ਸੰਜੀਵ ਸੂਦ
- ਲੋਕਾਂ ਦਾ ਹੋਇਆ ਭਾਰੀ ਇਕੱਠ
ਲੁਧਿਆਣਾ, 7 ਮਈ 2020 - ਪੰਜਾਬ ਦੇ ਵਿੱਚ ਅੱਜ ਸ਼ਰਾਬ ਦੇ ਠੇਕੇ ਖੋਲ੍ਹੇ ਜਾਣੇ ਸਨ। ਪਰ ਇਸ ਤੋਂ ਪਹਿਲਾਂ ਸਰਕਾਰ ਦੇ ਨਾਲ ਇਨ੍ਹਾਂ ਦੀ ਸਹਿਮਤੀ ਨਹੀਂ ਬਣ ਪਾਈ ਜਿਸ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ ਵੱਲੋਂ ਲੁਧਿਆਣਾ ਘੰਟਾਘਰ ਨੇੜੇ ਸ਼ਰਾਬ ਦੇ ਠੇਕੇ ਦੇ ਬਾਹਰ ਦੁੱਧ ਦਾ ਸਟਾਲ ਖੋਲ੍ਹਿਆ ਗਿਆ ਅਤੇ ਲੋਕਾਂ ਨੂੰ ਦੁੱਧ ਦਾ ਲੰਗਰ ਵਰਤਾਇਆ ਗਿਆ। ਇਸ ਦੌਰਾਨ ਜੋ ਲੋਕ ਸ਼ਰਾਬ ਦੇ ਠੇਕੇ ਦੇ ਬਾਹਰ ਸ਼ਰਾਬ ਲੈਣ ਲਈ ਖੜ੍ਹੇ ਸਨ ਉਹ ਵੱਡੀ ਤਦਾਦ 'ਚ ਦੁੱਧ ਲੈਂਦੇ ਹੋਏ ਵਿਖਾਈ ਦਿੱਤੇ। ਪੰਜਾਬ ਦੇ ਵਿੱਚ ਠੇਕੇ ਖੋਲ੍ਹਣ ਦਾ ਲਗਾਤਾਰ ਅਕਾਲੀ ਦਲ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਦੇ ਕਾਰਨ ਹੀ ਯੂਥ ਅਕਾਲੀ ਦਲ ਵੱਲੋਂ ਇੱਕ ਵੱਖਰੇ ਅੰਦਾਜ਼ 'ਚ ਠੇਕਿਆਂ ਦਾ ਵਿਰੋਧ ਕਰਨ ਲਈ ਇਹ ਵੱਖਰਾ ਢੰਗ ਲੱਭਿਆ ਗਿਆ।
ਇਸ ਦੌਰਾਨ ਸ਼ਰਾਬ ਖਰੀਦਣ ਆਏ ਲੋਕਾਂ ਨੇ ਜਿੱਥੇ ਦੱਸਿਆ ਕਿ ਇਹ ਇੱਕ ਸਰਦਾ ਉਪਰਾਲਾ ਹੈ ਅਤੇ ਸ਼ਰਾਬ ਦੇ ਠੇਕੇ ਨਹੀਂ ਖੁੱਲ੍ਹਣੇ ਚਾਹੀਦੇ ਅਤੇ ਹੁਣ ਉਹ ਆਪ ਇੱਥੇ ਆ ਕੇ ਅਹਿਸਾਸ ਕਰ ਰਹੇ ਨੇ, ਉੱਥੇ ਹੀ ਯੂਥ ਅਕਾਲੀ ਦਲ ਦੇ ਲੁਧਿਆਣਾ ਤੋਂ ਜ਼ਿਲ੍ਹਾ ਪ੍ਰਧਾਨ ਗੁਰਦੀਪ ਗੋਸ਼ਾ ਨੇ ਕਿਹਾ ਕਿ ਲੋਕ ਜਿੱਥੇ ਇਸ ਮਹਾਂਮਾਰੀ ਨਾਲ ਮਰ ਰਹੇ ਨੇ ਉੱਥੇ ਹੀ ਪੰਜਾਬ ਸਰਕਾਰ ਆਪਣੀ ਆਮਦਨ ਦੀ ਦੁਹਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕ੍ਰਾਈਮ ਵਧੇਗਾ ਅਤੇ ਲੋਕ ਨਸ਼ਾ ਕਰਨ ਲਈ ਪੈਸਿਆਂ ਦਾ ਜੁਗਾੜ ਕਰਨਗੇ ਅਤੇ ਪੈਸੇ ਇਕੱਠੇ ਕਰਕੇ ਠੇਕਿਆਂ ਤੇ ਆਉਣਗੇ ਗੁਨਾਹ ਵਧਣਗੇ ਚੋਰੀਆਂ ਵਧਣਗੀਆਂ ਜੋ ਠੀਕ ਨਹੀਂ ਹੈ