ਰਜਨੀਸ਼ ਸਰੀਨ
- 15 ਮਈ ਤੋਂ ਸਵੇਰੇ 9 ਤੋਂ ਸ਼ਾਮ 7 ਵਜੇ ਤੱਕ ਹੋਮ ਡਲਿਵਰੀ ਦੀਆਂ ਆਗਿਆ
ਨਵਾਂਸ਼ਹਿਰ, 13 ਮਈ 2020 - ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਰੈਸਟੋਰੈਂਟ, ਖਾਣ-ਪੀਣ ਦੀਆਂ ਦੁਕਾਨਾਂ (ਈਟਰੀਜ਼), ਆਈਸ ਕਰੀਮ ਦੁਕਾਨਾਂ ਅਤੇ ਜੂਸ ਦੁਕਾਨਾਂ ਨੂੰ ਰਾਹਤ ਦਿੰਦੇ ਹੋਏ 15 ਮਈ ਤੋਂ ਹਾਟ ਸਪਾਟ ਤੇ ਕੰਨਟੇਨਮੈਂਟ ਇਲਾਕਿਆਂ ਨੂੰ ਛੱਡ ਕੇ ਹੋਰਨਾਂ ਥਾਂਵਾਂ 'ਤੇ ਹੋਮ ਡਲਿਵਰੀ ਦੀ ਆਗਿਆ ਦੇ ਦਿੱਤੀ ਹੈ। ਇਹ ਆਗਿਆ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਰਹੇਗੀ।
ਜ਼ਿਲ੍ਹਾ ਮੈਜਿਸਸਟ੍ਰੇਟ ਨੇ ਇਨਾਂ ਸਥਾਨਾਂ 'ਤੇ ਕੋਵਿਡ ਤੋਂ ਬਚਾਅ ਲਈ ਰੱਖੇ ਜਾਣ ਵਾਲੇ ਸਾਫ਼-ਸਫ਼ਾਈ ਤੇ ਸਾਵਧਾਨੀਆਂ ਵਿੱਚ ਰੋਜ਼ਾਨਾ ਆਪਣੇ ਕਰਮਚਾਰੀਆਂ ਦਾ ਸਰੀਰਕ ਤਾਪਮਾਨ ਜਾਂਚਣਾ, ਦਰਵਾਜ਼ੇ ਦੇ ਹੈਂਡਲਾਂ ਤੇ ਹੋਰ ਥਾਂਵਾਂ ਦੀ ਢੁਕਵੇਂ ਢੰਗ ਨਾਲ ਰੋਗਾਣੂ ਨਾਸ਼ਕ ਨਾਲ ਸਫ਼ਾਈ, ਫ਼ੇਸ ਮਾਸਕ ਲਾਜ਼ਮੀ ਤੇ ਰੋਜ਼ਾਨਾ ਬਦਲਣਾ, ਸੋਸ਼ਲ ਡਿਸਟੈਂਸਿੰਗ ਰੱਖਣਾ, ਵਾਰ-ਵਾਰ ਹੱਥ ਧੋਣਾ ਤੇ ਸੈਨੇਟਾਈਜ਼ਰ ਦੀ ਵਰਤੋਂ ਕਰਨ ਲਈ ਹਦਾਇਤ ਕੀਤੀ ਹੈ।
ਹੋਮ ਡਲਿਵਰੀ ਲਈ ਦਿੱਤੀਆਂ ਗਈਆਂ ਹਦਾਇਤਾਂ ਵਿੱਚ ਖਾਣ-ਪੀਣ ਵਾਲੀ ਵਸਤ ਦੀ ਸਾਫ਼ ਢੰਗ ਨਾਲ ਪੈਕਿੰਗ, ਡਲਿਵਰੀ ਵਾਹਨ/ਟ੍ਰਾਂਸਪੋਰਟ ਨੂੰ ਨਿਯਮਿਤ ਤੌਰ 'ਤੇ ਸਾਫ਼ ਕਰਨਾ ਤੇ ਸੈਨੇਟਾਈਜ਼ ਕਰਨਾ, ਡਲਿਵਰੀ ਮੌਕੇ ਸਬੰਧਤ ਵਿਅਕਤੀ ਨੂੰ ਛੋਹਿਆ ਨਾ ਜਾਵੇ ਅਤੇ ਆਮ ਥਾਂਵਾਂ ਜਿਵੇਂ ਡੋਰ ਬੈਲ ਤੇ ਹੈਂਡਲ ਆਦਿ ਨੂੰ ਹੱਥ ਲਾਉਣ ਤੋਂ ਬਚਿਆ ਜਾਵੇ ਅਤੇ ਡਲਿਵਰੀ ਕਰਨ ਵਾਲੇ ਦੇ ਮਾਸਕ ਅਤੇ ਦਸਤਾਨੇ ਪਹਿਨੇ ਹੋਣਾ ਸ਼ਾਮਿਲ ਹਨ।