ਰਜਨੀਸ਼ ਸਰੀਨ
- ਸਿਹਤ ਵਿਭਾਗ ਦੇ ਡਰਾਇਵਰਾਂ ਨਾਲ ਦਿਨ ਰਾਤ ਕਰ ਰਹੇ ਹਨ ਡਿਊਟੀ
- ਦਰਜਾ ਚਾਰ ਕਰਮਚਾਰੀ ਵੀ ਐਂਬੂਲੈਂਸਾਂ ਨਾਲ ਨਿਭਾਅ ਰਹੇ ਨੇ ਡਿਊਟੀ
ਨਵਾਂਸ਼ਹਿਰ, 11 ਅਪਰੈਲ 2020 - ਜ਼ਿਲ੍ਹੇ ਨੂੰ ਕੋਵਿਡ-19 ਦੇ ਮੁਸ਼ਕਿਲ ਹਾਲਾਤਾਂ ’ਚੋਂ ਬਾਹਰ ਕੱਢਣ ਲਈ ਚੱਲ ਰਹੇ ਯੁੱਧ ’ਚ ਪੰਜਾਬ ਰੋਡਵੇਜ਼ ਨਵਾਸ਼ਹਿਰ ਡਿੱਪੂ ਦੇ 6 ਡਰਾਇਵਰਾਂ ਦਾ ਯੋਗਦਾਨ ਵੀ ਅੱਜ ਕਲ੍ਹ ਮੱਹਤਵਪੂਰਣ ਬਣਿਆ ਹੋਇਆ ਹੈ। ਇਹ ਡਰਾਇਵਰ ਸਰਕਾਰੀ ਹਸਪਤਾਲਾਂ ਦੀਆਂ ਐਂਬੂਲੈਂਸਾਂ ਦੇ ਸਾਰਥੀ ਬਣ ਸ਼ੱਕੀ ਮਰੀਜ਼ਾਂ, ਸੈਂਪਲਿੰਗ ਟੀਮਾਂ ਅਤੇ ਮੈਡੀਕਲ ਟੀਮਾਂ ਨੂੰ ਲਿਜਾਣ ਤੇ ਛੱਡਣ ਦੀਆਂ ਸੇਵਾਵਾਂ ਦਿਨ ਰਾਤ ਨਿਭਾ ਰਹੇ ਹਨ।
ਕਲ੍ਹ ਜਦੋਂ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ’ਚੋਂ ਦੋ ਐਂਬੂਲੈਂਸਾਂ ਸਿਹਤਯਾਬ ਹੋਏ ਪਠਲਾਵਾ, ਲਧਾਣਾ ਝਿੱਕਾ ਅਤੇ ਸੁੱਜੋਂ ਦੇ ਮਰੀਜ਼ਾਂ ਨੂੰ ਛੱਡਣ ਲਈ ਤਿਆਰ ਖੜ੍ਹੀਆਂ ਸਨ ਤਾਂ ਇਨ੍ਹਾਂ ’ਚੋਂ ਇੱਕ ਐਂਬੂਲੈਂਸ ਦੇ ਡਰਾਇਵਰ ਕੁਲਵਿੰਦਰ ਸਿੰਘ ਵਾਸੀ ਕਲਾਮ ਰੋਡ ਨਵਾਸ਼ਹਿਰ ਨਾਲ ਗੱਲਬਾਤ ਕਰਨ ’ਤੇ ਪਤਾ ਲੱਗਾ ਕਿ ਉਹ ਪੰਜਾਬ ਰੋਡਵੇਜ਼ ਨਵਾਂਸ਼ਹਿਰ ਡਿੱਪੂ ਤੋਂ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ’ਤੇ ਸਿਹਤ ਵਿਭਾਗ ’ਚ ਆਰਜ਼ੀ ਸੇਵਾਵਾਂ ਨਿਭਾਉਣ ਆਇਆ ਹੈ। ਉਸ ਦਾ ਦੂਸਰਾ ਸਾਥੀ ਸਰਬਜੀਤ ਸਿੰਘ ਵਾਸੀ ਜੈਨਪੁਰ (ਮਾਹਿਲਪੁਰ) ਰਾਤ ਦੀ ਡਿਊਟੀ ’ਤੇ ਚਲਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਉਨ੍ਹਾਂ ਸਣੇ 6 ਰੋਡਵੇਜ਼ ਦੇ ਡਰਾਇਵਰ ਇਸ ਮੁਸ਼ਕਿਲ ਦੀ ਘੜੀ ’ਚ ਸਰਕਾਰੀ ਐਂਬੂਲੈਂਸਾਂ ਚਲਾਉਣ ਦੀ ਡਿਊਟੀ ਨਿਭਾ ਰਹੇ ਹਨ।
ਕਮਿਊਨਿਟੀ ਹੈਲਥ ਸੈਂਟਰ ਬੰਗਾ ਵਿਖੇ ਸਰਕਾਰੀ ਐਂਬੂਲੈਂਸ ’ਤੇ ਬੰਗਾ ਸਬ ਡਵੀਜ਼ਨ ਦੇ ਕੋਵਿਡ-19 ਪ੍ਰਭਾਵਿਤ ਇਲਾਕਿਆਂ ਦੇ ਮਰੀਜ਼ਾਂ ਨੂੰ ਨਵਾਂਸ਼ਹਿਰ ਦੇ ਜ਼ਿਲ੍ਹਾ ਹਸਪਤਾਲ ’ਚ ਛੱਡਣ ਦੀਆਂ ਸੇਵਾਵਾਂ ਨਿਭਾਉਂਦੇ ਰਹੇ ਭੁਪਿੰਦਰ ਸਿੰਘ ਤੇ ਊਧਮ ਸਿੰਘ ਵੀ ਦਿਨ ਰਾਤ ਮਰੀਜ਼ਾਂ ਅਤੇ ਮੈਡੀਕਲ ਟੀਮਾਂ ਦੀਆਂ ਸੇਵਾਵਾਂ ’ਚ ਜੁਟੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਮੁਸ਼ਕਿਲ ਦੀ ਘੜੀ ’ਚ ਸਰਕਾਰੀ ਐਂਬੂਲੈਂਸਾਂ ਰਾਹੀਂ ਮਾਨਵਤਾ ਦੀ ਸੇਵਾ ਕਰਨ ’ਚ ਬਹੁਤ ਸਕੂਨ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੋ ਸਾਥੀ ਅਸ਼ਵਨੀ ਕੁਮਾਰ ਮੁਕੰਦਪੁਰ ਸਰਕਾਰੀ ਹਸਪਤਾਲ ਅਤੇ ਬਲਵੀਰ ਸਿੰਘ ਬਲਾਚੌਰ ਸਰਕਾਰੀ ਹਸਪਤਾਲ ’ਚ ਐਂਬੂਲੈਂਸ ’ਤੇ ਡਿਊਟੀ ਕਰ ਰਹੇ ਹਨ।
ਐਸ ਐਮ ਓ ਬੰਗਾ ਕਵਿਤਾ ਭਾਟੀਆ ਅਨੁਸਾਰ ਇਨ੍ਹਾਂ ਐਂਬੂਲੈਂਸਾਂ ਨਾਲ ਉਨ੍ਹਾਂ ਵੱਲੋਂ ਆਪਣੇ ਦਰਜਾ ਚਾਰ ਕਰਮਚਾਰੀਆਂ ਨੂੰ ਵੀ ਲਾਇਆ ਗਿਆ ਹੈ ਜੋ ਕਿ ਸ਼ੱਕੀ ਮਰੀਜ਼ਾਂ ਨੂੰ ਲਿਆਉਣ ਅਤੇ ਲਿਜਾਣ ਮੌਕੇ ਐਂਬੂਲੈਂਸ ਦੀਆਂ ਬਾਰੀਆਂ ਖੋਲ੍ਹਣ ਦੀ ਡਿਊਟੀ ਕਰਦੇ ਹਨ ਤਾਂ ਡਰਾਇਵਰਾਂ ਦੇ ਹੱਥ ਹੈਂਡਲਾਂ ’ਤੇ ਲੱਗਣ ਕਾਰਨ ‘ਲਾਗ’ ਅੱਗੇ ਨਾ ਜਾਵੇ। ਉਨ੍ਹਾਂ ਬੰਗਾ ਦੇ ਦਰਜਾ ਚਾਰ ਸੋਹਣ ਲਾਲ ਜੋ ਕਿ ਸੇਵਾਮੁਕਤੀ ਦੇ ਨੇੜੇ ਹੈ, ਵੱਲੋਂ ਕੋਵਿਡ-19 ਮਰੀਜ਼ਾਂ ਨੂੰ ਛੱਡਣ ’ਚ ਨਿਭਾਈਆਂ ਸੇਵਾਵਾਂ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ।
ਜ਼ਿਲ੍ਹਾ ਹਸਪਤਾਲ ਨਵਾਂਸ਼ੀਹਰ ਵਿਖੇ ਸਰਕਾਰੀ ਐਂਬੂਲੈਂਸ ’ਤੇ ਤਾਇਨਾਤ ਸਿਹਤ ਮਹਿਕਮੇ ਦੇ ਡਰਾਇਵਰ ਚਮਨ ਲਾਲ ਅਨੁਸਾਰ ਉਹ ਤੇ ਉਸ ਦਾ ਸਾਥੀ ਡਰਾਇਵਰ ਸੁਖਦੇਵ ਸਿੰਘ ਇੱਕ ਐਂਬੂਲੈਂਸ ਅਤੇ ਦੋ ਡਰਾਇਵਰ ਰੋਡਵੇਜ਼ ਤੋਂ ਦੂਸਰੀ ਐਂਬੂਲੈਂਸ ’ਤੇ ਦਿਨ-ਰਾਤ ਚੱਲ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਐਂਬੂਲੈਂਸ ’ਤੇ ਕਿਸੇ ਨੂੰ ਵੀ ਲਿਆਉਣ ਤੇ ਛੱਡਣ ਬਾਅਦ ਬਾਕਾਇਦਾ ‘ਰੋਗਾਣੂ ਨਾਸ਼ਕ ਘੋਲ’ ਦਾ ਛਿੜਕਾਅ ਅੰਦਰ ਅਤੇ ਬਾਹਰ ਕੀਤਾ ਜਾਂਦਾ ਹੈ ਤਾਂ ਜੋ ਅਗਲੇ ਗੇੜੇ ਦੌਰਾਨ ਵਿੱਚ ਬੈਠਣ ਵਾਲੇ ਨੂੰ ਕੋਰੋਨਾ ਵਾਇਰਸ ਦੀ ਲਾਗ ਨਾ ਲੱਗੇ।
ਜੀ ਐਮ ਰੋਡਵੇਜ਼ ਨਵਾਸ਼ਹਿਰ ਐਚ ਐਸ ਉੱਪਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮੁਸ਼ਕਿਲ ਦੀ ਘੜੀ ’ਚ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦਦਾ ਪੂਰਾ ਸਹਿਯੋਗ ਕਰ ਰਹੇ ਹਨ।