ਹਰੀਸ਼ ਕਾਲੜਾ
- 285 ਦੀ ਰਿਪੋਰਟ ਨੈਗਟਿਵ 02 ਸੈਂਪਲ ਪਾਜ਼ਟਿਵ , 154 ਦੀ ਰਿਪੋਰਟ ਪੈਂਡਿੰਗ ਅਤੇ 02 ਰਿਕਵਰ
ਰੂਪਨਗਰ, 1 ਮਈ 2020 : ਸ਼੍ਰੀ ਹਜ਼ੂਰ ਸਾਹਿਬ ਤੋਂ ਪਰਤੇ ਰੂਪਨਗਰ ਜ਼ਿਲ੍ਹੇ ਦੇ 02 ਵਿਅਕਤੀਆਂ ਦੀ ਰਿਪੋਰਟ ਪਾਜ਼ਟਿਵ ਆਉਣ ਤੋਂ ਬਾਅਦ ਦੋਨਾ ਦੀ ਟ੍ਰੇਵਲ ਹਿਸਟਰੀ ਦੇਖੀ ਜਾ ਰਹੀ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਨੰਗਲ ਨੇੜਲੇ ਭੰਗਲ ਵਿਅਕਤੀ ਦੇ 09 ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਸੰਬਧੀ ਜਾਣਕਾਰੀ ਮਿਲੀ ਹੈ, ਜ਼ਿਨ੍ਹਾ ਦੇ ਸੈਂਪਲ ਲਏ ਗਏ ਹਨ ਅਤੇ ਦੂਜੇ ਵਿਅਕਤੀ ਮੱਕੋਵਾਲ ਨਿਵਾਸੀ ਦੇ 26 ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਦੀ ਜਾਣਕਾਰੀ ਮਿਲੀ ਹੈ, ਜ਼ਿਨ੍ਹਾਂ ਦੇ ਸੈਂਪਲ ਲੈ ਕੇ ਭੇਜੇ ਗਏ ਹਨ।
ਉਨ੍ਹਾਂ ਦੱਸਿਆ ਕਿ ਦੋਨਾਂ ਨੂੰ ਸਿਵਲ ਹਸਪਤਾਲ ਰੂਪਨਗਰ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 443 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ ਵਿਚੋਂ 285 ਦੀ ਰਿਪੋਰਟ ਨੈਗਟਿਵ 02 ਸੈਂਪਲ ਪਾਜ਼ਟਿਵ , 154 ਦੀ ਰਿਪੋਰਟ ਪੈਂਡਿੰਗ ਅਤੇ 02 ਰਿਕਵਰ ਹੋ ਚੁੱਕੇ ਹਨ ।
ਉਨ੍ਹਾਂ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਜੇਕਰ ਕਿਸੇ ਨੂੰ ਖਾਂਸੀ , ਬੁਖਾਰ ਜਾਂ ਵਾਇਰਸ ਸਬੰਧੀ ਕੋਈ ਲੱਛਣ ਮਹਿਸੂਸ ਹੁੰਦਾ ਹੈ ਤਾਂ ਉਹ ਤੁਰੰਤ ਆਪਣੇ ਨਜ਼ਦੀਕੀ ਸਿਹਤ ਕੇਂਦਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਸੰਪਰਕ ਕਰਨ। ਜੇਕਰ ਇਸ ਬਿਮਾਰੀ ਦਾ ਜਲਦੀ ਪਤਾ ਲੱਗ ਜਾਂਦਾ ਹੈ ਤਾਂ ਇਸ ਤੋਂ ਬਚਿਆ ਵੀ ਜਾ ਸਕਦਾ ਹੈ। ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਹੋਰ ਵੀ ਕੋਈ ਸ਼ਰਧਾਲੂ ਸ਼੍ਰੀ ਹਜ਼ੂਰ ਸਾਹਿਬ ਦੀ ਯਾਤਰਾ ਤੋਂ ਆਏ ਹਨ ਤਾਂ ਉਹ ਸਬੰਧਤ ਖੇਤਰ ਦੇ ਐਸ.ਡੀ.ਐਮਜ਼ ਨੂੰ ਸੂਚਨਾ ਮੁਹੱਈਆ ਕਰਵਾ ਕੇ ਆਪਣੀ ਸਿਹਤ ਜਾਂਚ ਕਰਵਾਉਣ ਅਤੇ ਜੇਕਰ ਕਿਸੇ ਨੂੰ ਕਿਸੇ ਸ਼ਰਧਾਲੂ ਦੇ ਆਉਣ ਦੀ ਜਾਣਕਾਰੀ ਹੈ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰਨ।