ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ’ਚ ਵਾਤਾਵਰਣ ਨੂੰ ਬਣਾਇਆ ਜਾਵੇ ਮੁੱਖ ਮੁੱਦਾ : ਸੀਚੇਵਾਲ
- ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਵਾਤਾਵਰਣ ਪ੍ਰੇਮੀਆਂ ਨੇ ਸੌਂਪਿਆ ਮੰਗ ਪੱਤਰ
ਦੀਪਕ ਗਰਗ
ਕੋਟਕਪੂਰਾ, 27 ਅਪੈ੍ਰਲ 2023 :- ਵਾਤਾਵਰਣ ਨੂੰ ਲੋਕ ਸਭਾ ਹਲਕਾ ਜਲੰਧਰ ਦੀ ਜਿਮਨੀ ਚੋਣ ਵਿੱਚ ਮੁੱਖ ਮੁੱਦਾ ਬਣਾਉਣ ਲਈ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਸੌਂਪੇ ਗਏ ਅਤੇ ਦਿੱਤੇ ਜਾ ਰਹੇ ਮੰਗ ਪੱਤਰਾਂ ਦੀ ਲੜੀ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਉਹਨਾਂ ਦੀ ਨਿੱਜੀ ਰਿਹਾਇਸ਼ ’ਤੇ ਮੰਗ ਪੱਤਰ ਸੋਂਪਦਿਆਂ ਉੱਘੇ ਵਾਤਾਵਰਣ ਪੇ੍ਰਮੀ ਅਤੇ ਮੈਂਬਰ ਰਾਜ ਸਭਾ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਆਖਿਆ ਕਿ ਪੰਜਾਬ ਦੇ ਵਸਨੀਕਾਂ ਦੀ ਹੁਣ ਜਰੂਰੀ ਮੰਗ ਇਹੀ ਹੈ ਕਿ ਵਾਤਾਵਰਣ ਨੂੰ ਮੁੱਖ ਚੋਣ ਮੁੱਦਾ ਬਣਾਇਆ ਜਾਵੇ, ਕਿਉਂਕਿ ਇਸ ਸਮੇਂ ਵਾਤਾਵਰਣ ਦਾ ਪ੍ਰਦੂਸ਼ਣ ਸਭ ਤੋਂ ਅਹਿਮ ਅਤੇ ਗੰਭੀਰ ਮੁੱਦਾ ਬਣਿਆ ਹੋਇਆ ਹੈ।
ਇਸ ਮੌਕੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਸਮੇਤ ਸੁਖਵਿੰਦਰ ਸਿੰਘ ਬੱਬੂ, ਹਰਵਿੰਦਰ ਸਿੰਘ ਮਰਵਾਹਾ, ਬੀਰਇੰਦਰ ਸਿੰਘ ਵਕੀਲ, ਜਗਸੀਰ ਸਿੰਘ ਗਿੱਲ, ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਅਮਨਦੀਪ ਸਿੰਘ ਸੰਧੂ, ਕੁਲਮੀਤ ਸਿੰਘ ਅਮਰੀਕਾ, ਬਲਵਿੰਦਰ ਸਿੰਘ ਲੁਧਿਆਣਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਪਾਲ ਸਿੰਘ ਨੌਲੀ ਆਦਿ ਵੀ ਹਾਜਰ ਸਨ। ਹਵਾ, ਪਾਣੀ ਅਤੇ ਧਰਤੀ ਅਰਥਾਤ ਵਾਤਾਵਰਣ ਪ੍ਰਦੂਸ਼ਿਤ ਹੋਣ ਅਤੇ ਇਸ ਦੇ ਹੱਲ ਸਬੰਧੀ ਸਾਰਿਆਂ ਨੇ ਆਪੋ-ਆਪਣੇ ਵਿਚਾਰ ਰੱਖੇ। ਜਲੰਧਰ ਲੋਕ ਸਭਾ ਹਲਕੇ ਦੀਆਂ ਵਾਤਾਵਰਣ ਨਾਲ ਸਬੰਧਤ 7 ਪ੍ਰਮੁੱਖ ਮੰਗਾਂ ਦਾ ਵਿਸਥਾਰ ਸਮਝਾਉਂਦਿਆਂ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਕਾਲਾ ਸੰਗਿਆ ਅਤੇ ਜਮਸ਼ੇਰ ਡਰੇਨਾ ਸਮੇਤ ਚਿੱਟੀ ਵੇਈਂ ਦਾ ਗੰਦਾ ਤੇ ਜਹਿਰੀਲਾ ਪਾਣੀ ਸਤਲੁਜ ਦਰਿਆ ਵਿੱਚ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਮਾਲਵਾ ਅਤੇ ਰਾਜਸਥਾਨ ਦੇ ਲੋਕ ਕੈਂਸਰ, ਕਾਲਾ ਪੀਲੀਆ ਸਮੇਤ ਵੱਖ-ਵੱਖ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਕਤ ਜਹਿਰੀਲਾ ਪਾਣੀ ਧਰਤੀ ਹੇਠਲੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰ ਰਿਹਾ ਹੈ।
ਉਹਨਾਂ 1974 ਦੇ ਵਾਟਰ ਐਕਟ ਨੂੰ ਸਖਤੀ ਨਾਲ ਲਾਗੂ ਕਰਨ, ਪਾਣੀ ਦੇ ਕੁਦਰਤੀ ਸੋਮਿਆਂ ਦੇ ਸੁਧਾਰਾਂ ਲਈ ਲੋੜ ਮੁਤਾਬਿਕ ਟਰੀਟਮੈਂਟ ਪਲਾਂਟ ਲਾਉਣ, ਉਕਤ ਟਰੀਟਮੈਂਟ ਪਲਾਂਟਾਂ ਦਾ ਸੋਧਿਆ ਹੋਇਆ ਪਾਣੀ ਖੇਤੀ ਲਈ ਵਰਤਣ ਵਾਸਤੇ ਪ੍ਰਬੰਧ ਕਰਨ ਆਦਿਕ ਸਮੱਸਿਆਵਾਂ ਵੱਲ ਤੁਰਤ ਧਿਆਨ ਦੇਣ ਦੀ ਲੋੜ ਹੈ। ਬਾਬਾ ਸੀਚੇਵਾਲ ਨੇ ਦਾਅਵਾ ਕੀਤਾ ਕਿ ਪਿੰਡ ਸੀਚੇਵਾਲ, ਸੁਲਤਾਨਪੁਰ ਲੋਧੀ, ਦਸੂਹਾ ਅਤੇ ਫਗਵਾੜਾ ਆਦਿਕ ਇਲਾਕਿਆਂ ਤੇ ਕਸਬਿਆਂ ਦਾ ਸੋਧਿਆ ਹੋਇਆ ਪਾਣੀ ਖੇਤੀ ਲਈ ਵਰਤਿਆ ਜਾ ਰਿਹਾ ਹੈ। ਸਪੀਕਰ ਸੰਧਵਾਂ ਨੇ ਮੰਨਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਖੁਦ ਵੀ ਵਾਤਾਵਰਣ ਦੇ ਮੁੱਦੇ ’ਤੇ ਬਹੁਤ ਗੰਭੀਰ ਹਨ ਅਤੇ ਇਸ ਦਾ ਜਲਦ ਹੱਲ ਕੀਤਾ ਜਾਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਖਵਿੰਦਰ ਸਿੰਘ ਧਾਲੀਵਾਲ, ਲਖਵਿੰਦਰ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਗਿੱਲ, ਪਿ੍ਰੰਸ ਬਹਿਲ ਆਦਿ ਵੀ ਹਾਜਰ ਸਨ।