ਸੰਗਰੂਰ - 1 ਅਪ੍ਰੈਲ 2020 - ਸੀਨੀਅਰ ਅਕਾਲੀ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਤਖ਼ਤ ਸ੍ਰੀ ਹਜੂਰ ਸਾਹਿਬ ਵਿਖੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੂਰੇ ਭਾਰਤ ਵਿੱਚ ਲੌਕ ਡਾਊਨ ਕਾਰਨ ਫਸੇ ਪੰਜਾਬ ਦੇ 4000-5000 ਦੇ ਕਰੀਬ ਸ਼ਰਧਾਲ਼ੂਆਂ ਤੇ ਸੰਗਤਾਂ ਨੂੰ ਉਨ੍ਹਾਂ ਦੇ ਘਰੋ ਘਰੀ ਪਹੁੰਚਾਉਣ ਦੇ ਯਤਨ ਤੇਜ ਕਰ ਦਿੱਤੇ ਹਨ। ਇਸ ਸਬੰਧੀ ਸਰਦਾਰ ਢੀਂਡਸਾ ਨੇ ਪੰਜਾਬ, ਮਹਾਰਾਸ਼ਟਰ ਤੇ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਹੈ।
ਢੀਂਡਸਾ ਨੇ ਹਜੂਰ ਸਾਹਿਬ ਚ ਗੁਰਦੁਆਰਾ ਲੰਗਰ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਨਰਿੰਦਰ ਸਿੰਘ ਨਾਲ ਵੀ ਲਗਾਤਾਰ ਰਾਬਤਾ ਕਾਇਮ ਰੱਖਿਆ ਹੋਇਆ ਹੈ ਬਾਬਾ ਨਰਿੰਦਰ ਸਿੰਘ ਜੀ ਵਲੋਂ ਦੱਸਿਆ ਗਿਆ ਹੈ ਕਿ ਇਨ੍ਹਾਂ ਸ਼ਰਧਾਲ਼ੂਆਂ ਦੀ ਦੇਖ ਰੇਖ ਕਰਨ ਤੇ ਵਾਪਸੀ ਲਈ ਬੱਸਾਂ, ਟਰੱਕਾਂ ਤੇ ਹੋਰ ਛੋਟੀਆਂ ਗੱਡੀਆਂ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਘਰਾਂ ਤੱਕ ਪਹੁੰਚਣ ਤੱਕ ਲੰਗਰ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ।
ਬਾਬਾ ਨਰਿੰਦਰ ਸਿੰਘ ਜੀ ਵਲੋਂ ਵੀ ਆਪਣੇ ਤੌਰ 'ਤੇ ਪੰਜਾਬ ਸਰਕਾਰ, ਮਹਾਰਾਸ਼ਟਰ ਸਰਕਾਰ, ਉੱਤਰਾਖੰਡ ਤੇ ਰਾਜਿਸਥਾਨ ਸਰਕਾਰ ਨਾਲ ਮਨਜ਼ੂਰੀ ਲੈਣ ਲਈ ਰਾਬਤਾ ਕਾਇਮ ਕੀਤਾ ਹੈ ਪਰ ਭਾਰਤ ਸਰਕਾਰ ਵੱਲੋਂ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਪੂਰੇ ਭਾਰਤ ਨੂੰ ਲੌਕ ਡਾਊਨ ਕੀਤਾ ਗਿਆ ਹੈ ਜਿਸ ਕਾਰਨ ਰਾਜ ਸਰਕਾਰਾਂ ਮਨਜ਼ੂਰੀ ਦੇਣ ਤੋਂ ਅਸਮਰਥਾ ਜਤਾ ਰਹੀਆਂ ਹਨ। ਇਸ ਲਈ ਬਾਬਾ ਜੀ ਨੇ ਦਾਸ ਸੁਖਦੇਵ ਸਿੰਘ ਢੀਂਡਸਾ ਦੀ ਡਿਊਟੀ ਲਗਾਈ ਹੈ ਕਿ ਉਹ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਕੇਂਦਰ ਸਰਕਾਰ ਵੱਲੋਂ ਮਨਜ਼ੂਰੀ ਦਿਵਾਉਣ ਇਸ ਲਈ ਉਹਨਾਂ ਨੇ ਕੇਂਦਰ ਸਰਕਾਰ ਨਾਲ ਆਪਣੇ ਸੂਤਰਾਂ ਰਾਹੀਂ ਸੰਪਰਕ ਕਾਇਮ ਕਰਕੇ ਮਨਜ਼ੂਰੀ ਦੇਣ ਲਈ ਬਾਬਾ ਜੀ ਤੇ ਆਪਣੇ ਵਲੋਂ ਬੇਨਤੀ ਕੀਤੀ ਹੈ ਜਿਸ ਦੇ ਨਤੀਜੇ ਜਲਦੀ ਆ ਜਾਣ ਦੀ ਸੰਭਾਵਨਾ ਬਣੀ ਹੈ।
ਉਹਨਾਂ ਦੱਸਿਆ ਕਿ ਬਾਬਾ ਜੀ ਪੂਰੇ ਦੇਸ਼ ਵਿਚ ੨ ਲੱਖ ਦੇ ਕਰੀਬ ਲੋਕਾਂ ਨੂੰ ਇਸ ਔਖੀ ਘੜੀ 'ਚ ਲੰਗਰ ਛਕਾਉਣ ਦੀ ਸੇਵਾ ਕਰ ਰਹੇ ਹਨ। ਬਾਬਾ ਜੀ ਨੇ ਇਹ ਵੀ ਦੱਸਿਆਂ ਕਿ ਹਜ਼ੂਰ ਸਾਹਿਬ ਠਹਿਰੀਆਂ ਸੰਗਤਾਂ ਪੂਰੀ ਚੜ੍ਹਦੀ ਕਲਾ ਤੇ ਪੂਰੀ ਤਰ੍ਹਾਂ ਤੰਦਰੁਸਤ ਹਨ।