ਸੰਜੀਵ ਸੂਦ
ਲੁਧਿਆਣਾ, 04 ਅਪ੍ਰੈਲ 2020 - ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਕਰਕੇ ਜਿੱਥੇ ਲਗਾਤਾਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਜ਼ਰੂਰਤਮੰਦਾਂ ਦੀ ਸੇਵਾ ਲਈ ਲੰਗਰ ਅਤੇ ਰਾਸ਼ਨ ਤਿਆਰ ਕੀਤਾ ਜਾ ਰਿਹਾ ਹੈ ਉੱਥੇ ਹੀ ਹੁਣ ਲੁਧਿਆਣਾ ਦੇ ਰਾਧਾ ਸਵਾਮੀ ਸੱਤਸੰਗ 3 ਡੇਰੇ ਚ 20-25 ਹਜ਼ਾਰ ਲੋਕਾਂ ਦਾ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਇਹ ਲੰਗਰ ਤਿਆਰ ਕਰਕੇ ਪ੍ਰਸ਼ਾਸਨ ਦੀ ਮਦਦ ਨਾਲ ਜ਼ਰੂਰਤਮੰਦਾਂ ਤੱਕ ਪਹੁੰਚਾਇਆ ਜਾਂਦਾ ਹੈ। ਡੇਰਾ ਰਾਧਾ ਸਵਾਮੀ ਬਿਆਸ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਹੀ ਰੋਜ਼ਾਨਾ ਇੱਥੇ ਲੰਗਰ ਤਿਆਰ ਕੀਤਾ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਡੇਰਾ ਰਾਧਾ ਸਵਾਮੀ ਸੱਤਸੰਗ ਲੁਧਿਆਣਾ 3 ਦੇ ਪ੍ਰਬੰਧਕ ਮਨੀਸ਼ ਬਹਿਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜ਼ਰੂਰਤ ਮੰਦਾਂ ਲਈ ਰੋਜ਼ਾਨਾ ਹਜ਼ਾਰਾਂ ਦੀ ਤਾਦਾਦ 'ਚ ਲੰਗਰ ਬਣਾਇਆ ਜਾਂਦਾ ਹੈ ਅਤੇ ਲੰਗਰ ਬਣਾਉਣ ਵੇਲੇ ਵੀ ਵਿਸ਼ੇਸ਼ ਪ੍ਰਸ਼ਾਸਨ ਵੱਲੋਂ ਜਾਰੀ ਅਤੇ ਰਾਧਾ ਸਵਾਮੀ ਸਤਸੰਗ ਡੇਰਾ ਬਿਆਸ ਦੀਆਂ ਹਦਾਇਤਾਂ ਮੁਤਾਬਕ ਹੀ ਕੰਮ ਕੀਤਾ ਜਾਂਦਾ ਹੈ। ਬਹਿਲ ਨੇ ਦੱਸਿਆ ਕਿ ਦੋ ਸ਼ਿਫਟਾਂ ਦੇ ਵਿੱਚ ਲੰਗਰ ਤਿਆਰ ਕਰਵਾਇਆ ਜਾਂਦਾ ਹੈ ਜਿਸ ਵਿੱਚ ਲੰਚ ਅਤੇ ਡਿਨਰ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ 50-70 ਸੇਵਾ ਦਾ ਇੱਕ ਸ਼ਿਫਟ ਚ ਕੰਮ ਕਰਦੇ ਨੇ ਅਤੇ ਰਾਤ ਨੂੰ 8 ਵਹੇ ਤੱਕ ਆਖਰੀ ਸ਼ਿਫਟ ਹੁੰਦੀ ਹੈ। ਮਨੀਸ਼ ਬਹਿਲ ਨੇ ਦੱਸਿਆ ਕਿ ਲੰਗਰ ਬਣਾਉਣ ਤੋਂ ਪਹਿਲਾਂ ਸੇਵਾਦਾਰਾਂ ਨੂੰ ਵੀ ਪੂਰੀ ਤਰ੍ਹਾਂ ਸੈਨੀਟਾਈਜ਼ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਲੰਗਰ ਨੂੰ ਬਣਾਉਣ ਦੀ ਇਜਾਜ਼ਤ ਮਿਲਦੀ ਹੈ। ਉੁਨ੍ਹਾਂ ਕਿਹਾ ਕਿ ਲੋਕਾਂ ਤੱਕ ਲੰਗਰ ਕਈ ਵਾਰ ਸੇਵਾਦਾਰਾਂ ਅਤੇ ਕਈ ਵਾਰ ਪ੍ਰਸ਼ਾਸਨ ਦੀ ਮਦਦ ਰਾਹੀਂ ਪਹੁੰਚਾਇਆ ਜਾਂਦਾ ਹੈ।