ਸਰਕਾਰ ਦੇ ਘਰ-ਘਰ ਸਮਾਨ ਪਹੁੰਚਾਉਣ ਦੇ ਦਾਅਵੇ ਠੁੱਸ : ਇਸਤਰੀ ਜਾਗਰਿਤੀ ਮੰਚ
ਜਲੰਧਰ 26 ਮਾਰਚ 2020: ਆਪਣੀਆਂ ਬੇਹੱਦ ਲੋੜੀਂਦੀਆਂ ਵਸਤਾਂ ਲਈ ਘਰੋਂ ਨਿਕਲ ਰਹੇ ਲੋਕਾਂ ਨੂੰ ਲਗਾਤਾਰ ਪੁਲੀਸ ਦੀ ਕੁੱਟਮਾਰ ਅਤੇ ਜ਼ਰੂਰਤ ਦੀਆਂ ਦਵਾਈਆਂ, ਸਮਾਨ ਆਦਿ ਨਾ ਮਿਲਣ ਕਰਕੇ ਲੋਕ ਲਗਾਤਾਰ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।
ਇਸਤਰੀ ਜਾਗਰਿਤੀ ਮੰਚ ਦੀ ਪ੍ਰੈਸ ਸਕੱਤਰ ਜਸਵੀਰ ਕੌਰ ਨੇ ਇੱਥੋਂ ਜਾਰੀ ਬਿਆਨ ਰਾਹੀਂ ਕਿਹਾ ਕਿ ਜਲੰਧਰ ਪ੍ਰਸਾਸ਼ਨ ਵੱਲੋਂ ਮੁਹੱਈਆ ਕਰਵਾਏ ਨੰਬਰ ਲਗਾਤਾਰ ਰੁੱਝੇ, ਕਵਰੇਜ ਖੇਤਰ ਤੋਂ ਬਾਹਰ, ਫੋਨ ਬੰਦ ਜਾਂ ਫਿਰ ਵਾਰ-ਵਾਰ ਫੋਨ ਕਰਨ 'ਤੇ ਅਧਿਕਾਰੀਆਂ ਵੱਲੋਂ ਫੋਨ ਨਾ ਚੁੱਕਣ ਕਾਰਨ ਲੋਕ ਲਗਾਤਾਰ ਪ੍ਰੇਸ਼ਾਨ ਹੋ ਰਹੇ ਹਨ। ਅਚਾਨਕ ਕੀਤੇ ਸ਼ਟ-ਡਾਊਨ ਨੇ ਲੋਕਾਂ ਦਾ ਜੀਣਾ ਦੁੱਭਰ ਕਰ ਦਿੱਤਾ ਹੈ। ਰੋਜ਼ ਕਮਾਉਣ ਤੇ ਉਹੀ ਖਾਣ ਵਾਲੇ ਦਿਹਾੜੀਦਾਰ, ਖੇਤ ਮਜ਼ਦੂਰ, ਰੇਹੜੀ ਫੜ•ੀ ਵਾਲੇ, ਰਿਕਸ਼ਾ ਚਾਲਕ ਦਾ ਜੀਣਾ ਦੁੱਭਰ ਹੋ ਗਿਆ ਹੈ। ਇਸ ਸੰਕਟ ਸਮੇਂ ਸਰਕਾਰਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਜ਼ਰੂਰੀ ਵਸਤਾਂ ਲੋਕਾਂ ਦੇ ਘਰਾਂ ਵਿੱਚ ਪਹੁੰਚਾਈਆਂ ਜਾਂਦੀਆਂ। ਗਰੀਬਾਂ, ਬਜ਼ੁਰਗਾਂ ਅਤੇ ਬੇਰੁਜ਼ਗਾਰ ਲੋਕਾਂ ਦੀ ਸਹਾਇਤਾ ਕਰੇ। ਪਰ ਪੁਲੀਸ ਉਲਟਾ ਲੋਕਾਂ ਨੂੰ ਕੁੱਟ ਅਤੇ ਅਪਮਾਨਤ ਕਰਕੇ ਸਹਿਮ ਦਾ ਮਾਹੌਲ ਬਣਾ ਰਹੀ ਹੈ।
ਉਹਨਾਂ ਮੰਗ ਕੀਤੀ ਕਿ ਪੁਲੀਸ ਵੱਲੋਂ ਲੋਕਾਂ ਨਾਲ ਕੀਤੀ ਜਾ ਰਹੀ ਗੁੰਡਾਗਰਦੀ ਨੂੰ ਬੰਦ ਕੀਤਾ ਜਾਵੇ ਤੇ ਇਸ ਤਰ•ਾਂ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਬਣਦੀ ਸਖਤ ਕਾਰਵਾਈ ਕੀਤੀ ਜਾਵੇ, ਗਰਭਵਤੀ ਔਰਤਾਂ ਨੂੰ ਲੋੜੀਂਦੀਆਂ ਦਵਾਈਆਂ ਅਤੇ ਹੋਰ ਸਹੂਲਤਾਂ ਬਿਨਾਂ ਕਿਸੇ ਦੇਰੀ ਤੇ ਸ਼ਰਤ ਤੋਂ ਮੁਹੱਈਆ ਕਰਵਾਈਆਂ ਜਾਣ, ਸਰਕਾਰ ਲੋਕਾਂ ਨੂੰ ਮੁਫ਼ਤ ਰਾਸ਼ਨ, ਦਵਾਈਆਂ, ਸਾਫ਼ ਸਫਾਈ ਦਾ ਲੋੜੀਂਦਾ ਸਮਾਨ ਪਹੁੰਚਾਉਣ ਦਾ ਪ੍ਰਬੰਧ ਕਰੇ। ਉਹਨਾਂ ਨੂੰ ਘੱਟੋ-ਘੱਟ ਉਜਰਤ ਦੇ ਬਰਾਬਰ ਵਿੱਤੀ ਸਹਾਇਤਾ ਦੇਣ ਦਾ ਐਲਾਨ ਕਰੇ। ਬਿਮਾਰੀ ਤੋਂ ਬਚਾਅ ਲਈ ਵੈਂਟੀਲੇਟਰ, ਲੋੜੀਂਦੀਆਂ ਟੈਸਟ ਕਿੱਟਾਂ, ਸੈਨੇਟਾਈਜਰ, ਮਾਸਕ ਅਤੇ ਹੋਰ ਜ਼ਰੂਰੀ ਸਾਮਾਨ ਦਾ ਪ੍ਰਬੰਧ ਕਰੇ। ਬਿਮਾਰੀ ਦੇ ਇਲਾਜ ਵਿੱਚ ਲੱਗੇ ਡਾਕਟਰ-ਨਰਸਾਂ ਆਦਿ ਦੇ ਬਚਾਅ ਲਈ ਲੋੜੀਂਦਾ ਸਮਾਨ ਮੁਹੱਈਆ ਕਰਵਾਏ। ਡਾਕਟਰ, ਨਰਸਾਂ, ਪੈਰਾ-ਮੈਡੀਕਲ ਅਤੇ ਹੋਰ ਬੰਦ ਭਰਤੀ ਫੌਰੀ ਚਾਲੂ ਕੀਤੀ ਜਾਵੇ।