ਹਰਿੰਦਰ ਨਿੱਕਾ
ਬਰਨਾਲਾ, 21 ਅਪਰੈਲ 2020 - ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹੇ ਦੇ ਲੋੜਵੰਦ ਪਰਿਵਾਰਾਂ ਨੂੰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਰਾਹੀਂ ਘਰ ਘਰ ਰਾਸ਼ਨ ਪਹੁੰਚਾਉਣ ਦੇ ਉਪਰਾਲੇ ਜਾਰੀ ਹਨ।
ਅੱਜ ਸੇਖਾ ਰੋਡ ਦੇ ਗਲੀ ਨੰਬਰ 4 ਤੋਂ 12 ਤੱਕ ਦੇ ਕਰੀਬ 450 ਲੋੜਵੰਦ ਪਰਿਵਾਰਾਂ ਨੂੰ ਘਰ ਘਰ ਰਾਸ਼ਨ ਵੰਡਣ ਦੀ ਪ੍ਰਕਿਰਿਆ ਜਾਰੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੰਟਰੋਲ ਰੂਮ ’ਤੇ ਰਾਸ਼ਨ ਸਬੰਧੀ ਮਿਲਦੀ ਮੰਗ ਬਾਰੇ ਢੁਕਵੀਂ ਪੜਤਾਲ ਤੋਂ ਬਾਅਦ ਰੈੱਡ ਕ੍ਰਾਸ ਸੁਸਾਇਟੀ ਦੇ ਵਲੰਟੀਅਰਾਂ ਰਾਹੀਂ ਲੋੜਵੰਦਾਂ ਨੂੰ ਘਰ ਘਰ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ।
ਵਲੰਟੀਅਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਰਾਸ਼ਨ ਵੰਡ ਦੌਰਾਨ ਧਿਆਨ ਰੱਖਿਆ ਕਿ ਜਾਵੇ ਕਿ ਪਰਿਵਾਰ ਦੇ ਇਕ ਇਕ ਮੈਂਬਰ ਨੂੰ ਬੁਲਾ ਕੇ ਰਾਸ਼ਨ ਦੀ ਵੰਡ ਕੀਤੀ ਜਾਵੇ ਤਾਂ ਜੋ ਕਿਸੇ ਤਰ੍ਹਾਂ ਦਾ ਇਕੱਠ ਨਾ ਹੋਵੇ ਅਤੇ ਸਮਾਜਿਕ ਦੂਰੀ ਬਣੀ ਰਹੇ। ਉਨ੍ਹਾਂ ਆਖਿਆ ਕਿ ਕਰੋਨਾ ਵਾਇਰਸ ਖਿਲਾਫ ਜੰਗ ਵਿਚ ਲੋੜੀਂਦੇ ਇਹਤਿਆਤਾਂ ਦੀ ਪਾਲਣਾ ਕਰ ਕੇ ਹਰ ਨਾਗਰਿਕ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਵੇ।