ਅਸ਼ੋਕ ਵਰਮਾ
ਮਾਨਸਾ, 22 ਅਪ੍ਰੈਲ 2020 - ਮਹਾਨ ਦਾਰਸ਼ਨਿਕ ਕਾਮਰੇਡ ਵਲਾਦੀਮੀਰ ਇਲੀਚ ਲੈਨਿਨ ਜੋਕਿ ਦੁਨੀਆਂ ਭਰ ਦੇ ਕਿਰਤੀਆਂ ਦਾ ਪ੍ਰਸਿੱਧ ਆਗੂ ਸੀ ਦਾ ਜਨਮਦਿਨ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸੀਪੀਆਈ ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਜਿਲਾ ਸਕੱਤਰ ਮਾਨਸਾ ਕਾਮਰੇਡ ਕਿ੍ਰਸ਼ਨ ਚੌਹਾਨ, ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਜਮਹੂਰੀ ਕਿਸਾਨ ਸਭਾ ਦੇ ਮੇਜਰ ਸਿੰਘ ਦੁਲੋਵਾਲ,ਜਮਹੂਰੀ ਅਧਿਕਾਰ ਸਭਾ ਦੇ ਆਗੂ ਐਡਵੋਕੇਟ ਬਲਕਰਨ ਸਿੰਘ ਬੱਲੀ , ਸੀਪੀਆਈ ਆਗੂ ਰਤਨ ਭੋਲਾ ਅਤੇ ਕਾਮਰੇਡ ਚਰਨ ਦਾਸ ਵੱਲੋਂ ਮਨਾਇਆ ਗਿਆ। ਇਸ ਸਮੇਂ ਆਗੂਆਂ ਨੇ ਕਿਹਾ ਕਿ ਕਾਮਰੇਡ ਲੈਨਿਨ ਨੇ ਸਮਾਜਿਕ ਬਰਾਬਰੀ ਵਾਲਾ ਸਮਾਜ ਸਿਰਜਣ ਅਤੇ ਮਨੁੱਖੀ ਲੋੜਾਂ ਸਿੱਖਿਆ,ਸਿਹਤ ਅਤੇ ਹਰ ਇੱਕ ਲਈ ਰੁਜਗਾਰ ਦੀ ਪੂਰਤੀ ਲਈ ਪਹਿਲ ਦੇ ਆਧਾਰ ਤੇ ਮੰਗ ਬਣਾ ਕੇ ਲੋਕ ਲਾਮਬੰਦੀ ਕੀਤੀ । ਉਨਾਂ ਦੱਸਿਆ ਕਿ ਕਾਮਰੇਡ ਲੈਨਿਨ ਨੇ ਦੁਨੀਆ ਭਰ ਦੀ ਮਿਹਨਤਕਸ਼ ਜਮਾਤ ਨੂੰ ਆਪਣੇ ਹੱਕਾਂ ਲਈ ਇੱਕਮੁੱਠ ਹੋ ਕੇ ਲੜਨ ਦਾ ਸੱਦਾ ਦਿੱਤਾ ਜਿਸ ਕਰਕੇ ਉਹਨਾਂ ਦਾ ਸਤਿਕਾਰ ਅੱਜ ਤੱਕ ਲੋਕ ਮਨਾਂ ਵਿੱਚ ਹੈ। ਹਾਜਰ ਆਗੂਆਂ ਨੇ ਸਮੁੱਚੇ ਕਿਰਤੀ ਵਰਗ ਨੂੰ ਲੈਨਿਨ ਦੇ ਜਨਮ ਦਿਹਾੜੇ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਲੈਨਿਨ ਉਹ ਮਹਾਨ ਦਾਰਸ਼ਨਿਕ ਹੋਇਆ ਹੈ ਜਿਸ ਨੇ ਮਾਰਕਸਵਾਦ ਦਾ ਅਧਿਐਨ ਕਰਕੇ ਇਹ ਜਾਣ ਲਿਆ ਕਿ ਲੋਕ ਮਾਰਕਸਵਾਦੀ ਵਿਚਾਰਧਾਰਾ ਨੂੰ ਅਪਣਾ ਕੇ ਹੀ ਆਪਣੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਸਕਦੇ ਹਨ।