ਫਿਰੋਜ਼ਪੁਰ 25 ਮਈ 2020 : ਸੂਬੇ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਦਾ ਖੁਦ ਪ੍ਰਬੰਧ ਕਰਨ ਦੀ ਜੁੰਮੇਵਾਰੀ ਤੋਂ ਪੰਜਾਬ ਸਰਕਾਰ ਭੱਜ ਰਹੀ ਹੈ ਅਤੇ ਵਲਡ ਬੈਂਕ ਦੀ ਪਾਲਸੀ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਅਧੀਨ ਚੱਲ ਰਹੇ ਪੇਂਡੂ ਜਲ ਘਰਾਂ ਦਾ ਪੰਚਾਇਤੀਕਰਨ ਕਰਨ ਦੇ ਨਾਂਅ 'ਤੇ ਪਬਲਿਕ ਅਦਾਰੇ ਦਾ ਨਿੱਜੀਕਰਨ ਕਰਨ ਦੀਆਂ ਮਾਰੂ ਨੀਤੀਆਂ ਲਾਗੂ ਕਰਨ ਲਈ ਕੋਝੀਆਂ ਚਾਲਾਂ ਚੱਲਣ ਜਾ ਰਹੀ ਹੈ, ਜਿਸਦਾ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਪੂਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਚੇਤਾਵਨੀ ਦਿੱਤੀ ਕਿ ਹਜ਼ਾਰਾਂ ਦੀ ਗਿਣਤੀ ਵਿਚ ਲੱਗੇ ਕਾਮਿਆਂ ਦੇ ਰੁਜਗਾਰ ਅਤੇ 87 ਪ੍ਰਤੀਸ਼ਤ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਬੁਨਿਆਦੀ ਸਹੂਲਤ ਉਪਰ ਡਾਕਾ ਨਹੀਂ ਵੱਜਣ ਦਿੱਤਾ ਜਾਵੇਗਾ, ਜਿਸਦਾ ਨਾ ਸਿਰਫ ਵਿਰੋਧ ਕੀਤਾ ਜਾਵੇਗਾ ਬਲਕਿ ਇਸਦੇ ਨਾਲ ਹੀ ਪੰਚਾਇਤੀਕਰਨ, ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਵਾਉਣ ਲਈ ਭਵਿੱਖ ਵਿਚ ਤਿੱਖੇ ਸੰਘਰਸ਼ ਜਾਰੀ ਰਹਿਣਗੇ। ਇਹ ਵਿਚਾਰ ਉਕਤ ਜੱਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਰੁਪਿੰਦਰ ਸਿੰਘ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਮੋਮੀ ਨੇ ਅੱਜ ਇਥੇ ਮੀਡੀਆ ਨੂੰ ਜਾਰੀ ਕੀਤੇ ਬਿਆਨ ਵਿਚ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਲਡ ਬੈਂਕ ਦੀ ਨੀਤੀਆਂ ਲਿਆ ਕੇ ਪੇਂਡੂ ਜਲ ਘਰਾਂ ਦਾ ਪੰਚਾਇਤੀਕਰਨ/ਨਿੱਜੀਕਰਨ ਕਰਨ ਦੇ ਮਾਰੂ ਫੈਸਲੇ ਲਏ ਜਾ ਰਹੇ ਹਨ ਅਤੇ ਧੱਕੇ ਨਾਲ ਸਕੀਮਾਂ ਪੰਚਾਇਤਾਂ ਨੂੰ ਦੇਣ ਲਈ ਸਰਪੰਚਾਂ ਨੂੰ ਫੋਨ ਕੀਤੇ ਜਾ ਰਹੇ ਹਨ। ਬਿਜਲੀ ਵਿਭਾਗ ਦੀ ਤਰ੍ਹਾਂ ਪੰਚਾਇਤਾਂ ਨੂੰ ਜਲ ਸਪਲਾਈ ਸਕੀਮਾਂ ਦੇ ਕੇ ਸਰਕਾਰ ਲੋਕਾਂ ਦੀਆਂ ਬੁਨਿਆਦੀ ਸਹੂਲਤ ਦਾ ਪ੍ਰਬੰਧ ਕਰਨ ਦੀ ਆਪਣੀ ਜੁੰਮੇਵਾਰੀ ਤੋਂ ਭੱਜ ਰਹੀ ਹੈ। ਪੰਚਾਇਤਾਂ ਕੋਲ ਨਾ ਤਾਂ ਆਮਦਨ ਦੇ ਸਾਧਨ ਹਨ ਅਤੇ ਨਾ ਹੀ ਚਲਾਉਣ ਦਾ ਤਕਨੀਕੀ ਤੌਰ 'ਤੇ ਕੋਈ ਤਜਰਬਾ ਹੈ ਅਤੇ ਨਾਂ ਹੀ ਕੋਈ ਇੰਜੀਨੀਅਰ ਸਟਾਫ਼ ਜਿਸਦੇ ਕਾਰਨ ਹੀ ਸੂਬੇ ਵਿਚ ਜਿਨ੍ਹੀਆਂ ਵੀ ਜਲ ਸਪਲਾਈ ਸਕੀਮਾਂ ਪੰਚਾਇਤਾਂ ਨੂੰ ਪਹਿਲਾਂ ਹੈੱਡ ਓਵਰ ਕੀਤੀਆਂ ਗਈਆਂ ਸਨ, ਉਹ ਬੰਦ ਹੋ ਚੁੱਕੀਆਂ ਹਨ ਅਤੇ ਚਿੱਟਾ ਹਾਥੀ ਸ਼ਾਬਤ ਹੋ ਰਹੀਆਂ ਹਨ। ਉਨ੍ਹਾਂ ਪਿੰਡਾਂ ਦੇ ਲੋਕ ਪਾਣੀ ਦੀ ਸਹੂਲਤ ਤੋਂ ਵਾਂਝੇ ਹੋ ਚੁੱਕੇ ਹਨ। ਪਾਣੀ ਸਪਲਾਈ ਨੂੰ ਚਾਲੂ ਰੱਖਣ ਲਈ ਵਾਟਰ ਵਰਕਸ ਦੀ ਮਸ਼ਨੀਰੀ ਨੂੰ ਠੀਕ ਕਰਵਾਉਣ ਅਤੇ ਲੀਕੇਜ ਠੀਕ ਕਰਨ ਲਈ ਅਸਮਰੱਥ ਹਨ। ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਪਿਆਰੇਆਣਾ ਨੇ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਕੋਲ ਜਲ ਸਪਲਾਈ ਸਕੀਮਾਂ ਨੂੰ ਚਲਾਉਣ ਲਈ ਪੰਜਾਬ ਵਿਚ 12 ਸਰਕਲ, 48 ਡਵੀਜਨਾਂ ਅਤੇ 200 ਉਪ ਮੰਡਲ ਪੂਰੇ ਪੰਜਾਬ ਵਿਚ ਹਨ ਅਤੇ ਇਸ ਤੋਂ ਇਲਾਵਾ ਕਾਰਜਕਾਰੀ ਇੰਜੀਨੀਅਰ, ਉਪ ਮੰਡਲ ਇੰਜੀਨੀਅਰ, ਜੂਨੀਅਰ ਇੰਜੀਨੀਅਰਾਂ ਤੋਂ ਇਲਾਵਾ 10000 ਹਜ਼ਾਰਾਂ ਦੇ ਲਗਭਗ ਗਿਣਤੀ ਵਿਚ ਰੈਗੂਲਾਰ ਮੁਲਾਜਮ ਅਤੇ ਠੇਕਾ ਵਰਕਰ ਹਨ, ਜੋ ਪੇਂਡੂ ਜਲ ਸਪਲਾਈ ਸਕੀਮਾਂ ਨੂੰ ਚਲਾਉਣ ਲਈ ਵਿਭਾਗ ਵਿਚ ਕੰਮ ਕਰ ਰਹੇ ਹਨ। ਫਿਰ ਵੀ ਸਰਕਾਰ ਪੀਣ ਵਾਲੇ ਪਾਣੀ ਦੀ ਬੁਨਿਆਦੀ ਸਹੂਲਤ ਦੇਣ ਤੋਂ ਭੱਜ ਰਹੀ ਹੈ ਜਲ ਸਪਲਾਈ ਵਿਭਾਗ ਕੋਲ ਤਕਨੀਕੀ ਤੌਰ 'ਤੇ ਚਾਲੂ ਰੱਖਣ ਲਈ ਵੱਡੀ ਗਿਣਤੀ ਵਿਚ ਅਮਲਾ ਹੈ, ਜੋ ਸਕੀਮਾਂ ਨੂੰ ਚਲਾ ਰਿਹਾ ਹੈ। ਇਸ ਮੌਕੇ ਪ੍ਰੈੱਸ ਸਕੱਤਰ ਰਣਜੀਤ ਸਿੰਘ ਖਾਲਸਾ, ਸੁਰਜੀਤ ਸਿੰਘ ਬਲਾਕ ਪ੍ਰਧਾਨ, ਸੁਖਦੇਵ ਸਿੰਘ ਬਲਾਕ ਪ੍ਰਧਾਨ, ਸੰਤੋਖ ਸਿੰਘ ਬਲਾਕ ਪ੍ਰਧਾਨ, ਮਲਕੀਤ ਚੰਦ, ਸੁੱਚਾ ਸਿੰਘ, ਨਿਸ਼ਾਨ ਸਿੰਘ, ਗੁਰਪਿੰਦਰ ਸਿੰਘ ਖਜਾਨਚੀ, ਬਲਜਿੰਦਰ ਸਿੰਘ ਸੋਢੀ ਨਗਰ, ਸਲਵਿੰਦਰ ਸਿੰਘ ਅੱਛੇਵਾਲਾ ਆਦਿ ਵਰਕਰ ਹਾਜ਼ਰ ਸਨ।