾਂ ਉਨਾਂ ਦਾ ਰਵੱਈਆ ਡਾਢਾ ਉਦਾਸੀਨਤਾ ਵਾਲਾ ਅਤੇ ਰੁੱਖਾ ਸੀ। ਆਗੂਆਂ ਨੇ ਕਿਹਾ ਕਿ ਇਸ ਮਹਾਂਮਾਰੀ ਦੇ ਸਮੇਂ ਰਾਸ਼ਨ ਪ੍ਰਾਪਤੀ ਲਈ ਨੀਲੇ ਕਾਰਡ ਹੋਣ ਦੀ ਸ਼ਰਤ ਲਾਉਣੀ ਲੋਕਾਂ ਦੇ ਵੱਡੇ ਹਿੱਸੇ ਨੂੰ ਭੁੱਖ ਨਾਲ ਮਰਨ ਲਈ ਛੱਡ ਦੇਣ ਵਾਲੀ ਨਿਰਦਈ ਪਹੁੰਚ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਇਹ ਲੋਕ ਦੋਖੀ ਨੀਤੀ ਤਿਆਗਣ ਅਤੇ ਸਾਰੇ ਲੋੜਵੰਦਾਂ ਨੂੰ ਬਿਨਾਂ ਵਿਤਕਰੇ ਤੋਂ ਰਾਸ਼ਨ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਮਜਦੂਰ ਆਗੂਆਂ ਨੇ ਮਜਦੂਰ ਪਰਿਵਾਰਾਂ ਨੂੰ ਸੱਦਾ ਦਿੱਤਾ ਕਿ ਉਹ ਆਉਂਦੀ 20 ਤਰੀਕ ਨੂੰ ਸਰਕਾਰ ਵਿਰੋਧੀ ਰੋਸ ਪ੍ਰਦਰਸ਼ਨਾਂ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰਨ।