ਫਿਰੋਜ਼ਪੁਰ, 8 ਮਈ 2020 : ਕੋਰੋਨਾ ਵਾਇਰਸ ਵਿਰੁੱਧ ਚੱਲ ਰਹੀ ਲੜਾਈ ਵਿਚ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਜਿਨ੍ਹਾਂ ਨੇ ਸੰਕਟ ਦੀ ਇਸ ਘੜੀ ਵਿਚ ਫਰੰਟ ਲਾਈਨ ਸੰਸਥਾਵਾਂ ਦੀ ਭੂਮਿਕਾ ਨਿਭਾਉਂਦਿਆਂ ਲੋਕਾਂ ਤੱਕ ਕਰੋੜਾਂ ਰੁਪਏ ਦੀਆਂ ਜ਼ਰੂਰੀ ਵਸਤਾਂ ਪਹੁੰਚਾਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਿਕਾਰੀ ਸਭਾਵਾਂ ਦੇ ਡਿਪਟੀ ਰਜਿਸਟਰਾਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਕਰਫਿਊ ਦੌਰਾਨ ਫਿਰੋਜ਼ਪੁਰ ਵਿੱਚ ਸਹਿਕਾਰੀ ਸਭਾਵਾਂ ਨੇ ਲੋਕਾਂ ਨੂੰ 2,26,55,33 ਰੁਪਏ ਦਾ ਸਾਮਾਨ ਭੇਜਿਆ ਹੈ। ਵੇਰਕਾ ਡੇਅਰੀ ਫਿਰੋਜ਼ਪੁਰ ਨੇ ਕਰਫਿਊ ਦੌਰਾਨ ਲੋਕਾਂ ਲਈ 1,78,50,000 ਰੁਪਏ ਦੇ ਦੁੱਧ ਉਤਪਾਦ ਲੋਕਾਂ ਤੱਕ ਪਹੁੰਚਾਏ ਹਨ, ਇਸ ਦੇ ਨਾਲ ਹੀ 27,60,000 ਰੁਪਏ ਦੇ ਪਸ਼ੂ ਭੋਜਣ ਦੀ ਵਿਕਰੀ ਕੀਤੀ ਹੈ। ਇਸ ਤੋਂ ਇਲਾਵਾ ਇਸ ਕਰਫਿਊ ਦੌਰਾਨ ਵੇਰਕਾ ਦੀ ਤਰਫੋਂ 2,50,000 ਰੁਪਏ ਦਾ ਘੀ ਵੇਚਿਆ ਗਿਆ ਹੈ।
ਡਿਪਟੀ ਰਜਿਸਟਰਾਰ ਨੇ ਦੱਸਿਆ ਕਿ ਖੇਤੀਬਾੜੀ ਸਹਿਕਾਰੀ ਸੇਵਾ ਸੁਸਾਇਟੀਆਂ ਵੱਲੋਂ ਲੋਕਾਂ ਨੂੰ ਜਰੂਰੀ ਵਸਤਾਂ ਜਿਵੇਂ ਖੰਡ, ਦਾਲਾਂ, ਘਿਓ, ਤੇਲ ਅਤੇ ਹੋਰ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਣਾਇਆ ਗਿਆ ਹੈ। ਇਸੇ ਤਰ੍ਹਾਂ ਮਾਰਕਫੈਡ ਫਿਰੋਜ਼ਪੁਰ ਦੁਆਰਾ 16,00,322 ਰੁਪਏ ਦਾ ਖਾਣ ਪੀਣ ਦਾ ਸਮਾਨ ਅਤੇ 1,95,011 ਰੁਪਏ ਦੇ ਜਾਨਵਰਾਂ ਦੀਆਂ ਖਾਣ ਪੀਣ ਦੀਆਂ ਵਸਤੂਆਂ ਵੇਚੀਆਂ ਹਨ।
ਉਨ੍ਹਾਂ ਕਿਹਾ ਕਿ ਕਾਪਰੇਟਿਵ ਸੁਸਾਇਟੀ ਵੱਲੋਂ ਫਿਰੋਜਪੁਰ ਦੇ ਵੱਖ-ਵੱਖ ਸਵੈ-ਸਹਾਇਤਾ ਸਮੂਹਾਂ ਤਰਫੋਂ ਫੇਸ ਮਾਸਕ ਤਿਆਰ ਕੀਤੇ ਜਾ ਰਹੇ ਹਨ, ਜਿਸ ਨੂੰ ਲੋਕਾਂ ਨੂੰ ਵਾਜਬ ਕੀਮਤਾਂ ਤੇ ਮੁਹੱਈਆ ਕਰਵਾਈਆਂ ਜਾ ਰਿਹਾ ਹੈ। ਇਹ ਸਾਰਾ ਕੰਮ ਪ੍ਰਾਇਮਰੀ ਖੇਤੀਬਾੜੀ ਸੁਸਾਇਟੀਆਂ ਰਾਹੀਂ ਕੀਤਾ ਜਾ ਰਿਹਾ ਹੈ।