ਸੰਜੀਵ ਸੂਦ
- ਪੁਲਿਸ ਅਤੇ ਮੁਲਜ਼ਮਾਂ ਵਿਚਾਲੇ ਮੁਕਾਬਲਾ, ਦੇਸੀ ਕੱਟਾ ਬਰਾਮਦ...
ਲੁਧਿਆਣਾ, 16 ਮਈ 2020 - ਲੁਧਿਆਣਾ ਵਿੱਚ ਅੱਜ ਉਸ ਵੇਲੇ ਮਾਹੌਲ ਸਹਿਮ ਗਿਆ ਜਦੋਂ ਭਾਰਤ ਨਗਰ ਚੌਕ ਤੋਂ ਕਾਰ ਸਵਾਰਾਂ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਦੀ ਗੱਡੀ ਨੂੰ ਓਵਰਟੇਕ ਕੀਤਾ ਅਤੇ ਪੁਲਿਸ ਵੱਲੋਂ ਮਾਰਸ਼ਲਾਂ ਵੱਲੋਂ ਉਨ੍ਹਾਂ ਨੂੰ ਪਰ ਰੋਕੇ ਜਾਣ ਤੇ ਵੀ ਉਹ ਨਹੀਂ ਰੁਕੇ ਅਤੇ ਕਾਰ ਭਜਾ ਕੇ ਲੈ ਗਏ। ਜਿਸ ਤੋਂ ਬਾਅਦ ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਖ਼ੁਦ ਉਸ ਦਾ ਪਿੱਛਾ ਕੀਤਾ ਗਿਆ ਅਤੇ ਲੁਧਿਆਣਾ ਦੇ ਟੋਲ ਪਲਾਜ਼ਾ ਲਾਡੂਵਾਲ ਕੋਲ ਪੁਲਿਸ ਵੱਲੋਂ ਕਾਰ ਨੂੰ ਘੇਰਿਆ ਗਿਆ। ਜਿਸ ਤੋਂ ਬਾਅਦ ਪੁਲਿਸ ਅਤੇ ਮੁਲਜ਼ਮਾਂ ਵਿਚਾਲੇ ਫਾਇਰਿੰਗ ਵੀ ਹੋਈ, ਅਤੇ ਇਸ ਦੌਰਾਨ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਵੱਲੋਂ ਕੀਤੀ ਫਾਇਰਿੰਗ 'ਚ ਇੱਕ ਮੁਲਜ਼ਮ ਜ਼ਖਮੀ ਵੀ ਹੋ ਗਿਆ, ਜਿਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖੁਦ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਅੱਜ ਦੁਪਹਿਰ ਵੇਲੇ ਇਹ ਘਟਨਾ ਵਾਪਰੀ ਹੈ ਜਦੋਂ ਇੱਕ ਕਾਰ ਉਨ੍ਹਾਂ ਦੀ ਗੱਡੀ ਨੂੰ ਓਵਰਟੇਕ ਕੀਤਾ ਗਿਆ ਤਾਂ ਉਨ੍ਹਾਂ ਨੂੰ ਕੁਝ ਗੜਬੜ ਲੱਗੀ। ਜਿਸ ਤੋਂ ਬਾਅਦ ਲਾਡੋਵਾਲ ਟੋਲ ਪਲਾਜ਼ਾ ਕੋਲ ਜਾ ਕੇ ਜਦੋਂ ਕਾਰ ਦੇ ਟਾਇਰ 'ਚ ਫਾਇਰ ਕੀਤਾ ਗਿਆ ਤਾਂ ਟਾਇਰ ਫੱਟ ਗਿਆ। ਜਿਸ ਤੋਂ ਬਾਅਦ ਮੁਲਜ਼ਮਾਂ ਨੇ ਹੇਠ ਉੱਤਰ ਕੇ ਮੌਕੇ 'ਤੇ ਮੌਜੂਦ ਲਾਡੋਵਾਲ ਟ੍ਰੈਫਿਕ ਐਸਐਚਓ 'ਤੇ ਫਾਇਰ ਕਰ ਦਿੱਤਾ ਅਤੇ ਇਸ ਦਾ ਜਵਾਬ ਦਿੰਦਿਆਂ ਪੁਲਿਸ ਨੇ ਮੁਲਜ਼ਮ ਦੇ ਪੈਰ 'ਤੇ ਗੋਲੀ ਮਾਰੀ ਅਤੇ ਉਸ ਨੂੰ ਕਾਬੂ ਕੀਤਾ, ਉਨ੍ਹਾਂ ਦੱਸਿਆ ਕਿ ਕਾਰ ਵਿਚ ਦੋ ਲੋਕ ਸਵਾਰ ਸਨ ਇੱਕ ਦੀ ਸ਼ਨਾਖਤ ਸੁਖਵਿੰਦਰ ਵਜੋਂ ਹੋਈ ਹੈ ਜਿਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਉਨ੍ਹਾਂ ਕਿਹਾ ਕਿ ਮੁਲਜ਼ਮਾਂ ਕੋਲੋਂ ਇੱਕ ਦੇਸੀ ਕੱਟਾ ਅਤੇ ਕੁਝ ਨਸ਼ਾ ਵੀ ਬਰਾਮਦ ਕੀਤਾ ਗਿਆ ਅਤੇ ਇਨ੍ਹਾਂ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਵੀ ਕੀਤੀ ਜਾ ਰਹੀ ਹੈ।
ਉਧਰ ਦੂਜੇ ਪਾਸੇ ਭਾਰਤ ਨਗਰ ਚੌਕ 'ਚ ਸਥਿਤ ਟ੍ਰੈਫਿਕ ਮਾਰਸ਼ਲ ਨੇ ਦੱਸਿਆ ਕਿ ਕਿਵੇਂ ਇਹ ਪੂਰਾ ਘਟਨਾਕ੍ਰਮ ਵਾਪਰਿਆ, ਮੌਕੇ 'ਤੇ ਮੌਜੂਦ ਪ੍ਰਤੱਖ ਦਰਸ਼ੀ ਨੇ ਵੀ ਦੱਸਿਆ ਕਿ ਲਾਡੋਵਾਲ ਟੋਲ ਪਲਾਜ਼ਾ ਕੋਲ ਪੁਲਿਸ ਪਾਰਟੀ ਵੱਲੋਂ ਇਸ ਕਾਰ ਨੂੰ ਰੋਕਿਆ ਗਿਆ ਹੈ ਅਤੇ ਮੁਕਾਬਲੇ ਦੇ ਦੌਰਾਨ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ।