ਮਿੱਤਰ ਸੈਨ ਸ਼ਰਮਾ
ਮਾਨਸਾ 01 ਜੂਨ 2020: ਪੰਜਾਬ ਸਰਕਾਰ ਵੱਲੋਂ ਲਾਕਡਾਊਨ 5.0 ਸਬੰਧੀ ਜਾਰੀ ਨਵੀਆਂ ਹਦਾਇਤਾਂ ਮੁਤਾਬਿਕ ਕਨਟੇਨਮੈਂਟ ਜ਼ੋਨ ਵਿਚ ਲਾਕਡਾਊਨ 30 ਜੂਨ ਤੱਕ ਲਾਗੂ ਰਹੇਗਾ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਜ਼ਿਲ੍ਹਾ ਮੈਜਿਸਟ੍ਰੇਟ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮਾਨਸਾ ਦੀ ਹੱਦ ਅੰਦਰ ਨਾਈਟ ਕਰਫਿਊ (ਸਿਵਾਏ ਜ਼ਰੂਰੀ/ਮੈਡੀਕਲ ਐਮਰਜੈਂਸੀ) ਦਾ ਸਮਾਂ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਦੀ ਥਾਂ, ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕੀਤਾ ਜਾਂਦਾ ਹੈ ।ਸ਼੍ਰੀ ਚਹਿਲ ਨੇ ਦੱਸਿਆ ਕਿ ਕਨਟੇਨਮੈਂਟ ਜੋਨ ਤੋਂ ਬਾਹਰ ਰੋਜ਼ਾਨਾ ਦੀਆਂ ਜ਼ਰੂਰੀ ਵਸਤਾਂ ਨੂੰ ਛੋਟ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਦੁੱਧ, ਦੁੱਧ ਦੀਆਂ ਡੇਅਰੀਆਂ ਸ਼ਰਤਾਂ ਦੇ ਆਧਾਰ 'ਤੇ ਹਫ਼ਤੇ ਦੇ ਸਾਰੇ ਦਿਨ ਸਵੇਰੇ 5 ਵਜੇ ਤੋਂ ਰਾਤ 7 ਵਜੇ ਤੱਕ, ਫ਼ਲ ਅਤੇ ਸਬਜ਼ੀਆਂ, ਦਵਾਈਆਂ ਦੀਆਂ ਦੁਕਾਨਾਂ, ਮੀਟ ਅਤੇ ਪੋਲਟਰੀ, ਪਸ਼ੂਆਂ ਲਈ ਹਰਾ–ਚਾਰਾ, ਤੂੜੀ, ਫੀਡ, ਖਾਦ ਬੀਜ, ਕੀੜੇਮਾਰ ਦਵਾਈਆਂ ਦੀਆਂ ਦੁਕਾਨਾਂ ਅਤੇ ਕੋਲਡ ਸਟੋਰ ਅਤੇ ਵੇਅਰ ਹਾਊਸ ਸ਼ਰਤਾਂ ਦੇ ਅਧਾਰ 'ਤੇ ਹਫ਼ਤੇ ਦੇ ਸਾਰੇ ਦਿਨ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹੇ ਰਹਿਣਗੇ ।ਸ਼੍ਰੀ ਚਹਿਲ ਨੇ ਕਿਹਾ ਕਿ ਸ਼ਰਾਬ ਦੇ ਠੇਕੇ ਪਹਿਲਾਂ ਜਾਰੀ ਸ਼ਰਤਾਂ ਦੇ ਅਧਾਰ 'ਤੇ ਹਫ਼ਤੇ ਦੇ ਸਾਰੇ ਦਿਨ ਸਵੇਰੇ 8 ਵਜੇ ਤੋਂ ਰਾਤ ਦੇ 8 ਵਜੇ ਤੱਕ ਖੁੱਲ੍ਹੇ ਰਹਿਣਗੇ ।ਉਨ੍ਹਾਂ ਦੱਸਿਆ ਕਿ ਵਰਜਿਤ ਸ਼੍ਰੇਣੀਆਂ ਤੋਂ ਇਲਾਵਾ ਸਾਰੀਆਂ ਦੁਕਾਨਾਂ (ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ) ਲਾਕਡਾਊਨ ਦੌਰਾਨ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਇਹ ਪ੍ਰਵਾਨਗੀ ਕਨਟੇਨਮੈਂਟ ਜੋਨ 'ਤੇ ਲਾਗੂ ਨਹੀਂ ਹੋਵੇਗੀ।ਪ੍ਰਵਾਨਿਤ ਦੁਕਾਨਾਂ ਸਿਰਫ਼ 50 ਫ਼ੀਸਦੀ ਸਟਾਫ਼ ਸਮੇਤ ਖੋਲ੍ਹੀਆਂ ਜਾਣਗੀਆਂ ਅਤੇ ਕੋਰੋਨਾ ਵਾਇਰਸ ਸਬੰਧੀ ਜਾਰੀ ਹਦਾਇਤਾਂ ਦਾ ਪਾਲਣ ਕਰਨਾ ਯਕੀਨੀ ਬਨਾਉਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਬੈਂਕ, ਇੰਸ਼ੋਰੈਂਸ, ਫਾਈਨੈਂਸ ਕੰਪਨੀਆਂ, ਕੋਰੀਅਰ ਪੋਸਟਲ ਸੇਵਾਵਾਂ ਅਤੇ ਈ-ਕਾਮਰਸ ਆਪਣੇ–ਆਪਣੇ ਨਿਯਮਿਤ ਸਮੇਂ ਅਤੇ ਦਿਨਾਂ ਅਨੁਸਾਰ ਖੁੱਲ੍ਹਣਗੇ।ਉਨ੍ਹਾਂ ਦੱਸਿਆ ਕਿ ਪ੍ਰਾਹੁਣਾਚਾਰੀ ਸੇਵਾਵਾਂ, ਸਿਨੇਮਾ ਹਾਲ, ਜਿੰਮ, ਸਵੀਮਿੰਗ ਪੂਲਜ਼, ਮਨੋਰੰਜਨ ਪਾਰਕ, ਕਲੱਬ, ਥੀਏਟਰ, ਬਾਰ, ਆਡੀਓਟੋਰੀਅਮ, ਐਸੰਬਲੀ ਹਾਲ ਅਤੇ ਹੋਰ ਸਮਾਜਿਕ, ਧਾਰਮਿਕ, ਰਾਜਨੀਤਿਕ, ਖੇਡਾਂ, ਮਨੋਰੰਜਨ, ਵਿੱਦਿਅਕ ਜਾਂ ਸੱਭਿਆਚਾਰਕ ਸਮਾਗਮ ਜਾਂ ਇੱਕਠ ਆਦਿ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ ।ਉਨ੍ਹਾਂ ਦੱਸਿਆ ਕਿ ਸਪੋਰਟਸ ਕੰਪਲੈਕਸ, ਸਟੇਡੀਅਮ ਨੂੰ ਬਿਨਾ ਦਰਸ਼ਕਾਂ ਤੋਂ ਖੋਲ੍ਹਣ ਦੀ ਪ੍ਰਵਾਨਗੀ ਪਹਿਲਾਂ ਜਾਰੀ ਹਦਾਇਤਾਂ ਅਨੁਸਾਰ ਹੀ ਰਹੇਗੀ ।ਉਨ੍ਹਾਂ ਦੱਸਿਆ ਕਿ ਬਾਕੀ ਸ਼ਰਤਾਂ ਪਹਿਲਾਂ ਜਾਰੀ ਹੁਕਮਾਂ ਅਨੁਸਾਰ ਲਾਗੂ ਰਹਿਣਗੀਆਂ ।ਉਨ੍ਹਾਂ ਦੱਸਿਆ ਕਿ ਉਕਤ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜੇਕਰ ਕੋਈ ਵਿਅਕਤੀ ਜਨਤਕ ਸਥਾਨ 'ਤੇ ਬਿਨਾ ਮਾਸਕ ਤੋਂ ਪਾਇਆ ਜਾਂਦਾ ਹੈ ਅਤੇ ਜਨਤਕ ਥਾਵਾਂ 'ਤੇ ਥੁੱਕਣ ਵਾਲੇ ਨੂੰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ।ਇਸ ਤੋਂ ਇਲਾਵਾ ਇਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 2000 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ।