ਸੰਜੀਵ ਸੂਦ
ਲੁਧਿਆਣਾ, 07 ਅਪ੍ਰੈਲ 2020 - ਮੁੱਖ ਮੰਤਰੀ ਪੰਜਾਬ ਦੇ ਮੁੱਖ ਸਲਾਹਕਾਰ ਕੈਪਟਨ ਸੰਦੀਪ ਸੰਧੂ ਲਗਾਤਾਰ ਕੋਰੋਨਾ ਵਾਇਰਸ ਨੂੰ ਲੈ ਕੇ ਚਿੰਤਿਤ ਨੇ ਅਤੇ ਉਨ੍ਹਾਂ ਵੱਲੋਂ ਇਸ ਵਾਇਰਸ ਤੇ ਠੱਲ੍ਹ ਪਾਉਣ ਲਈ ਲਗਾਤਾਰ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਉਪਰਾਲੇ ਕੀਤੇ ਜਾ ਰਹੇ ਹਨ। ਕੈਪਟਨ ਸੰਦੀਪ ਸੰਧੂ ਨੇ ਕਿਹਾ ਹੈ ਕਿ ਲੁਧਿਆਣਾ ਅਤੇ ਜਲੰਧਰ ਦੇ ਵਿੱਚ ਵੱਡੀ ਤਦਾਦ 'ਚ ਮਾਈਗ੍ਰੇਟਿਡ ਮਜ਼ਦੂਰ ਰਹਿੰਦੇ ਹਨ ਜਿਨ੍ਹਾਂ ਦੀ ਸਾਰ ਲੈਣ ਲਈ ਪੰਜਾਬ ਸਰਕਾਰ ਵੱਲੋਂ 10 ਲੱਖ ਲੋਕਾਂ ਦਾ ਰਾਸ਼ਨ ਭੇਜਿਆ ਜਾ ਰਿਹਾ ਜੋ ਉਨ੍ਹਾਂ ਤੱਕ ਪਹੁੰਚਾਉਣ ਲਈ ਪ੍ਰਸ਼ਾਸਨ ਜ਼ਿਲੇ ਦੇ ਡੀਸੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ।
ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਰਾਹਤ ਪੈਕੇਜ 'ਚੋਂ ਜ਼ਿਲ੍ਹੇ ਦੇ ਡੀਸੀਆਂ ਨੂੰ ਫੰਡ ਟਰਾਂਸਫਰ ਕਰਵਾਇਆ ਜਾ ਰਿਹਾ ਹੈ, ਤਾਂ ਜੋ ਇਸ ਬੀਮਾਰੀ ਨਾਲ ਲੜਨ ਲਈ ਉਹ ਲੋਕਾਂ ਦੀ ਮਦਦ ਕਰ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਐਡਵਾਇਜ਼ਰੀ ਨੂੰ ਤਾਂ ਫੋਲੋ ਕੀਤਾ ਹੀ ਜਾ ਰਿਹਾ ਹੈ ਨਾਲ ਉਸ ਨੂੰ ਹੋਰ ਵੀ ਚੰਗੀ ਤਰ੍ਹਾਂ ਇੰਪਲੀਮੈਂਟ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਕੈਪਟਨ ਸੰਦੀਪ ਸੰਧੂ ਨੇ ਬੀਤੇ ਦਿਨ ਬਜ਼ੁਰਗ ਔਰਤ ਦਾ ਉਸ ਦੇ ਪਰਿਵਾਰ ਵੱਲੋਂ ਸਸਕਾਰ ਨਾ ਕਰਨ ਨੂੰ ਵੀ ਮੰਦਭਾਗਾ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਹਾਲਾਂਕਿ ਪ੍ਰਸ਼ਾਸਨ ਉਨ੍ਹਾਂ ਦੇ ਨਾਲ ਹੈ ਪਰ ਇਹ ਕੰਮ ਪ੍ਰਸ਼ਾਸਨ ਦਾ ਨਹੀਂ ਸਗੋਂ ਪਰਿਵਾਰਕ ਮੈਂਬਰਾਂ ਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਵੀ ਕਿਹਾ ਕਿ ਕਿਸੇ ਵੀ ਹਾਲਤ 'ਚ ਕਿਸਾਨਾਂ ਨੂੰ ਮੁਸ਼ਕਲਾਂ ਦਰਪੇਸ਼ ਨਹੀਂ ਆਉਣ ਦਿੱਤੀਆਂ ਜਾਣਗੀਆਂ। ਉਨ੍ਹਾਂ ਦੀ ਮੰਡੀਆਂ ਵਿਚ ਖ਼ਰੀਦ ਦੇ ਪੂਰੇ ਪ੍ਰਬੰਧ ਕਰਵਾਏ ਜਾਣਗੇ ਅਤੇ ਜਦੋਂ ਉਨ੍ਹਾਂ ਨੂੰ ਲੋਕ ਡਾਊਨ ਦੀ ਮਿਆਦ ਵਧਾਉਣ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਫੈਸਲਾ ਮੁੱਖ ਮੰਤਰੀ ਪੰਜਾਬ ਕਰਨਗੇ ਅਤੇ ਇਸ ਸਬੰਧੀ ਉਹ ਲਗਾਤਾਰ ਵਿਚਾਰ ਕਰ ਰਹੇ ਨੇ ਅਤੇ ਆਉਂਦੇ ਦਿਨਾਂ 'ਚ ਇਨ੍ਹਾਂ ਵਿਚਾਰਾਂ ਦਾ ਜੋ ਵੀ ਨਤੀਜਾ ਨਿਕਲੇਗਾ ਉਹ ਲੋਕਾਂ ਦੇ ਸਾਹਮਣੇ ਰੱਖ ਦਿੱਤਾ ਜਾਵੇਗਾ।