ਹਰੀਸ਼ ਕਾਲੜਾ
- ਸ਼੍ਰੀ ਚਮਕੌਰ ਸਾਹਿਬ, ਮੋਰਿੰਡਾ ਅਤੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਵੀ ਜਰੂਰਤਮੰਦਾਂ ਨੂੰ ਖਵਾਇਆ ਜਾ ਰਿਹਾ ਹੈ ਖਾਣਾ
ਰੂਪਨਗਰ, 29 ਮਾਰਚ 2020 - ਰੈੱਡ ਕਰਾਸ ਸੋਸਾਇਟੀ ਵੱਲੋਂ ਚਲਾਈ ਜਾ ਰਹੀ ਸਸਤੀ ਰਸੋਈ ਰਾਂਹੀ ਦਫਤਰਾਂ ਵਿੱਚ ਕੰਮ ਕਰਨ ਵਾਲੇ ਅਤੇ ਜ਼ਰੂਰਤਮੰਦਾਂ ਨੂੰ ਦੁਪਿਹਰ ਅਤੇ ਰਾਤ ਦੇ ਖਾਣੇ ਦੇ ਪੈਕਟ ਮੁਫਤ ਮੁਹੱਈਆ ਕਰਵਾਏ ਜਾ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਸੀ. ਸੋਨਾਲੀ ਗਿਰਿ ਨੇ ਦੱਸਿਆ ਕਿ ਕਰਫਿਊ ਦੌਰਾਨ ਕਿਸੇ ਨੂੰ ਖਾਣੇ ਦੀ ਸਮੱਸਿਆ ਨਾ ਆਵੇ । ਇਸ ਦੇ ਲਈ ਰੈੱਡ ਕਰਾਸ ਵੱਲੋਂ ਚਲਾਈ ਜਾ ਰਹੀ ਸਸਤੀ ਰਸੋਈ ਰਾਂਹੀ ਹਰ ਰੋਜ਼ ਕਰੀਬ 800 ਵਿਅਕਤੀਆਂ ਨੂੰ ਇਹ ਖਾਣਾ ਮੁਫਤ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੈੱਡ ਕਰਾਸ ਸੁਸਾਇਟੀ ਤੋਂ ਇਲਾਵਾ ਜਿੱਥੇ ਪ੍ਰਸ਼ਾਸ਼ਨ ਵੱਲੋਂ ਜਰੂਰਤਮੰਦਾਂ ਨੂੰ ਖਾਣਾ ਖਵਾਇਆ ਜਾ ਰਿਹਾ ਹੈ ਉੱਥੇ ਰਾਧਾ ਸੁਆਮੀ ਸਤਸੰਗ ਬਿਆਸ ਰੂਪਨਗਰ ਵੱਲੋਂ ਹਰ ਰੋਜ਼ 2000 ਦੇ ਕਰੀਬ ਫੂਡ ਪੈਕਟ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰ ਰੋਜ਼ ਕੁਸ਼ਟ ਆਸ਼ਰਮ , ਨੇੜੇ ਨਿਰਕਾਰੀ ਸੰਤਸੰਗ ਭਵਨ ਝੁਗੀਆਂ , ਨਰਸਿੰਗ ਟ੍ਰੇਨਿੰਗ ਇੰਸਟੀਚਿਊਟ ਨੇੜੇ ਸਿਵਲ ਹਸਪਤਾਲ, ਸਦਾਬਰਤ ਮੁਹੱਲਾ , ਸਸਤੀ ਰੋਟੀ ਆਪਣੀ ਰਸੋਈ, ਸਨ ਇੰਨਕਲੇਵ ਕਲੋਨੀ, ਰੇਲਵੇ ਸਟੇਸ਼ਨ ਅਤੇ ਸੂਚਨਾ ਮਿਲਣ ਤੇ ਜਰੂਰਤਮੰਦਾ ਨੂੰ ਇਹ ਮੁਫਤ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਮੋਰਿੰਡਾ ਵਿਖੇ ਵੀ ਜਿੱਥੇ ਸੁਕਾ ਅਨਾਜ ਵੰਡਿਆ ਜਾ ਰਿਹਾ ਹੈ ਉੱਥੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਵੀ ਮੋਰਿੰਡਾ ਵਿਖੇ 1000 ਦੇ ਕਰੀਬ ਫੂਡ ਪੈਕਟਸ ਮੁਹੱਈਆ ਕਰਵਾਏ ਗਏ ਹਨ।
ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ ਮਨਕਮਲ ਸਿੰਘ ਚਾਹਲ ਨੇ ਦੱਸਿਆ ਕਿ 1000 ਦੇ ਕਰੀਬ ਜਰੂਰਤਮੰਦ ਨਿਵਾਸੀਆਂ ਨੂੰ ਸੁੱਕਾ ਰਾਸ਼ਨ ਅਤੇ 1500 ਦੇ ਕਰੀਬ ਜਰੂਰਤਮੰਦਾਂ ਨੂੰ ਪਕਾਇਆ ਰਾਸ਼ਨ ਉਨ੍ਹਾਂ ਅਧੀਨ ਪੈਂਦੇ ਖੇਤਰ ਵਿੱਚ ਲੋਕਾਂ ਨੂੰ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਇਹ ਸਾਰਾ ਰਾਸ਼ਨ ਉਚਿਤ ਦੂਰੀ ਤਹਿ ਕਰਨ ਮੁਹੱਈਆ ਕਰਵਾਇਆ ਗਿਆ।
ਇਸੇ ਤਰ੍ਹਾਂ ਐਸ.ਡੀ.ਐਮ. ਸ਼੍ਰੀ ਆਨੰਦਪੁਰ ਸਾਹਿਬ ਮੈਡਮ ਕੰਨੂ ਗਰਗ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਅਧੀਨ ਪੈਂਦੇ ਖੇਤਰ ਵਿੱਚ ਜਿੱਥੇ ਪਿੰਡ ਵਾਸੀਆਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਜਰੂਰਤਮੰਦਾਂ ਨੂੰ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਉੱਥੇ ਸਲੱਮ ਖੇਤਰ ਵਿੱਚ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਫੂਡ ਪੈਕਟਸ ਵੰਡੇ ਜਾ ਰਹੇ ਹਨ।