ਮਨਪ੍ਰੀਤ ਸਿੰਘ ਜੱਸੀ
- ਮਾਸਟਰ ਹਰਪਾਲ ਸਿੰਘ ਵੇਰਕਾ ਆਏ ਦਿਨ ਸੁਰਖੀਆਂ 'ਚ, ਪਹਿਲਾਂ ਵੀ ਨਿਰਮਲ ਸਿੰਘ ਰਾਗੀ ਦਾ ਸਸਕਾਰ ਮੌਕੇ ਕੀਤਾ ਸੀ ਹੰਗਾਮਾ
ਅੰਮ੍ਰਿਤਸਰ, 4 ਮਈ 2020 - ਵਿਧਾਨ ਸਭਾ ਹਲਕਾ ਪੂਰਬੀ ਅਧੀਨ ਆਉਂਦੇ ਕਸਬਾ ਵੇਰਕਾ ਵਿਖੇ ਕੋਰੋਨਾ ਵਾਇਰਸ ਕਾਰਨ ਚੱਲ ਰਹੇ ਕਰਫਿਊ ਕਾਰਨ ਰੋਟੀ ਰੋਜ਼ੀ ਤੋਂ ਮੁਥਾਜ਼ ਹੋ ਰਹੇ ਲੋਕਾਂ ਦੁਆਰਾ ਰਾਸ਼ਨ ਮੁਹੱਈਆ ਕਰਵਾਏ ਜਾਣ ਦੀ ਮੰਗ ਨੂੰ ਲੈਕੇ ਦਿੱਤੇ ਜਾ ਰਹੇ ਰੋਸ ਧਰਨੇ ਦੌਰਾਨ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਨਵਜੋਤ ਸਿੰਘ ਸਿੱਧੂ ਖਿਲਾਫ਼ ਕੀਤੀ ਜਾ ਰਹੀ ਨਾਅਰੇਬਾਜ਼ੀ ਤੋਂ ਤੈਸ਼ 'ਚ ਆਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨ: ਸਕੱਤਰ ਅਤੇ ਵਾਰਡ ਨੰ: 21 ਦੀ ਮਹਿਲਾ ਕਾਸਲਰ ਦੇ ਪਤੀ ਮਾ: ਹਰਪਾਲ ਸਿੰਘ ਵੇਰਕਾ ਦੁਆਰਾ ਆਪਣੇ ਸਮਰਥਕਾਂ ਨਾਲ ਧਰਨੇ 'ਚ ਪਹੁੰਚਕੇ ਸਥਾਨਕ ਪੁਲਿਸ ਦੀ ਮੌਜ਼ੁਦਗੀ 'ਚ ਗਾਲੀ ਗਲੋਚ ਅਤੇ ਇਕ ਨੌਜਵਾਨ ਦੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਲੋਕਾਂ ਦੁਆਰਾ ਦਿੱਤੇ ਜਾ ਰਹੇ ਧਰਨੇ ਸਮਰਥਨ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਿਹਾਤੀ ਦੀ ਪ੍ਰਧਾਨ ਬੀਬੀ ਵਜਿੰਦਰ ਕੌਰ ਵੇਰਕਾ, ਸਾਬਕਾ ਕਾਸਲਰ ਮਹਿੰਦਰ ਸਿੰਘ ਵੇਰਕਾ, ਵਰਕਿੰਗ ਕਮੇਟੀ ਮੈਂਬਰ ਬੀਬੀ ਚਰਨਜੀਤ ਕੌਰ ਵੇਰਕਾ, ਬੀਬੀ ਬਲਬੀਰ ਕੌਰ, ਆਈ ਵਿੰਗ ਦੇ ਸ਼ਹਿਰੀ ਪ੍ਰਧਾਨ ਸੰਦੀਪ ਸਿੰਘ ਸੰਨੀ ਵੇਰਕਾ ਜੋ ਧਰਨੇ ਦੌਰਾਨ ਮੌਜ਼ੂਦ ਸਨ, ਜਿਨ੍ਹਾਂ ਦੀ ਹਾਜ਼ਰੀ 'ਚ ਕੁੱਟਮਾਰ ਦੇ ਸ਼ਿਕਾਰ ਹੋਏ ਨੌਜਵਾਨ ਟਿੰਕੂ ਵੇਰਕਾ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਰਾਸ਼ਨ ਦੀ ਮੰਗ ਕਰ ਰਹੇ ਲੋਕਾਂ ਦੁਆਰਾ ਅੱਜ ਬਾਅਦ ਦੁਪਹਿਰ 3 ਵਜੇ ਦੇ ਕਰੀਬ ਮਸੀਤ ਵਾਲੇ ਲਿੰਕ ਬਾਜ਼ਾਰ 'ਚ ਫਾਸਲਾ ਰੱਖਕੇ ਰੋਸ ਧਰਨਾ ਦਿੱਤਾ ਜਾ ਰਿਹਾ ਸੀ।
ਇਸੇ ਦੌਰਾਨ ਇਥੇ ਆਪਣੇ ਸਮਰਥਕਾਂ ਨਾਲ ਪਹੁੰਚੇ ਮਾ: ਹਰਪਾਲ ਸਿੰਘ ਵੇਰਕਾ ਨੇ ਉਸਨੂੰ ਗਾਲੀ ਗਲੋਚ ਕਰਦਿਆਂ ਥੱਪੜ ਮਾਰ ਦਿੱਤਾ, ਜਿਸ ਨਾਲ ਮਾਮਲਾ ਵਿਗੜ ਗਿਆ ਤੇ ਮਾ: ਵੇਰਕਾ ਨੇ ਥਾਣਾ ਵੇਰਕਾ ਦੇ ਮੁਖੀ ਨਿਸ਼ਾਨ ਸਿੰਘ ਸਮੇਤ ਪੁਲਿਸ ਕਰਮਚਾਰੀਆਂ ਦੀ ਮੌਜ਼ੂਦਗੀ ਥੱਪੜ ਮਾਰਨ ਤੋਂ ਬਾਅਦ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੌਕੇ 'ਤੇ ਮੌਜ਼ੂਦ ਪੁਲਿਸ ਮੂਕ ਦਰਸ਼ਕ ਬਣਕੇ ਤਮਾਸ਼ਾ ਦੇਖਦੀ ਰਹੀ । ਜਿਸ ਤੋਂ ਬਾਅਦ ਧਰਨਕਾਰੀਆਂ ਦੁਆਰਾ ਗਾਲੀ ਗਲੋਚ ਕਰਨ ਤੇ ਥੱਪੜ ਮਾਰੇ ਜਾਣ ਦਾ ਵਿਰੋਧ ਕਰਨ ਤੇ ਮਾ: ਹਰਪਾਲ ਸਿੰਘ ਵੇਰਕਾ ਮੌਕੇ ਤੋਂ ਚਲੇ ਗਏ। ਜਿਸ ਤੋਂ ਬਾਅਦ ਉਕਤ ਅਕਾਲੀ ਆਗੂਆ ਤੇ ਇਲਾਕੇ ਦੇ ਲੋਕਾਂ ਨੇ ਮਾ: ਹਰਪਾਲ ਸਿੰਘ ਵੇਰਕਾ ਖਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ।
ਇਸ ਮਾਮਲੇ 'ਚ ਮਾ: ਹਰਪਾਲ ਸਿੰਘ ਵੇਰਕਾ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਆਖਿਆ ਕਿ ਉਹ ਕਾਰਫਿਊ ਲਾਗੂ ਹੋਣ ਤੋਂ ਲੈਕੇ ਹੁਣ ਤੱਕ ਲਗਾਤਾਰ ਆਪਣੀ ਵਾਰਡ 'ਚ ਖੁਦ ਵਿਧਾਇਕ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਸਰਕਾਰ ਵਲੋਂ ਜ਼ਾਰੀ ਕੀਤੀਆਂ ਕਿੱਟਾਂ ਤੋਂ ਇਲਾਵਾ ਆਪਣੇ ਨਿੱਜੀ ਖਰਚੇ ਨਾਲ ਘਰੋਂ ਘਰੀ ਰਾਸ਼ਨ ਵੰਡਦੇ ਆ ਰਹੇ ਹਨ ਅਤੇ ਅੱਜ ਟਿੰਕੂ ਨਾਮਕ ਨੌਜਵਾਨ ਨੇ ਔਰਤਾਂ ਨੂੰ ਰਾਸ਼ਨ ਦਿਵਾਏ ਜਾਣ ਲਈ ਇਕੱਠਾ ਕਰਕੇ ਧਰਨੇ 'ਤੇ ਬਿਠਾਕੇ ਨਾਅਰੇਬਾਜ਼ੀ ਕਰਵਾਈ ਗਈ ਹੈ, ਜਿਸ ਬਾਰੇ ਪੁੱਛਣ ਸਮੇਂ ਤਕਰਾਰ ਹੋਇਆ ਹੈ। ਉਧਰ ਥਾਣਾ ਮੁਖੀ ਨਿਸ਼ਾਨ ਸਿੰਘ ਨੇ ਆਖਿਆ ਕਿ ਜਿਨ੍ਹਾਂ ਨੇ ਵੀ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ, ਭਾਵੇਂ ਉਹ ਕੋਈ ਵੀ ਹੋਵੇ ਜਾਂਚ ਕਰਨ ਤੋਂ ਬਾਅਦ ਕਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।