ਹਰੀਸ ਕਾਲੜਾ
ਰੂਪਨਗਰ, 8 ਮਈ 2020 - ਕੋਵਿਡ-19 ਦੀ ਮਹਾਂਮਾਰੀ ਦੇ ਮੱਦੇਨਜਰ ਅੱਜ ਤੋਂ ਰੂਪਨਗਰ ਸ਼ਹਿਰ ਦਾ ਡੋਰ ਟੂ ਡੋਰ ਸਰਵੇ ਸ਼ੁਰੂ ਕੀਤਾ ਗਿਆ ਹੈ, ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਐਚ.ਐਨ.ਸ਼ਰਮਾ ਨੇ ਦੱਸਿਆ ਕਿ ਜਿਲ੍ਹਾ ਸਦਰ ਮੁਕਾਮ ਤੇ ਸਿਹਤ ਵਿਭਾਗ ਦੀਆਂ 13 ਟੀਮਾਂ ਜਿਸ ਵਿੱਚ ਇੱਕ ਏ.ਐਨ.ਐਮ. ਅਤੇ ਇੱਕ ਆਸ਼ਾ ਵਰਕਰ ਅਤੇ ਹੋਰ ਸਿਹਤ ਕਾਮੇ ਸ਼ਾਮਿਲ ਹਨ, ਵੱਲੋਂ ਸ਼ਹਿਰ ਵਿੱਚ ਡੋਰ ਟੂ ਡੋਰ ਜਾ ਕੇ ਹਰ ਘਰ ਦੇ ਹਰ ਪਰਿਵਾਰਕ ਮੈਂਬਰ ਦੀ ਇਨਫਰਾਰੈਡ ਥਰਮਾਮੀਟਰ ਦੀ ਮਦਦ ਨਾਲ ਸਕਰੀਨਿੰਗ ਕੀਤੀ ਜਾ ਰਹੀ ਹੈ, ਤਾਂ ਜੋ ਕੋਈ ਵੀ ਸ਼ੱਕੀ ਮਰੀਜ ਦੇ ਸਾਹਮਣੇ ਆਉਣ ਤੇ ਜਰੂਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।
ਅੱਜ ਸਵੇਰੇ ਸਿਵਲ ਸਰਜਨ ਵੱਲੋਂ ਸਾਰੀਆਂ ਟੀਮਾਂ ਨੂੰ ਸਰਵੇ ਸੰਬੰਧੀ ਜਰੂਰੀ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਰਵੇ ਲਈ ਰਵਾਨਾ ਕੀਤਾ ਗਿਆ। ਸਿਵਲ ਸਰਜਨ ਨੇ ਦੱਸਿਆ ਕਿ ਟੀਮਾਂ ਵੱਲੋਂ ਕੈਨਾਲ ਰੈਸਟ ਹਾਊਸ ਦੇ ਇਲਾਕੇ ਤੋਂ ਸ਼ੁਰੂਆਤ ਕਰਕੇ ਇਸ ਦੇ ਆਸ-ਪਾਸ ਇੱਕ ਕਿਲੋਮੀਟਰ ਦੇ ਇਲਾਕੇ ਦਾ ਸਰਵੇ ਕੀਤਾ ਜਾਵੇਗਾ, ਜਿਸ ਵਿੱਚ ਗਿਆਨੀ ਜੈਲ ਸਿੰਘ ਨਗਰ , ਕੀਰਤੀ ਵਿਹਾਰ ਅਤੇ ਹਵੇਲੀ ਦਾ ਇਲਾਕਾ, ਝੁੱਗੀਆਂ-ਝੋਂਪੜੀਆਂ, ਇੰਪਰੂਵਮੇਂਟ ਟਰਸਟ, ਸ਼ਹੀਦ ਭਗਤ ਸਿੰਘ ਨਗਰ, ਹੈੱਡ ਵਰਕਸ ਦਾ ਰਿਹਾਇਸ਼ੀ ਇਲਾਕਾ, ਰੋਡਵੇਜ ਡਿਪੂ ਕੰਪਲੈਕਸ ਅਤੇ ਛੋਟੀ ਹਵੇਲੀ ਦੇ ਇਲਾਕੇ ਨੂੰ ਕਵਰ ਕੀਤਾ ਜਾਵੇਗਾ।ਇਹ ਸਰਵੇ 3 ਦਿਨ ਲਈ ਜਾਰੀ ਰਹੇਗਾ।
ਇਸ ਮੌਕੇ ਐਸ.ਐਮ.ਓ. ਸਿਵਲ ਹਸਪਤਾਲ ਰੂਪਨਗਰ ਡਾ. ਪਵਨ ਕੁਮਾਰ, ਮੈਡੀਕਲ ਸਪੈਸ਼ਲਿਸਟ ਡਾ. ਰਾਜੀਵ ਅਗਰਵਾਲ, ਐਪੀਡੀਮਾਲੋਜਿਸਟ ਡਾ. ਸੁਮੀਤ ਸ਼ਰਮਾ ਅਤੇ ਸਰਵੇ ਟੀਮਾਂ ਦੇ ਮੈਂਬਰ ਏ.ਐਨ.ਐਮਜ ਅਤੇ ਆਸ਼ਾ ਵਰਕਰਜ ਹਾਜਰ ਸਨ।