ਹਰਿੰਦਰ ਨਿੱਕਾ
ਸੰਗਰੂਰ, 26 ਅਪ੍ਰੈਲ 2020: ਡਿਪਟੀ ਕਮਿਸ਼ਨਰ ਸ੍ਰੀ ਘਨਸਿਆਮ ਥੋਰੀ ਨੇ ਕੋਰੋਨਾ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਲੋਕਾਂ ਨੂੰ ਵਧੇਰੇ ਚੌਕਸ ਰਹਿਣ ਅਤੇ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜਾਰੀ ਸਲਾਹਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਵਿਅਕਤੀ ਰੋਜ਼ਾਨਾ ਵੱਧ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹਨ, ਉਹ ਵਾਇਰਸ ਦੇ ਸੰਕ੍ਰਮਣ ਨੂੰ ਫ਼ੈਲਾਉਣ ਵਿੱਚ ਸੁਪਰ ਸਪਰੈਡਰ ਸਾਬਤ ਹੋ ਸਕਦੇ ਹਨ । ਇਸ ਲਈ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਵਾਲੀਆਂ ਵਸਤੂਆਂ ਜਿਵੇਂ ਸਬਜ਼ੀਆਂ, ਫ਼ਲ, ਦੁੱਧ, ਰਾਸ਼ਨ ਆਦਿ ਪ੍ਰਾਪਤ ਕਰਨ ਸਮੇਂ ਸਮਾਜਿਕ ਦੂਰੀ ਦੇ ਨਿਯਮ, ਮਾਸਕ, ਹੱੱਥ ਚੰਗੀ ਤਰ੍ਹਾਂ ਧੋਣ ਆਦਿ ਦੀ ਪਾਲਣਾ ਕੀਤੀ ਜਾਣੀ ਚਾਹੀਂਦੀ ਹੈ।
ਸ੍ਰੀ ਥੋਰੀ ਨੇ ਕਿਹਾ ਕਿ ਐਮਰਜੈਂਸੀ ਹਾਲਾਤਾਂ ਤੋਂ ਬਿਨਾਂ ਆਪਣੇ ਘਰਾਂ ਤੋਂ ਬਿਲਕੁੱਲ ਵੀ ਬਾਹਰ ਨਾ ਨਿਕਲਿਆ ਜਾਵੇ ਤਾਂ ਜੋ ਘੱਟ ਤੋਂ ਘੱਟ ਲੋਕਾਂ ਨਾਲ ਸਿੱਧਾ ਸੰਪਰਕ ਹੋਵੇ । ਉਨ੍ਹਾਂ ਕਿਹਾ ਕਿ ਚੌਕਸ ਰਹਿਣ ਨਾਲ ਸੁਪਰ ਸਪਰੈਡਰ ਬਣਨ ਤੋਂ ਬਚਿਆ ਜਾ ਸਕਦਾ ਹੈ ਕਿਉਂਕਿ ਸੁਪਰ ਸਪਰੈਡਰ ਰਾਹੀਂ ਕੋਰੋਨਾ ਵਾਇਰਸ ਤੇਜ਼ੀ ਨਾਲ ਵੱਧਦਾ ਹੈ ਅਤੇ ਇਸਦੇ ਪ੍ਰਭਾਵ ਹੇਠ 20-25 ਜਾਂ ਇਸ ਤੋਂ ਵਧੇਰੇ ਵਿਅਕਤੀ ਵਾਇਰਸ ਦੀ ਮਾਰ ਹੇਠ ਆ ਜਾਂਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਧਾਰਨ ਗਲੋਬਲ ਅੰਕੜਿਆਂ ਮੁਤਾਬਕ ਇੱਕ ਕੋਰੋਨਾ ਪਾਜ਼ੀਟਿਵ ਵਿਅਕਤੀ ਔਸਤਨ 2 ਜਾਂ 3 ਹੋਰ ਵਿਅਕਤੀਆਂ ਨੂੰ ਸੰਕ੍ਰਮਿਤ ਕਰਦਾ ਹੈ । ਜਦਕਿ ਸੁਪਰ ਸਪਰੈਡਰ ਰਾਹੀਂ ਇਹ ਗਿਣਤੀ ਕਈ ਗੁਣਾ ਵੱਧ ਜਾਂਦੀ ਹੈ। ਡਿਪਟੀ ਕਮਿਸ਼ਨਰ ਨੇ ਸਖਤ ਹਦਾਇਤ ਕੀਤੀ ਕਿ ਸੁਪਰ ਸਪਰੈਡਰ ਬਣਨ ਤੋਂ ਗੁਰੇਜ਼ ਕੀਤਾ ਜਾਵੇ ਅਤੇ ਰੋਜ਼ਾਨਾ ਜਿੰਦਗੀ ਦੀਆਂ ਲੋੜਾਂ ਸਬੰਧੀ ਵਧੇਰੇ ਲੋਕਾਂ ਨਾਲ ਸੰਪਰਕ ਰੱਖਣ ਵਾਲਿਆਂ ਤੋਂ ਬਚਾਅ ਰੱਖਿਆ ਜਾਵੇ।