- 50 ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਦਿੱਤਾ ਗਿਆ ਸੁੱਕਾ ਰਾਸ਼ਨ : ਹੇਰ,ਸਿੱਧੂ
- ਡਾ.ਓਬਰਾਏ ਦੀ ਸੱਚੀ-ਸੁੱਚੀ ਸੇਵਾ ਨੂੰ ਪ੍ਰਤੱਖ ਵੇਖ ਮਨ ਨੂੰ ਮਿਲਿਆ ਬਹੁਤ ਸਕੂਨ : ਭਾਈ ਮੋਹਨ ਸਿੰਘ
ਅੰਮ੍ਰਿਤਸਰ, 7 ਮਈ 2020 - ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਕਿਰਤ ਕਰੋ ਤੇ ਵੰਡ ਛਕੋ ਨੂੰ ਸਹੀ ਅਰਥਾਂ 'ਚ ਆਪਣੀ ਜ਼ਿੰਦਗੀ ਵਿਚ ਲਾਗੂ ਕਰਕੇ ਪੂਰੀ ਦੁਨੀਆਂ ਅੰਦਰ ਇੱਕ ਜ਼ਿਕਰਯੋਗ ਮਿਸਾਲ ਬਣ ਉੱਭਰੇ ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਪ੍ਰਭਾਵਤ ਹੋਏ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਣ ਦੀ ਵਿੱਢੀ ਗਈ ਮੁਹਿੰਮ ਦੇ ਦੂਜੇ ਪੜਾਅ ਤਹਿਤ ਅੱਜ ਗੁਰੂ ਕੀ ਵਡਾਲੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੇਰੁਜ਼ਗਾਰ ਹੋਏ 50 ਪਾਠੀ ਸਿੰਘਾਂ ਦੇ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ।
ਰਾਸ਼ਨ ਵੰਡਣ ਪਹੁੰਚੇ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿੱਧੂ,ਜਨਰਲ ਸਕੱਤਰ ਮਨਪ੍ਰੀਤ ਸੰਧੂ,ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ ਵਿੱਤ ਸਕੱਤਰ ਨਵਜੀਤ ਸਿੰਘ ਘਈ ਆਦਿ ਨੇ ਦੱਸਿਆ ਕਿ ਡਾ.ਓਬਰਾਏ ਦੀ ਯੋਗ ਸਰਪ੍ਰਸਤੀ ਹੇਠ ਅੰਮ੍ਰਿਤਸਰ ਜ਼ਿਲੇ ਅੰਦਰ ਦੂਜੇ ਪੜਾਅ ਤਹਿਤ ਬੀਤੇ ਦਿਨ ਤੋਂ ਸੁੱਕਾ ਰਾਸ਼ਨ ਵੰਡਣ ਦੀ ਕੀਤੀ ਸ਼ੁਰੂਆਤ ਅਧੀਨ ਅੱਜ ਗੁਰੂ ਨਗਰੀ ਦੀ ਬੁੱਕਲ 'ਚ ਵੱਸਦੇ ਇਤਿਹਾਸਕ ਕਸਬੇ ਗੁਰੂ ਕੀ ਵਡਾਲੀ ਵਿਖੇ ਸ਼ੁਸ਼ੋਭਿਤ ਗੁਰਦੁਆਰਾ ਜਨਮ ਅਸਥਾਨ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਿਖੇ ਦੇਸ਼ 'ਚ ਚੱਲ ਰਹੇ ਸੰਕਟਮਈ ਮਹੌਲ ਕਾਰਨ ਵੱਖ-ਵੱਖ ਗੁਰੂ ਘਰਾਂ ਅੰਦਰ ਚੱਲਣ ਵਾਲੀਆਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਲੜੀਆਂ ਬੰਦ ਹੋਣ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੋਜ਼ੀ-ਰੋਟੀ ਤੋਂ ਆਤੁਰ ਹੋਏ 50 ਪਾਠੀ ਸਿੰਘਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਦੇ ਕੇ ਉਨ੍ਹਾਂ ਦੀ ਮਦਦ ਕੀਤੀ ਗਈ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਅਜੋਕੇ ਮਾਹੌਲ ਦੇ ਚੱਲਦਿਆਂ ਅਜਿਹੇ ਬਹੁਤ ਸਾਰੇ ਮੱਧਵਰਤੀ ਪਰਿਵਾਰ ਵੀ ਟਰੱਸਟ ਦੇ ਧਿਆਨ 'ਚ ਆ ਰਹੇ ਹਨ ਜੋ ਮਜ਼ਬੂਰ ਹੋਣ ਦੇ ਬਾਵਜੂਦ ਵੀ ਕਿਸੇ ਕੋਲੋਂ ਮਦਦ ਲੈਣ ਲਈ ਝਿਜਕ ਰਹੇ ਹਨ। ਉਨ੍ਹਾਂ ਦੱਸਿਆ ਕਿ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਰਾਸ਼ਨ ਵੰਡਣ ਦੇ ਦੂਜੇ ਪੜਾਅ ਦੌਰਾਨ ਜਿੱਥੇ ਅਜਿਹੇ ਪਰਿਵਾਰਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣ ਲਈ ਟਰੱਸਟ ਦੀਆਂ ਜਿਲ੍ਹਾ ਇਕਾਈਆਂ ਨੂੰ ਕਿਹਾ ਗਿਆ ਹੈ ਉੱਥੇ ਹੀ ਉਨ੍ਹਾਂ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਜਿੰਨਾ ਚਿਰ ਤੱਕ ਹਾਲਾਤ ਠੀਕ ਨਹੀਂ ਹੋ ਜਾਂਦੇ ਉਨ੍ਹਾਂ ਚਿਰ ਤੱਕ ਟਰੱਸਟ ਵੱਲੋਂ ਹਰ ਮਹੀਨੇ ਦੀ ਸ਼ੁਰੂਆਤ 'ਚ ਹੀ ਲੋੜਵੰਦ ਪਰਿਵਾਰਾਂ ਤੱਕ ਸੁੱਕਾ ਰਾਸ਼ਨ ਪੁੱਜਦਾ ਕਰ ਦਿੱਤਾ ਜਾਇਆ ਕਰੇਗਾ।
ਇਸ ਦੌਰਾਨ ਮੌਜੂਦ ਪਾਠੀ ਸਿੰਘਾਂ ਦੇ ਆਗੂ ਭਾਈ ਮੋਹਨ ਸਿੰਘ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਇਸ ਔਖੀ ਘੜੀ ਵੇਲੇ ਗੁਰੂ ਘਰ ਦੇ ਵਜ਼ੀਰਾਂ ਦੀ ਮਦਦ ਲਈ ਅੱਗੇ ਆਉਣ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਅੱਗੇ ਤਾਂ ਉਹ ਸਿੱਖ ਧਰਮ ਦੀ ਸਤਿਕਾਰਤ ਹਸਤੀ ਡਾ. ਓਬਰਾਏ ਵੱਲੋਂ ਪੂਰੀ ਦੁਨੀਆਂ ਅੰਦਰ ਲੋੜਵੰਦ ਲੋਕਾਂ ਲਈ ਕੀਤੇ ਜਾਂਦੇ ਉਪਕਾਰਾਂ ਦੀਆਂ ਚਰਚਾਵਾਂ ਅਖ਼ਬਾਰਾਂ ਜਾਂ ਟੈਲੀਵਿਜ਼ਨਾਂ ਰਾਹੀਂ ਵੇਖਦੇ ਸੁਣਦੇ ਸੀ ਪਰ ਅੱਜ ਉਨ੍ਹਾਂ ਦੀ ਸੱਚੀ-ਸੁੱਚੀ ਸੇਵਾ ਨੂੰ ਪ੍ਰਤੱਖ ਵੇਖ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਸੁੱਕੇ ਰਾਸ਼ਨ ਦੀ ਦਿੱਤੀ ਜਾ ਰਹੀ ਇੱਕ ਕਿੱਟ ਅੰਦਰ ਕਰੀਬ 19 ਕਿੱਲੋ ਸੁੱਕਾ ਰਾਸ਼ਨ ਹੈ, ਜਿਸ ਨਾਲ ਇੱਕ ਦਰਮਿਆਨੇ ਪਰਿਵਾਰ ਦਾ ਇੱਕ ਮਹੀਨੇ ਲਈ ਵਧੀਆ ਗੁਜ਼ਾਰਾ ਚੱਲ ਸਕੇਗਾ।