ਫਿਰੋਜ਼ਪੁਰ, 1 ਅਪ੍ਰੈਲ 2020 - ਪੰਜਾਬ ਸਰਕਾਰ ਵਲੋੰ ਵੰਡੇ ਜਾ ਰਹੇ ਰਾਸ਼ਨ ਦੀ ਕਾਣੀ ਵੰਡ ਨੂੰ ਲੈਕੇ ਅੱਜ ਫਿਰੋਜ਼ਪੁਰ ਦੀ ਭੱਟੀਆਂ ਵਾਲੀ ਵਸਤੀ ਦੇ ਸੈਂਕੜੇ ਲੋਕਾਂ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀ ਰਿਹਾਇਸ਼ ਦਾ ਘਿਰਾਓ ਕੀਤਾ। ਮੁਜ਼ਾਹਰਾਕਾਰੀਆਂ ਦੀ ਅਗਵਾਈ ਭਾਜਪਾ ਕੌਂਸਲਰ ਰਾਜੇਸ਼ ਕੁਮਾਰ ਕਰ ਰਹੇ ਸਨ।
ਇਹਨਾਂ ਘਿਰਾਓ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਜੋ ਸਰਕਾਰੀ ਤੌਰ 'ਤੇ ਰਾਸ਼ਨ ਘਰਾਂ ਵਿੱਚ ਦਿੱਤਾ ਜਾ ਰਿਹਾ ਹੈ ਉਸ ਵਿੱਚ ਕਾਣੀ ਵੰਡ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਿਹੜੇ ਲੋਕ ਕਾਂਗਰਸ ਨਾਲ ਸਬੰਧਤ ਹਨ ਰਾਸ਼ਨ ਸਿਰਫ ਉਹਨਾਂ ਨੂੰ ਹੀ ਦਿੱਤਾ ਜਾ ਰਿਹਾ ਹੈ। ਭਾਜਪਾ ਦੇ ਕੌਂਸਲਰ ਰਾਜੇਸ਼ ਕੁਮਾਰ ਨੇ ਕਿਹਾ ਕਿ ਇਹਨਾਂ ਲੋਕਾਂ ਦਾ ਏਹੀ ਕਸੂਰ ਹੈ ਕਿ ਇਹ ਲੋਕ ਭਾਜਪਾ ਨਾਲ ਸਬੰਧ ਰੱਖਦੇ ਹਨ। ਪਰ ਹੈ ਤਾਂ ਇਹ ਵੀ ਗਰੀਬ ਹੀ ਹਨ।
ਹੈਰਾਨਗੀ ਇਸ ਗੱਲ ਦੀ ਵੀ ਹੈ ਕਿ ਸੈਂਕੜਿਆਂ ਦੀ ਗਿਣਤੀ ਵਿਚ ਇਹ ਲੋਕ ਆਖਿਰ ਤਿੰਨ ਕਿਲੋ ਮੀਟਰ ਘਰਾਂ ਤੋਂ ਡੀ ਸੀ ਦੀ ਰਿਹਾਇਸ਼ ਤੱਕ ਪੁੱਜ ਕਿਵੇਂ ਗਏ? ਝੁੰਡ ਬਣਾ ਕੇ ਚੱਲ ਰਹੇ ਇਹਨਾਂ ਲੋਕਾਂ ਨੂੰ ਚੱਪੇ ਚੱਪੇ 'ਤੇ ਖੜੀ ਪੁਲਸ ਨੇ ਰੋਕਿਆ ਕਿਉਂ ਨਹੀਂ ? ਜਦੋਂ ਕੌਂਸਲਰ ਰਾਜੇਸ਼ ਕੁਮਾਰ ਨੂੰ ਕਰਫ਼ਿਊ ਦੀ ਉਲੰਘਣਾ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਅਗੋਂ ਆਖਿਆ ਕਿ ਇਹ ਲੋਕ ਮੇਰੇ ਘਰ ਦੇ ਬੂਹਾ ਮੱਲ ਕੇ ਬੈਠੇ ਹੋਏ ਹਨ ਅਤੇ ਡੀ ਸੀ ਸਾਹਬ ਮੇਰਾ ਫ਼ੋਨ ਨਹੀਂ ਚੁੱਕ ਰਹੇ। ਫਿਰ ਮੈਂ ਇਹਨਾਂ ਲੋਕਾਂ ਨੂੰ ਡੀ ਸੀ ਦੀ ਰਿਹਾਇਸ਼ 'ਤੇ ਪੁੱਜ ਗਿਆ।
ਮੌਕੇ 'ਤੇ ਪੁੱਜੇ ਥਾਣਾ ਫਿਰੋਜ਼ਪੁਰ ਕੈਂਟ ਦੇ ਐੱਸ.ਐਚ.ਓ. ਪ੍ਰਵੀਨ ਕੁਮਾਰ ਨੇ ਕਿਹਾ ਕਿ ਡੀ ਸੀ ਸਾਹਬ ਨੇ ਇਹਨਾਂ ਦੀਆਂ ਮੰਗਾਂ ਮੰਨ ਲਈਆਂ ਹਨ। ਜਦੋਂ ਧਾਰਾ 144 ਦੀ ਉਲੰਘਣਾ ਬਾਰੇ ਸੁਆਲ ਕੀਤਾ ਤਾਂ ਉਹਨਾ ਕਿਹਾ ਕਿ ਜਿਵੇਂ ਹੁਕਮ ਆਵੇਗਾ ਉਹ ਕਾਰਵਾਈ ਕਰਨਗੇ। ਇਸ ਸਬੰਧੀ ਡੀ ਸੀ ਫਿਰੋਜ਼ਪੁਰ ਕੁਲਵੰਤ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਫ਼ੋਨ ਹੀ ਨਹੀਂ ਚੁੱਕਿਆ।