ਅਸ਼ੋਕ ਵਰਮਾ
ਬਠਿੰਡਾ, 17 ਮਈ 2020 - ਸਿਵਲ ਹਸਪਤਾਲ ਵਿਖੇ ਬਲੱਡ ਬੈਂਕ ਵਿੱਚ ਖ਼ੂਨ ਦੀ ਕਮੀਂ ਨੂੰ ਮੁੱਖ ਰੱਖਦਿਆਂ ਅੱਜ ਫਿਰ ਰੈੱਡ ਕਰਾਸ ਸੁਸਾਇਟੀ ਬਠਿੰਡਾ ਦੀ ਪ੍ਰੇਰਣਾ ਅਤੇ ਸਹਿਯੋਗ ਨਾਲ ਗੁਰੂ ਕੀ ਸੰਗਤ ਅਤੇ ਯੂਨਾਈਟਿਡ ਵੈਲਫੇਅਰ ਸੁਸਾਇਟੀ ਦੇ 20 ਵਲੰਟੀਅਰਾਂ ਨੇ ਖ਼ੂਨਦਾਨ ਕੀਤਾ। ਖ਼ੂਨਦਾਨੀਆਂ ਦਾ ਸ਼ੁਕਰਾਨਾ ਕਰਨ ਲਈ ਸਕੱਤਰ ਰੈੱਡ ਕਰਾਸ ਦਰਸ਼ਨ ਕੁਮਾਰ ਬਾਂਸਲ, ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਅਤੇ ਸਮਾਜ ਸੇਵੀ ਵਿਜੇ ਭੱਟ ਪਹੁੰਚੇ। ਉਹਨਾਂ ਇਸ ਮੌਕੇ ਕਿਹਾ ਕਿ ਐਮਰਜੰਸੀ ਦੌਰਾਨ ਖ਼ੂਨਦਾਨ ਕਰਨ ਵਾਲੇ ਇਹ ਖ਼ੂਨਦਾਨੀ ਵੀ ਫਰੰਟ ਲਾਈਨ ਯੋਧਾ ਹਨ, ਜਿਹਨਾਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਹੈ।
ਉਨ੍ਹਾਂ ਆਖਿਆ ਕਿ ਦਾਨ ਕੀਤਾ ਇਹ ਖ਼ੂਨ ਥੈਲਾਸੀਮੀਆ ਅਤੇ ਹੋਰ ਰੋਗੀਆਂ ਦੇ ਕੰਮ ਆਵੇਗਾ। ਇਸ ਮੌਕੇ ਯੂਨਾਈਟਿਡ ਸੰਸਥਾ ਦੇ ਮੈਂਬਰ ਚੰਚਲ ਨੇ ਆਪਣੇ ਵਿਆਹ ਦੀ ਵਰੇਗੰਢ ਖ਼ੂਨਦਾਨ ਕਰਕੇ ਮਨਾਈ। ਗੁਰੂ ਕੀ ਸੰਗਤ ਦੇ ਮੁੱਖ ਸੇਵਾਦਾਰ ਅਬਨਾਸ਼ ਸ਼ਿੰਘ ਸੋਢੀ, .ਗੁਰਮੇਲ ਸਿੰਘ, ਦਰਸ਼ਨ ਸਿੰਘ, ਡੀਟੀਐਫ ਆਗੂ ਮਾਸਟਰ ਬਲਜਿੰਦਰ ਸਿੰਘ ਅਤੇ ਬਲਕਰਨ ਸਿੰਘ ਵੀ ਸ਼ਾਮਿਲ ਹੋਏ। ਉਹਨਾਂ ਕਿਹਾ ਕਿ ਲਾਕਡਾਊਨ ਦੌਰਾਨ ਬਲੱਡ ਬੈਂਕਾਂ ਵਿੱਚ ਖ਼ੂਨ ਦੀ ਸਪਲਾਈ ਬਣਾਈ ਰੱਖਣ ਵਜੋਂ ਗੁਰੂ ਕੀ ਸੰਗਤ ਦੇ ਸੇਵਾਦਾਰਾਂ ਨੇ ਮਾਨਵਤਾ ਪ੍ਰਤੀ ਆਪਣੀ ਜਿੰਮੇਵਾਰੀ ਸਮਝਦੇ ਹੋਏ ਖ਼ੂਨਦਾਨ ਕੀਤਾ ਹੈ। ਬਲੱਡ ਬੈਂਕ ਇੰਚਾਰਜ ਡਾ.ਕਰਿਸ਼ਮਾ ਗੋਇਲ ਨੇ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ।