ਅਸ਼ੋਕ ਵਰਮਾ
- ਲੋਕਾਂ ਦੀ ਮਜ਼ਬੂਰੀ ਦਾ ਸਿਆਸੀ ਲਾਹਾ ਲੈ ਰਹੀ ਹੈ ਸਰਕਾਰ - ਵਿਧਾਇਕਾ ਰੂਬੀ
ਬਠਿੰਡਾ, 2 ਅਪ੍ਰੈਲ 2020 - ਬਠਿੰਡਾ ਦਿਹਾਤੀ ਹਲਕੇ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਰਾਸ਼ਨ ਦੇ ਪੈਕਟਾਂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲਾਉਣ ਦੇ ਮਾਮਲੇ ’ਚ ਪੰਜਾਬ ਸਰਕਾਰ ਨੂੰ ਕਟਹਿਰੇ ’ਚ ਖੜਾ ਕੀਤਾ ਹੈ। ਵਿਧਾਇਕਾ ਨੇ ਆਖਿਆ ਕਿ ਅਕਾਲੀ ਭਾਜਪਾ ਸਰਕਾਰ ਦੇ ਰਾਜ ’ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿਆਸੀ ਲਾਹੇ ਲਈ ਫੋਟੋਆਂ ਲਾਉਣ ਦਾ ਸ਼ੌਂਕ ਸੀ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਉਹੋ ਰਾਹ ਫੜ ਲਈ ਹੈ। ਅੱਜ ਜਾਰੀ ਪ੍ਰੈਸ ਬਿਆਨ ’ਚ ਆਖਿਆ ਕਿ ਫੋਟੋ ਲਾਉਣ ਦੇ ਚੱਕਰਾਂ ’ਚ ਰਾਸ਼ਨ ਦੀ ਵੰਡ ਪਛੜ ਗਈ ਹੈ ਜਦੋਂਕਿ ਕਰਫਿਊ ਕਾਰਨ ਲੋੜਵੰਦ ਲੋਕ ਭੁੱਖਮਰੀ ਕੰਢੇ ਪੁੱਜ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਲੋਕਾਂ ਦੀ ਮਜਬੂਰੀ ਦਾ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ, ਜਿਸ ਕਰਕੇ ਸੱਤਾਧਾਰੀ ਕਾਂਗਰਸ ਪਾਰਟੀ ਨੇ ਹੇਠਲੇ ਦਰਜ਼ੇ ਦੀ ਸਿਆਸਤ ਸ਼ੁਰੂ ਕਰ ਦਿੱਤੀ ਹੈ।
ਵਿਧਾਇਕਾ ਨੇ ਕਿਹਾ ਕਿ ਵਿਸ਼ਵ ਸਮੇਤ ਪੰਜਾਬ ਸੂਬਾ ਵੀ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆ ਚੁੱਕਾ ਹੈ ਅਤੇ ਇਸ ਦੀ ਰੋਕਥਾਮ ਲਈ ਕਰਫਿਊ ਲੱਗਣ ਨਾਲ ਲੋਕਾਂ ਨੂੰ ਰਾਸ਼ਨ ਦੀ ਵੱਡੀ ਸੱਮਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਆਖਿਆ ਕਿ ਸਮਾਜਸੇਵੀ ਅਤੇ ਦਾਨੀ ਸੱਜਣਾ ਵੱਲੋਂ ਗੁਪਤ ਤੌਰ 'ਤੇ ਕਰੋੜਾਂ ਰੁਪਏ ਦਾਨ ਕੀਤੇ ਗਏ ਹਨ ਇਸ ਲਈ ਇੰਨ੍ਹਾਂ ਪੈਸਿਆਂ ਨਾਲ ਇਸ ਔਖੇ ਸਮੇਂ ਵਿਚ ਸਰਕਾਰ ਨੇ ਲੋਕਾਂ ਨੂੰ ਰਾਸ਼ਨ ਵੰਡਣ ਦੇ ਨਾਂ ਤੇ ਨਿਸ਼ਕਾਮ ਸੇਵਾ ਦੀ ਬਜਾਏ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਆਖਿਆ ਕਿ ਇਹ ਸਭ ਆਉਣ ਵਾਲੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਹੈ ਅਤੇ ਮੁੱਖ ਮੰਤਰੀ ਦੀ ਤਸਵੀਰ ਵਾਲੇ ਥੈਲੇ ਤਿਆਰ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ ਜਿੰਨਾਂ ਤੇ ਕਰੀਬ ਡੇਢ ਕਰੋੜ ਰੁਪਏ ਆਪਣੀ ਪਿੱਠ ਥਾਪੜਣ ਲਈ ਹੀ ਖ਼ਰਚ ਦੇਣਾ ਹੈ ਜੋਕਿ ਔਖੇ ਹਾਲਾਤਾਂ ’ਚ ਸ਼ੋਭਾ ਨਹੀਂ ਦਿੰਦਾ। ਉਨਾਂ ਆਖਿਆ ਕਿ ਲੋਕ ਰਾਸ਼ਨ ਨਾ ਮਿਲਣ ਕਰਕੇ ਤਰਾਸ ਤਰਾਸ ਕਰ ਰਹੇ ਹਨ ਫਿਰ ਵੀ ਰਾਸ਼ਨ ਇਸ ਕਰਕੇ ਨਹੀਂ ਵੰਡਿਆ ਜਾ ਰਿਹਾ ਕਿ ਮੁੱਖ ਮੰਤਰੀ ਦੀ ਫੋਟੋ ਲੱਗੇ ਥੈਲੇ ਤਿਆਰ ਨਹੀਂ ਹੋਏ ।
ਉਨ੍ਹਾਂ ਦਾਨੀ ਸੱਜਣਾਂ ਵੱਲੋਂ ਆਪਣੀ ਨੇਕ ਕਮਾਈ ਵਿੱਚੋ ਰਾਸ਼ਨ ਦਵਾਈ ਆਦਿ ਸਹੂਲਤਾਂ ਲਈ ਸੂਬਾ ਸਰਕਾਰ ਨੂੰ ਦਿੱਤੇ ਸਹਿਯੋਗ ਪ੍ਰਤੀ ਉਨਾਂ ਦਾ ਧੰਨਵਾਦ ਕੀਤਾ ਤੇ ਨਾਲ ਹੀ ਲੋਕਾਂ ਦੀ ਸਹਾਇਤਾ ਰਾਸ਼ੀ ਨੂੰ ਪਾਰਟੀ ਦੇ ਲਾਹੇ ਲਈ ਵਰਤਣ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਨਿਖੇਧੀ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਭਵਿੱਖ ’ਚ ਸਰਕਾਰ ਦੀਆਂ ਅਜਿਹੀਆਂ ਸਵਾਰਥੀ ਕਾਰਵਾਈਆਂ ਨਾਲ਼ ਲੋਕ ਸਰਕਾਰ ਨੂੰ ਸਹਾਇਤਾ ਰਾਸ਼ੀ ਦੇਣ ਤੋਂ ਪਿੱਛੇ ਹਟਣਗੇ।
ਉਨ੍ਹਾਂ ਕਿਹਾ ਕਿ ਸਰਕਾਰ ਦੀ ਲੋਕ ਸੇਵਾ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਕਰਫਿਊ ਦੀ ਪਾਲਣਾ ਕਰਦਿਆਂ ਹਰ ਵਰਗ ਘਰ ਵਿੱਚ ਬੈਠ ਕੇ ਸਰਕਾਰੀ ਹੁਕਮਾਂ ਨੂੰ ਸਫ਼ਲ ਬਨਾਉਣ ਲਈ ਸਹਿਯੋਗ ਦੇ ਰਿਹਾ ਹੈ ਪਰ ਕਾਂਗਰਸ ਸਰਕਾਰ ਦੇ ਮੰਤਰੀ ਤੋਂ ਲੈ ਕੇ ਪਾਰਟੀ ਵਰਕਰ ਨਿਯਮਾਂ ਦੀ ਧੱਜੀਆਂ ਉਡਾਕੇ ਗਰੀਬ ਲੋਕਾਂ ਨੂੰ ਰਾਸ਼ਨ ਰਾਹੀਂ ਵੋਟਾਂ ਪੱਕੀਆਂ ਕਰਨ ਦੇ ਚੱਕਰ ’ਚ ਉਲਝੇ ਹੋਏ ਹਨ।
ਉਨ੍ਹਾਂ ਕਿਹਾ ਕਿ ਇਸ ਔਖੇ ਸਮੇਂ ਵਿੱਚ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਕੋਰੋਨਾ ਨਾਲ ਜੰਗ ਲੜ ਰਹੇ ਸਿਹਤ ਅਤੇ ਪੁਲਿਸ ਮੁਲਾਜ਼ਮਾਂ ਦਾ ਇੱਕ ਕਰੋੜ ਰੁਪਏ ਦਾ ਬੀਮਾ ਕਰਕੇ ਹੌਂਸਲਾ ਵਧਾਇਆ ਗਿਆ ਹੈ ਜਦੋਂਕਿ ਪੰਜਾਬ ’ਚ ਸਿਹਤ ਵਿਭਾਗ ਅਤੇ ਪੁਲਿਸ ਕੋਲ ਮਾਸਕ ਸੈਨੀਟਾਇਜਰ ਜਿਹੀਆਂ ਬੇਸ਼ਕ ਸਮਾਨ ਵੀ ਨਹੀਂ ਪਹੁੰਚ ਰਿਹਾ ਹੈ। ਉਨਾਂ ਨੇ ਕਿਹਾ ਕਿ ਦਿੱਲੀ ਸਰਕਾਰ ਬਿਨਾਂ ਰਾਸ਼ਨ ਕਾਰਡ ਤੋਂ ਵੀ ਰਾਸ਼ਨ ਦੀ ਦੁਕਾਨਾਂ ਤੋਂ ਮੁਫਤ ਰਾਸ਼ਨ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ ਅਤੇ 4 ਲੱਖ ਲੋਕਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਕੈਪਟਨ ਸਰਕਾਰ ਹਾਲੇ ਤੱਕ ਲੋਕਾਂ ਨੂੰ ਰਾਸ਼ਨ ਹੀ ਮੁਹਈਆ ਨਹੀਂ ਕਰਵਾ ਸਕੀ ਹੈ। ਵਿਧਾਇਕਾ ਨੇ ਇਸ ਭਿਆਨਕ ਸਮੇਂ ਦੌਰਾਨ ਪੰਜਾਬ ਸਰਕਾਰ ਨੂੰ ਸਿਆਸਤ ਦੀ ਥਾਂ ਲੋਕਾਂ ਦੇ ਦੁੱਖ ਦਰਦ ਨੂੰ ਸਮਝਣ ਦੀ ਨਸੀਹਤ ਦਿੱਤੀ ਹੈ।