ਜੀ ਐਸ ਪੰਨੂ
ਪਟਿਆਲਾ, 26 ਅਪ੍ਰੈਲ 2020 - ਪਟਿਆਲਾ ਸ਼ਹਿਰ ਵਿਚ 7ਵੀਂ ਜਮਾਤ 'ਚ ਪੜ੍ਹਨ ਵਾਲਾ 12 ਸਾਲਾ ਬੱਚਾ ਪਟਿਆਲਾ ਦੀ ਭਰਤ ਨਗਰ ਕਾਲੋਨੀ ਦਾ ਰਹਿਣ ਵਾਲਾ ਸੀ। ਉਸ ਦੀ ਲਾਸ਼ ਪਟਿਆਲਾ ਤੋਂ 53 ਕਿਲੋਮੀਟਰ ਦੂਰ ਸ਼ੁਤਰਾਣਾ ਨੇੜੇ ਨਹਿਰ ਵਿੱਚੋਂ 7 ਦਿਨ ਬਾਅਦ ਅੱਜ ਮਿਲੀ ਹੈ ਤੇ ਪੋਸਟ ਮਾਰਟਮ ਮਗਰੋਂ ਉਸ ਦਾ ਸੰਸਕਾਰ ਕਰ ਦਿੱਤਾ ਗਿਆ ਹੈ। ਮਾਪਿਆਂ ਨੇ 12 ਸਾਲਾ ਬੱਚੇ ਨੂੰ ਪਬਜੀ ਗੇਮ ਖੇਡਣ ਕਾਰਨ ਝਿੜਕਿਆ ਸੀ, ਜਿਸ ਕਾਰਨ ਬੱਚੇ ਨੇ ਨਾਭਾ-ਪਟਿਆਲਾ ਰੋਡ 'ਤੇ ਸਥਿੱਤ ਭਾਖੜਾ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ।
ਬੱਚੇ ਦੇ ਪਿਤਾ ਲਾਲ ਚੰਦ ਨੇ ਦੱਸਿਆ ਕਿ ਜਦੋਂ ਤੋਂ ਕੋਰੋਨਾ ਵਾਇਰਸ ਕਾਰਨ ਲੌਕਡਾਊਨ ਲੱਗਿਆ ਸੀ, ਉਦੋਂ ਤੋਂ ਉਨ੍ਹਾਂ ਦਾ ਬੱਚਾ ਪੱਬਜੀ ਗੇਮ ਖੇਡਣ ਦਾ ਆਦੀ ਹੋ ਗਿਆ ਸੀ ਅਤੇ ਰੋਜ਼ਾਨਾ ਕਈ-ਕਈ ਘੰਟੇ ਮੋਬਾਈਲ ਫ਼ੋਨ ਉੱਤੇ ਗੇਮ ਖੇਡਦਾ ਰਹਿੰਦਾ ਸੀ। 20 ਅਪ੍ਰੈਲ ਨੂੰ ਉਨ੍ਹਾਂ ਨੇ ਬੱਚੇ ਨੂੰ ਗੇਮ ਖੇਡਣ ਤੋਂ ਰੋਕਿਆ ਅਤੇ ਮੋਬਾਈਲ ਫ਼ੋਨ ਉਸ ਕੋਲੋਂ ਵਾਪਸ ਲੈ ਲਿਆ ਸੀ। ਉਹ ਗੁੱਸੇ 'ਚ ਦੁਪਹਿਰ 1:30 ਵਜੇ ਦੇ ਕਰੀਬ ਘਰੋਂ ਬਾਹਰ ਚਲਾ ਗਿਆ, ਪਰ ਅਸੀਂ ਉਸ ਨੂੰ ਵਾਪਸ ਲੈ ਆਏ। ਕਰੀਬ 4 ਵਜੇ ਫਿਰ ਘਰ ਤੋਂ ਬਾਹਰ ਚਲਾ ਗਿਆ ਮੁੜ ਨਹੀਂ ਮਿਲ ਸਕਿਆ।
ਅੱਜ ਐਤਵਾਰ ਨੂੰ ਸ਼ੁਤਰਾਣਾ ਤੋਂ ਬੱਚੇ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਬੱਚੇ ਦੇ ਪਿਓ ਨੇ ਦੱਸਿਆ ਹੈ ਕਿ ਬੱਚਿਆਂ 'ਚ ਮਸ਼ਹੂਰ ਆਨਲਾਈਨ ਗੇਮ 'ਪਬਜੀ' (ਪਲੇਅਰਅਨਨੋਂਸ ਬੈਟਲਗਰਾਊਂਡਸ) ਦੇ ਕਈ ਖ਼ਤਰਨਾਕ ਨਤੀਜੇ ਸਾਹਮਣੇ ਆ ਚੁੱਕੇ ਹਨ। ਇਸ ਨੇ ਇੱਕ ਨਸ਼ੇ ਦੀ ਲਤ ਦਾ ਰੂਪ ਲੈ ਲਿਆ ਹੈ। ਜੋ ਵੀ ਇੱਕ ਵਾਰ ਇਸ ਦੀ ਗ੍ਰਿਫ਼ਤ 'ਚ ਆ ਜਾਂਦਾ ਹੈ, ਉਸ ਦਾ ਇਸ ਤੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਭਾਰਤ 'ਚ ਪਬਜੀ ਦੇ ਚੱਕਰ 'ਚ ਕਿੰਨੇ ਹੀ ਬੱਚਿਆਂ ਦੀ ਜਾਨ ਜਾ ਚੁੱਕੀ ਹੈ।ਕੈਵਿਡ19 ਨੇ ਬੱਚਿਆਂ ਨੂੰ ਵਿਹਲਾ ਕਰ ਦਿੱਤਾ ਹੈ ਗੇਮ ਖੇਡਣ ਤੋਂ ਰੋਕਣ ਤੇ ਘਰ ਵਿਚ ਕਲੇਸ਼ ਖੜ੍ਹਾ ਹੋ ਜਾਂਦਾ ਹੈ ਤੇ ਬੱਚਿਆਂ ਨੂੰ ਹੋਰ ਕੰਮ ਵੀ ਕੋਈ ਨਹੀਂ ਹੈ।