ਮਾਮਲਿਆਂ ਵਿਚ ਅਣਕਿਆਸੇ ਵਾਧੇ ਨਾਲ ਨਜਿੱਠਣ ਲਈ ਰੂਪਰੇਖਾ ਤਿਆਰ ਕਰਨ ਲਈ ਹਸਪਤਾਲ ਮੁਖੀਆਂ ਨਾਲ ਕੀਤੀ ਮੀਟਿੰਗ
ਵਡਮੁੱਲੀਆਂ ਸੇਵਾਵਾਂ ਲਈ ਡਾਕਟਰਾਂ ਨੂੰ ਬੈਜ ਲਗਾ ਕੇ ਕੀਤਾ ਸਨਮਾਨਿਤ
ਐਸ.ਏ.ਐਸ. ਨਗਰ, 02 ਜੁਲਾਈ 2020: ਕਰੋਨਾ ਵਾਇਰਸ ਦੇ ਮਾਮਲਿਆਂ ਵਿਚ ਅਣਕਿਆਸੇ ਵਾਧੇ ਨਾਲ ਨਜਿੱਠਣ ਸਬੰਧੀ ਰੂਪਰੇਖਾ ਤਿਆਰ ਲਈ, ਡਿਪਟੀ ਕਮਿਸ਼ਨਰ ਸ੍ਰੀ ਗਿਰਿਸ਼ ਦਿਆਲਨ ਨੇ ਅੱਜ ਜ਼ਿਲ੍ਹੇ ਦੇ ਹਸਪਤਾਲਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਤਰਜੀਹ ਇਹ ਯਕੀਨੀ ਬਣਾਉਣਾ ਹੈ ਕਿ ਕੀਮਤੀ ਜਾਨਾਂ ਬਚਾਈਆਂ ਜਾਣ ਅਤੇ ਇਸ ਮੰਤਵ ਲਈ ਉਨ੍ਹਾਂ ਹਸਪਤਾਲਾਂ ਦੀ ਪਛਾਣ ਹੋਣੀ ਚਾਹੀਦੀ ਹੈ ਜੋ ਕੋਵਿਡ ਮਰੀਜ਼ਾਂ ਦਾ ਇਲਾਜ ਕਰ ਸਕਣ ਅਤੇ ਉਨ੍ਹਾਂ ਨੂੰ ਉਚ ਦਰਜੇ ਦਾ ਮੈਡੀਕਲ ਇਲਾਜ ਮੁਹੱਈਆ ਕਰਵਾ ਸਕਣ। ਇਸ ਸਬੰਧ ਵਿਚ ਸਮਝੌਤੇ ਪਹਿਲਾਂ ਹੀ ਸਹੀਬੱਧ ਕੀਤੇ ਜਾ ਚੁੱਕੇ ਹਨ।
ਇਸ ਮੌਕੇ ਦੋ ਮਾਹਰ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ। ਇਹਨਾਂ ਵਿਚੋਂ ਇਕ ਸਲਾਹਕਾਰ ਕਮੇਟੀ ਹੈ ਜੋ ਪਾਜੇਟਿਵ ਮਾਮਲਿਆਂ ਦੀ ਗਿਣਤੀ ਚਿੰਤਾਜਨਕ ਪੱਧਰ 'ਤੇ ਪਹੁੰਚਣ 'ਤੇ ਸਲਾਹ ਦੇਵੇਗੀ ਅਤੇ ਦੂਜੀ ਇਕ ਰੈਫਰਲ ਕਮੇਟੀ ਜੋ ਹਸਪਤਾਲਾਂ ਦੇ ਪੱਧਰ ਐਲ 1, ਐਲ 2 ਅਤੇ ਐਲ 3 ਬਾਰੇ ਸੁਝਾਅ ਦੇਵੇਗੀ।
ਡੀ.ਸੀ. ਨੇ ਅੱਗੇ ਕਿਹਾ ਕਿ ਸ਼ਨਾਖਤ ਕੀਤੇ ਹਸਪਤਾਲਾਂ ਵਿੱਚ ਇਲਾਜ ਦੀਆਂ ਦਰਾਂ ਪਾਰਦਰਸ਼ਤਾ ਬਣਾਈ ਰੱਖਣ ਦੇ ਮੰਤਵ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਅਧਿਕਾਰਤ ਵੈਬਸਾਈਟ ਉੱਤੇ ਵੀ ਅਪਲੋਡ ਕੀਤੀਆਂ ਜਾਣਗੀਆਂ।
ਇਸੇ ਦੌਰਾਨ, ਮੈਡੀਕਲ ਭਾਈਚਾਰੇ ਵੱਲੋਂ ਨਿਭਾਈਆਂ ਵੱਡਮੁੱਲੀ ਸੇਵਾਵਾਂ ਦੀ ਪਛਾਣ ਵਜੋਂ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਮਿਸ਼ਨ ਫਤਿਹ ਦੇ ਬੈਜਾਂ ਨਾਲ ਮੌਜੂਦ ਡਾਕਟਰਾਂ ਨੂੰ ਸਨਮਾਨਿਤ ਕੀਤਾ ਅਤੇ ਮਨੁੱਖਤਾ ਦੇ ਇਸ ਕਾਰਜ ਦੀ ਸੇਵਾ ਵਿਚ ਲੱਗੇ ਰਹਿਣ ਦੀ ਅਪੀਲ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਏਡੀਸੀ ਆਸ਼ਿਕਾ ਜੈਨ, ਸਹਾਇਕ ਕਮਿਸ਼ਨਰ (ਜਨਰਲ) ਯਸ਼ਪਾਲ ਸ਼ਰਮਾ, ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੈਮੋਲੋਜਿਸਟ ਡਾ. ਹਰਮਨ ਸ਼ਾਮਲ ਸਨ।