ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ’ਚ ਲੋਕ ਭਾਜਪਾ ਨੂੰ ਜਿਤਾਉਣ ਲਈ ਤਿਆਰ ਬਰ ਤਿਆਰ: ਸੁਖਵਿੰਦਰ ਗੋਲਡੀ
ਸੂਬੇ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਵਾਸੀ 2024 ਦੀਆਂ ਚੋਣਾਂ ’ਚ ਭਾਜਪਾ ਉਮੀਦਵਾਰਾਂ ਦੇ ਹੱਕ ’ਚ ਭੁਗਤਣਗੇ: ਗੋਲਡੀ
ਮੋਹਾਲੀ, 31 ਮਾਰਚ 2023 - 10 ਮਈ ਨੂੰ ਹੋਣ ਜਾ ਰਹੀ ਲੋਕ ਸਭਾ ਹਲਕਾ ਜਲੰਧਰ ਦੀ ਉਪ ਚੋਣ ਲਈ ਜਿਥੇ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਉਥੇ ਹੀ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਵਰਕਰ ਵੀ ਪੂਰੇ ਉਤਸ਼ਾਹ ਨਾਲ ਮੈਦਾਨ ਵਿਚ ਆ ਚੁੱਕੇ ਹਨ ਅਤੇ ਜਲੰਧਰ ਦੇ ਲੋਕ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਅੰਦਰ ਕਰਵਾਏ ਜਾ ਰਹੇ ਸਰਬਪੱਖੀ ਵਿਕਾਸ ਕਾਰਜਾਂ ਦੇ ਚਲਦਿਆਂ ਜਲੰਧਰ ਲੋਕ ਸਭਾ ਦੀ ਉਪ ਚੋਣ ਵਿਚ ਵਿਕਾਸ ਕੇ ਨਾਂਅ ’ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾ ਕੇ ਜਿਤਾਉਣ ਦਾ ਪੂਰਾ ਮਨ ਬਣਾ ਚੁੱਕੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਜਪਾ ਪੰਜਾਬ ਦੇ ਸਹਿ ਖਜਾਨਚੀ ਸੁਖਵਿੰਦਰ ਸਿੰਘ ਗੋਲਡੀ ਨੇ ਕੀਤਾ। ਸੁਖਵਿੰਦਰ ਸਿੰਘ ਗੋਲਡੀ ਨੇ ਅੱਗੇ ਕਿਹਾ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਪੰਜਾਬ ਵਾਸੀ ਪਹਿਲਾਂ ਹੀ ਆਪਣੇ ਦਿਲਾਂ ’ਚੋਂ ਕੱਢ ਚੁੱਕੇ ਹਨ ਅਤੇ ਸੱਤਾ ਧਿਰ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰੀਬ ਇਕ ਸਾਲ ਵਿਚ ਜਿਸ ਢੰਗ ਨਾਲ ਪੰਜਾਬ ਦੇ ਪੈਸੇ ਨੂੰ ਬਰਬਾਦ ਕੀਤਾ ਅਤੇ ਲੋਕ ਵਿਰੋਧੀ ਫੈਸਲੇ ਲਏ ਹਨ ਉਸਦੇ ਚਲਦਿਆਂ ਹੁਣ ਪੰਜਾਬ ਦੇ ਲੋਕ ਆਪ ਵਾਲਿਆਂ ਨੂੰ ਵੀ ਸਬਕ ਸਿਖਾਉਣ ਲਈ ਤਿਆਰ ਬਰ ਤਿਆਰ ਬੈਠੇ ਹਨ।
ਸੁਖਵਿੰਦਰ ਸਿੰਘ ਗੋਲਡੀ ਨੇ ਅੱਗੇ ਕਿਹਾ ਕਿ ਜਿਸ ਢੰਗ ਨਾਲ ਦੇਸ਼ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਉਸਨੂੰ ਦੇਖਦਿਆਂ ਜਲੰਧਰ ਵਾਸੀਆਂ ਸਮੇਤ ਪੰਜਾਬ ਵਾਸੀ ਹੁਣ ਪੰਜਾਬ ਅੰਦਰ ਭਾਜਪਾ ਪਾਰਟੀ ਨੂੰ ਆਪਣੇ ਵੋਟ ਦੇ ਕੇ ਪੰਜਾਬ ਨੂੰ ਵੀ ਵਿਕਾਸ ਦੀਆਂ ਨਵੀਆਂ ਲੀਹਾਂ ’ਤੇ ਲਿਜਾਉਣਾ ਚਾਹੁੰਦੇ ਹਨ ਅਤੇ ਇਹ ਸਿਰਫ ਭਾਜਪਾ ਦੀ ਡਬੱਲ ਇੰਜਣ ਵਾਲੀ ਸਰਕਾਰ ਦੇ ਨਾਲ ਹੀ ਸੰਭਵ ਹੋ ਸਕਦਾ ਹੈ। ਸੁਖਵਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਜਿਥੇ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਲਿਹਾਜਾ ਹੁਣ ਜਲੰਧਰ ਹਲਕੇ ਦੇ ਲੋਕ ਇਸ ਉਪ ਚੋਣ ’ਚ ਭਾਜਪਾ ਦੇ ਉਮੀਦਵਾਰ ਨੂੰ ਜਿਤਾ ਕੇ ਲੋਕ ਸਭਾ ’ਚ ਭੇਜਣਗੇ ਅਤੇ ਆਉਣ ਵਾਲੀਆਂ 2024 ਦੀਆਂ ਚੋਣਾਂ ’ਚ ਭਾਜਪਾ ਦੀ ਜਿੱਤ ਦੀ ਸ਼ੁਰੂਆਤ ਇਸ ਉਪ ਚੋਣ ਤੋਂ ਹੀ ਕਰਨਗੇ।