ਅਸ਼ੋਕ ਵਰਮਾ
ਮਾਨਸਾ, 01 ਜੂਨ 2020: ਮਾਨਸਾ ਜਿਲੇ ’ਚ ਲਾਕਡਾਊਨ 5.0 ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ-ਜ਼ਿਲਾ ਮੈਜਿਸਟ੍ਰੇਟ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਇਨਾਂ ਹਦਾਇਤਾਂ ਮੁਤਾਬਿਕ ਕਨਟੇਨਮੈਂਟ ਜ਼ੋਨ ਵਿਚ ਲਾਕਡਾਊਨ 30 ਜੂਨ ਤੱਕ ਲਾਗੂ ਰਹੇਗਾ। ਉਨਾ ਦੱਸਿਆ ਕਿ ਇਸ ਤੋਂ ਇਲਾਵਾ ਇਨਾਂ ਹੁਕਮਾਂ ਵਿੱਚ ਹੋਈਆਂ ਹਦਾਇਤਾਂ ਦੀ ਪਾਲਣਾ ਹਿੱਤ ਜ਼ਿਲਾ ਮਾਨਸਾ ਦੀ ਹਦੂਦ ਅੰਦਰ ਨਾਈਟ ਕਰਫਿਊ (ਸਿਵਾਏ ਜ਼ਰੂਰੀ/ਮੈਡੀਕਲ ਐਮਰਜੈਂਸੀ) ਦਾ ਸਮਾਂ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਦੀ ਥਾਂ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕੀਤਾ ਜਾਂਦਾ ਹੈ। ਸ਼੍ਰੀ ਚਹਿਲ ਨੇ ਦੱਸਿਆ ਕਿ ਕਨਟੇਨਮੈਂਟ ਜੋਨ ਤੋਂ ਬਾਹਰ ਦੇ ਇਲਾਕੇ ਲਈ ਵੱਖਰੇ ਤੌਰ ‘ਤੇ ਹਦਾਇਤਾਂ ਜਾਰੀ ਹੋਈਆਂ ਹਨ। ਇਨਾਂ ਦੀ ਪਾਲਣਾ ਹਿੱਤ ਜ਼ਿਲਾ ਮਾਨਸਾ ਵਿੱਚ ਕਨਟੇਨਮੈਂਟ ਜੋਨ ਤੋਂ ਬਾਹਰ ਰੋਜ਼ਮਰਾ ਦੀਆਂ ਜ਼ਰੂਰੀ ਵਸਤਾਂ ਨੂੰ ਛੋਟ ਦਿੱਤੀ ਗਈ ਹੈ।ਉਨਾਂ ਦੱਸਿਆ ਕਿ ਦੁੱਧ, ਦੁੱਧ ਦੀਆਂ ਡਾਇਰੀਆਂ ਸ਼ਰਤਾਂ ਦੇ ਅਧਾਰ ‘ਤੇ ਹਫ਼ਤੇ ਦੇ ਸਾਰੇ ਦਿਨ ਸਵੇਰੇ 5 ਵਜੇ ਤੋਂ ਰਾਤ 7 ਵਜੇ ਤੱਕ, ਫਲ ਅਤੇ ਸਬਜ਼ੀਆਂ, ਦਵਾਈਆਂ ਦੀਆਂ ਦੁਕਾਨਾਂ, ਮੀਟ ਅਤੇ ਪੋਲਟਰੀ, ਪਸ਼ੂਆਂ ਲਈ ਹਰਾ ਚਾਰਾ, ਤੂੜੀ, ਫੀਡ, ਖਾਦ ਬੀਜ, ਕੀੜੇਮਾਰ ਦਵਾਈਆਂ ਦੀਆਂ ਦੁਕਾਨਾਂ ਅਤੇ ਕੋਲਡ ਸਟੋਰ ਅਤੇ ਵੇਅਰਹਾਊਸ ਸ਼ਰਤਾਂ ਦੇ ਅਧਾਰ ‘ਤੇ ਹਫ਼ਤੇ ਦੇ ਸਾਰੇ ਦਿਨ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਖੁਲੀਆਂ ਰਹਿਣਗੀਆਂ।
ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਕਿਹਾ ਕਿ ਸ਼ਰਾਬ ਦੇ ਠੇਕੇ ਪਹਿਲਾਂ ਜਾਰੀ ਸ਼ਰਤਾਂ ਦੇ ਅਧਾਰ ‘ਤੇ ਹਫ਼ਤੇ ਦੇ ਸਾਰੇ ਦਿਨ ਸਵੇਰੇ 8 ਵਜੇ ਤੋਂ ਰਾਤ ਦੇ 8 ਵਜੇ ਤੱਕ ਖੁਲੇ ਰਹਿਣਗੇ। ਉਨਾਂ ਦੱਸਿਆ ਕਿ ਵਰਜਿਤ ਸ਼੍ਰੇਣੀਆਂ ਤੋਂ ਸਾਰੀਆਂ ਦੁਕਾਨਾਂ (ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ) ਲਾਕਡਾਊਨ ਦੌਰਾਨ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਖੋਲਣ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ।ਉਨਾਂ ਦੱਸਿਆ ਕਿ ਇਹ ਪ੍ਰਵਾਨਗੀ ਕਨਟੇਨਮੈਂਟ ਜੋਨ ‘ਤੇ ਲਾਗੂ ਨਹੀਂ ਹੋਵੇਗੀ।ਪ੍ਰਵਾਨਿਤ ਦੁਕਾਨਾਂ ਸਿਰਫ਼ 50 ਫੀਸਦੀ ਸਟਾਫ਼ ਸਮੇਤ ਖੋਲੀਆਂ ਜਾਣਗੀਆਂ।ਉਨਾਂ ਦੱਸਿਆ ਕਿ ਹਰੇਕ ਦੁਕਾਨਦਾਰ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਨਾਂ ਵੱਲੋਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਦੁਕਾਨ ਅੰਦਰ ਮਾਸਕ ਪਹਿਣਨਾ, ਸਮਾਜਿਕ ਦੂਰੀ, ਸੈਨੇਟਾਈਜ਼ਰ ਦੀ ਵਰਤੋਂ, ਹੱਥ ਧੋਣ ਦਾ ਪ੍ਰਬੰਧ ਕਰਨਾ, ਦੁਕਾਨ ਅੰਦਰ 2 ਤੋਂ ਵੱਧ ਵਿਅਕਤੀਆਂ ਦਾ ਇੱਕੋ ਸਮੇ ਨਾ ਹੋਣਾ, ਹੱਥਾਂ ‘ਤੇ ਦਸਤਾਨੇ ਪਹਿਨ ਕੇ ਰੱਖਣਾ, ਦੁਕਾਨ, ਕਾਰੋਬਾਰੀ ਸਥਾਨ ਨੂੰ ਰੋਜ਼ਾਨਾ ਸਮੇਂ-ਸਮੇਂ ‘ਤੇ ਸੈਨੇਟਾਈਜ਼ ਕਰਕੇ ਰੱਖਣ ਨੂੰ ਯਕੀਨੀ ਬਣਾਇਆ ਜਾਵੇ।ਉਨਾਂ ਦੱਸਿਆ ਕਿ ਕਿਸੇ ਵੀ ਵਿਅਕਤੀ, ਸਟਾਫ਼ ਜਿਸ ਨੂੰ ਖੰਘ, ਗਲਾ ਖ਼ਰਾਬ, ਜ਼ੁਕਾਮ, ਬੁਖ਼ਾਰ ਆਦਿ ਹੋਵੇ, ਉਸ ਨੂੰ ਦੁਕਾਨ, ਕਾਰੋਬਾਰ ਅੰਦਰ ਦਾਖਲ ਨਾ ਕਰਨਾ ਦੁਕਾਨਦਾਰ ਦੀ ਨਿੱਜੀ ਜ਼ਿੰਮੇਵਾਰੀ ਸਮਝੀ ਜਾਵੇਗੀ।
ਉਨਾਂ ਦੱਸਿਆ ਕਿ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਬੈਂਕ, ਇੰਨਸੋਰੈਂਸ ਫਾਈਨੈਂਸ ਕੰਪਨੀਆਂ, ਕੋਰੀਅਰ ਪੋਸਟਲ ਸੇਵਾਵਾਂ ਅਤੇ ਈ-ਕਾਮਰਸ ਆਪਣੇ ਆਪਣੇ ਨਿਯਮਿਤ ਸਮੇਂ ਅਤੇ ਦਿਨਾਂ ਅਨੁਸਾਰ ਖੁਲਣਗੇ।ਇਸ ਤੋਂ ਇਲਾਵਾ ਸਰਕਾਰੀ (ਕੇਂਦਰੀ ਅਤੇ ਰਾਜ ਸਰਕਾਰ) ਅਤੇ ਨਿੱਜੀ ਦਫ਼ਤਰ, ਵਿੱਦਿਅਕ ਅਦਾਰੇ (ਕੇਵਲ ਦਫ਼ਤਰੀ ਕਾਰਜਾਂ ਕਿਤਾਬਾਂ ਦੀ ਵੰਡ ਅਤੇ ਆਨ-ਲਾਈਨ ਪੜਾਈ ਲਈ) ਆਪਣੇ ਆਪਣੇ ਨਿਯਮਿਤ ਅਤੇ ਦਿਨਾਂ ਅਨੁਸਾਰ ਖੁਲਣਗੇ। ਉਨਾਂ ਦੱਸਿਆ ਕਿ ਪ੍ਰਾਹੁਣਾਚਾਰੀ ਸੇਵਾਵਾਂ, ਸਿਨੇਮਾ ਹਾਲ, ਜਿੰਮ, ਸਵੀਮਿੰਗ ਪੂਲਜ਼, ਮਨੋਰੰਜਨ ਪਾਰਕ, ਕਲੱਬ, ਥਿਏਟਰ, ਬਾਰ, ਆਡੀਓਟੋਰੀਅਮ, ਐਸੰਬਲੀ ਹਾਲ ਅਤੇ ਹੋਰ ਸਮਾਜਿਕ, ਧਾਰਮਿਕ, ਰਾਜਨੀਤਿਕ, ਖੇਡਾਂ, ਮਨੋਰੰਜਨ, ਵਿੱਦਿਅਕ ਜਾਂ ਸਭਿਆਚਾਰਕ ਸਮਾਗਮ ਜਾਂ ਇੱਕਠ ਆਦਿ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਉਨਾਂ ਦੱਸਿਆ ਕਿ ਸਪੋਰਟਸ ਕੰਪਲੈਕਸ, ਸਟੇਡੀਅਮ ਨੂੰ ਬਿਨਾਂ ਦਰਸ਼ਕਾਂ ਤੋਂ ਖੋਲਣ ਦੀ ਪ੍ਰਵਾਨਗੀ ਪਹਿਲਾਂ ਜਾਰੀ ਹਦਾਇਤਾਂ ਅਨੁਸਾਰ ਹੀ ਰਹੇਗੀ।ਉਨਾਂ ਦੱਸਿਆ ਕਿ ਬਾਕੀ ਸ਼ਰਤਾਂ ਪਹਿਲਾਂ ਜਾਰੀ ਹੁਕਮਾਂ ਅਨੁਸਾਰ ਲਾਗੂ ਰਹਿਣਗੀਆਂ। ਉਨਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜੇਕਰ ਕੋਈ ਵਿਅਕਤੀ ਜਨਤਕ ਸਥਾਨ ‘ਤੇ ਬਿਨਾਂ ਮਾਸਕ ਤੋਂ ਪਾਇਆ ਜਾਂਦਾ ਹੈ ਅਤੇ ਜਨਤਕ ਥਾਵਾਂ ‘ਤੇ ਥੁੱਕਦਾ ਹੈ ਤਾਂ 500 ਰੁਪਏ ਅਤੇ ਇਕਾਂਤਵਾਸ ਦੀ ਉਲੰਘਣਾਂ ਕਰਨ ਵਾਲੇ ਵਿਅਕਤੀ ਨੂੰ 2000 ਰੁਪਏ ਦਾ ਜ਼ੁਰਮਾਨਾ ਕੀਤਾ ਜਾਵੇਗਾ।