ਰਜਨੀਸ਼ ਸਰੀਨ
- ਜ਼ਿਲ੍ਹੇ ’ਚ ਕੋਵਿਡ ਦੇ ਚਲਦਿਆਂ ਕਣਕ ਦੀ ਖਰੀਦ ਲਈ ਕੀਤੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ
- ਜੀ ਓ ਜੀਜ਼ ਵੱਲੋਂ ਕੋਵਿਡ ਰੋਕਥਾਮ ਦੌਰਾਨ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ
ਨਵਾਂਸ਼ਹਿਰ, 24 ਅਪਰੈਲ 2020 - ਸੀਨੀਅਰ ਸਲਾਹਕਾਰ ਮੁੱਖ ਮੰਤਰੀ ਪੰਜਾਬ ਅਤੇ ਸੀਨੀਅਰ ਵਾਈਸ ਚੇਅਰਮੈਨ (ਜੀਓਜੀ) ਲੈਫਟੀਨੈਂਟ ਜਨਰਲ ਟੀ ਐਸ ਸ਼ੇਰਗਿੱਲ ਨੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਦੌਰਾਨ ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜ਼ਿਲ੍ਹੇ ਨੂੰ ਕੋਵਿਡ-19 ਦੇ ਪ੍ਰਭਾਵ ’ਚੋਂ ਬਾਹਰ ਕੱਢਣ ਲਈ ਲੜੀ ਕਾਮਯਾਬ ਜੰਗ ਲਈ ਵਧਾਈ ਦਿੱਤੀ ਉੱਥੇ ਕਰੋਨਾ ਵਾਇਰਸ ਦੇ ਚਲਦਿਆਂ ਮੰਡੀ ’ਚ ਚੱਲ ਰਹੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਉਨ੍ਹਾਂ ਇਸ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਕੋਵਿਡ-19 ਤੋਂ ਮੁਕਤੀ ਪਾਉਣ ਦੀ ਕਾਰਗਰ ਰਣਨੀਤੀ ਦੀ ਵਿਸ਼ੇਸ਼ ਤੌਰ ’ਤੇ ਕੀਤੀ ਸ਼ਲਾਘਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸਲ ਫ਼ੌਜੀ ਉਹੀ ਹੁੰਦੇ ਹਨ ਜੋ ਜੰਗ ਨੂੰ ਜਿੱਤਣ ਦੀ ਨੀਅਤ ਨਾਲ ਲੜਦੇ ਹਨ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਸਮੁੱਚਾ ਪ੍ਰਸ਼ਾਸਨ ਇਸ ਕਸਵੱਟੀ ’ਤੇ ਖਰਾ ਉਤਰਿਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਵੱਲੋਂ ਕੋਵਿਡ ਪ੍ਰਤੀ ਅਪਣਾਈ ਗਈ ਯੋਜਨਾਬੰਦੀ ਨੂੰ ਕਣਕ ਦੇ ਸੀਜ਼ਨ ਦੌਰਾਨ ਹੋਰ ਸਰਗਰਮੀ ਨਾਲ ਲਾਗੂ ਕਰਨ ਲਈ ਆਖਦਿਆਂ ਕਿਹਾ ਕਿ ਸਾਨੂੰ ਮੰਡੀਆਂ ’ਚ ਲੇਬਰ ਅਤੇ ਹੋਰ ਅਮਲੇ ਫ਼ੈਲੇ ਦੀ ਸਿਹਤ ਦਾ ਖਾਸ ਖਿਆਲ ਰੱਖਣਾ ਪਵੇਗਾ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਉਨ੍ਹਾਂ ਨੂੰ ਮੰਡੀਆਂ ’ਚ ਸਿਹਤ ਸੰਭਾਲ ਲਈ ਲਾਈਆਂ 19 ਮੈਡੀਕਲ ਟੀਮਾਂ ਬਾਰੇ ਵੀ ਜਾਣਕਾਰੀ ਦਿੱਤੀ।
ਜਨ. ਸ਼ੇਰਗਿਲ ਨੇ ਆਪਣੇ ਜੰਗ ਵੇਲੇ ਦੇ ਦਿਨਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਜੰਗ ਦੌਰਾਨ ਹਥਿਆਰਾਂ ਅਤੇ ਗੋਲੀ-ਸਿੱਕੇ ਤੋਂ ਵੀ ਵਧ ਕੇ ਸਾਡਾ ਹੌਂਸਲਾ ਅਤੇ ਦਲੇਰੀ ਹੁੰਦੀ ਹੈ, ਜਿਸ ਦੀ ਪ੍ਰਤੱਖ ਮਿਸਾਲ ਸ਼ਹੀਦ ਭਗਤ ਸਿੰਘ ਨਗਰ ਦਾ ਜ਼ਿਲ੍ਹਾ ਪ੍ਰਸ਼ਾਸਨ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜ਼ਿਲ੍ਹੇ ਦੇ ਜੀ ਓ ਜੀਜ਼ ਨੇ ਵੀ ਜ਼ਿਲ੍ਹਾ ਮੁਖੀ ਕਰਨਲ (ਸੇਵਾਮੁਕਤ) ਚੂਹੜ ਸਿੰਘ ਦੀ ਅਗਵਾਈ ਹੇਠ ਕੋਵਿਡ ਵਿਰੁੱਧ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੜੀ ਗਈ ਜੰਗ ’ਚ ਬਰਾਬਰ ਦਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਜੀ ਓ ਜੀਜ਼ ਵੱਲੋਂ ਕਣਕ ਦੇ ਸੀਜ਼ਨ ਦੌਰਾਨ ਮੰਡੀਆਂ ’ਚ ਸੋਸ਼ਲ ਡਿਸਟੈਂਸਿੰਗ ਕਰਵਾਉਣ ਪ੍ਰਤੀ ਨਿਭਾਈ ਜਾ ਰਹੀ ਜ਼ਿੰਮੇਂਵਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸਾਰੇ ਉਮਰ ਦੇ ਵਡੇਰੇ ਸਾਲਾਂ ’ਚ ਹੋਣ ਕਾਰਨ ਆਪਣੀ ਸਿਹਤ ਪ੍ਰਤੀ ਵੀ ਪੂਰੇ ਸਾਵਧਾਨ ਰਹਿਣ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਸਾਫ਼ ਕਰਦੇ ਰਹਿਣ ਅਤੇ ਮੂੰਹ ਢੱਕ ਕੇ ਰੱਖਣ।
ਡਿਪਟੀ ਕਮਿਸ਼ਨਰ ਵਿਨੈ ਬਬਲਾਨਨੀ ਅਤੇ ਐਸ ਐਸ ਪੀ ਅਲਕਾ ਮੀਨਾ ਨੇ ਇਸ ਮੌਕੇ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਵਿਡ ਰੋਕਥਾਮ ਲਈ ਲਾਏ ਗਏ ਕਰਫ਼ਿਊ ਦੌਰਾਨ ਲੋਕਾਂ ਤੱਕ ਜ਼ਰੂਰੀ ਵਸਤਾਂ ਪੁੱਜਦੀਆਂ ਕਰਨ ਅਤੇ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਘਰਾਂ ’ਚ ਹੀ ਰੱਖਣ ਲਈ ਕੀਤੇ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ। ਇਨ੍ਹਾਂ ਦੋਵਾਂ ਅਧਿਕਾਰੀਆਂ ਨੇ ਏ ਡੀ ਸੀ (ਜ) ਅਦਿਤਿਆ ਉੱਪਲ ਅਤੇ ਡੀ ਐਸ ਪੀ ਦੀਪਿਕਾ ਸਿੰਘ ਵੱਲੋਂ ਕੋਵਿਡ ਰੋਕਥਾਮ ’ਚ ਸਿਹਤ ਵਿਭਾਗ ਨਾਲ ਰਲ ਕੇ ਪਾਏ ਯੋਗਦਾਨ ਦੀ ਸ਼ਲਾਘਾ ਵੀ ਕੀਤੀ। ਸਿਵਲ ਸਰਜਨ ਡਾ. ਰਜਿੰਦਰ ਭਾਟੀਆ ਨੇ ਦੱਸਿਆ ਕਿ ਹੁਣ ਤੱਕ 569 ਟੈਸਟ ਹੋ ਚੁੱਕੇ ਹਨ ਜਿਨ੍ਹਾਂ ’ਚੋਂ 529 ਨੈਗੇਟਿਵ ਆਏ ਹਨ ਜਦਕਿ 16 ਦੇ ਨਤੀਜੇ ਉਡੀਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਆਖਰੀ ਕੋਵਿਡ ਪਾਜ਼ੇਟਿਵ ਮਰੀਜ਼ ਨੂੰ 22 ਅਪਰੈਲ ਨੂੰ ਜ਼ਿਲ੍ਹਾ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।
ਇਸ ਮੌਕੇ ਜਨ. ਸ਼ੇਰਗਿੱਲ ਦੇ ਓ ਐਸ ਡੀ ਕਰਨਵੀਰ ਸਿੰਘ ਤੋਂ ਇਲਾਵਾ ਏ ਡੀ ਸੀ (ਜ) ਅਦਿਤਿਆ ਉੱਪਲ, ਐਸ ਪੀ (ਡੀ) ਵਜ਼ੀਰ ਸਿੰਘ ਖਹਿਰਾ, ਸਹਾਇਕ ਕਮਿਸ਼ਨਰ ਦੀਪਜੋਤ, ਜੀ ਓ ਜੀ ਜ਼ਿਲ੍ਹਾ ਮੁਖੀ ਕਰਨਲ ਚੂਹੜ ਸਿੰਘ, ਤਹਿਸੀਲ ਮੁਖੀ ਸ਼ਰਨਜੀਤ ਸਿੰਘ ਬੰਗਾ, ਸਤਪਾਲ ਸਿੰਘ ਨਵਾਂਸ਼ਹਿਰ ਅਤੇ ਅਤੇ ਭਗਤ ਰਾਮ ਬਲਾਚੌਰ ਵੀ ਮੌਜੂਦ ਸਨ।