ਅਸ਼ੋਕ ਵਰਮਾ
ਬਠਿੰਡਾ, 14 ਅਪਰੈਲ 2020 - ਕੋਰੋਨਾ ਬਿਮਾਰੀ ਦੀ ਜੰਗ ਨਾਲ ਜਿੱਥੇ ਡਾਕਟਰ, ਨਰਸਾਂ, ਹੈੱਲਥ ਵਰਕਰ, ਪ੍ਰਸ਼ਾਸਨਿਕ ਅਧਿਕਾਰੀ, ਸਫਾਈ ਸੇਵਕ, ਪੁਲਿਸ ਮੁਲਾਜਮ ਅਤੇ ਵਲੰਟੀਅਰਜ਼ ਫਰੰਟ ਲਾਈਨ ਯੋਧਿਆਂ ਦੇ ਤੌਰ ਤੇ ਕੰਮ ਕਰ ਰਹੇ ਹਨ, ਉੱਥੇ ਬਲੱਡ ਬੈਂਕਾਂ ਵਿੱਚ ਖ਼ੂਨ ਦੀ ਕਮੀਂ ਨੂੰ ਦੇਖਦਿਆਂ ਸਵੈਇੱਛੁਕ ਖ਼ੂਨਦਾਨੀ ਵੀ ਲੋੜਵੰਦਾਂ ਲਈ ਜਰੂਰਤ ਮੁਤਾਬਕ ਖ਼ੂਨਦਾਨ ਕਰ ਰਹੇ ਹਨ। ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਵਿਖੇ ਰੈੱਡ ਕਰਾਸ ਸੁਸਾਇਟੀ ਦੀ ਪ੍ਰੇਰਣਾ ਅਤੇ ਸਹਿਯੋਗ ਨਾਲ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਨੇ ਅੱਜ 10 ਯੂਨਿਟਾਂ ਹੋਰ ਖ਼ੂਨਦਾਨ ਕੀਤਾ।
ਬਲੱਡ ਬੈਂਕ ਦੀ ਕਾਲ ਤੇ ਪਿਛਲੇ ਇੱਕ ਹਫ਼ਤੇ ਦੌਰਾਨ ਯੂਨਾਈਟਿਡ ਵੈਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਨੇ ਲੋੜ ਮੁਤਾਬਕ 40 ਯੂਨਿਟਾਂ ਖ਼ੂਨ ਦਾਨ ਕਰਵਾਇਆ ਹੈ। ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੇ ਖ਼ੂਨਦਾਨੀਆਂ ਵਿੱਚੋਂ ਇੰਦਰਜੀਤ ਸਿੰਘ, ਜਸਵੰਤ ਅਸੀਜਾ, ਦਿਲਬਾਗ ਸਿੰਘ, ਗੁਰਸੇਵਕ ਸਿੰਘ, ਗੁਰਚਰਨ ਸਿੰਘ ਵਿਰਕ, ਰਕੇਸ਼, ਰੋਹਿਤ, ਵਿਕਰਮ, ਗੁਲਸ਼ਨ ਅਤੇ ਸੁਖਜਿੰਦਰ ਰੋਮਾਣਾ ਨੇ ਆਪਣਾ ਖ਼ੂਨ ਬਲੱਡ ਬੈਂਕ ਵਿੱਚ ਦਾਨ ਕੀਤਾ।
ਰੈੱਡ ਕਰਾਸ ਸੁਸਾਇਟੀ ਦੇ ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਅਤੇ ਸੰਸਥਾ ਬਾਨੀ ਵਿਜੇ ਭੱਟ ਨੇ ਬਲੱਡ ਬੈਂਕ ਵਿਖੇ ਇਹਨਾਂ ਖ਼ੂਨਦਾਨੀਆਂ ਦੀਆਂ ਨਿਸ਼ਕਾਮ ਸੇਵਾਵਾਂ ਨੂੰ ਪ੍ਰਣਾਮ ਕੀਤਾ। ਰੈਡ ਕਰਾਸ ਵੱਲੋਂ ਇਹਨਾਂ ਖ਼ੂਨਦਾਨੀਆਂ ਨੂੰ ਕੋਰੋਨਾ ਤੋਂ ਬਚਣ ਸੰਬੰਧੀ ਸੇਫਟੀ ਟਿਪਸ ਵੀ ਦਿੱਤੇ। ਸੰਸਥਾ ਬਾਨੀ ਵਿਜੇ ਭੱਟ ਨੇ ਖ਼ੂਨਦਾਨੀਆਂ ਦਾ ਸ਼ੁਕਰਾਨਾ ਕੀਤਾ।