ਜੀ ਐਸ ਪੰਨੂ
- ਕੋਰੋਨਾ ਵਾਇਰਸ-ਕਰਫਿਊ-ਤਾਲਾਬੰਦੀ
ਪਟਿਆਲਾ, 26 ਮਾਰਚ 2020 - ਕੋਰੋਨਾ ਵਾਇਰਸ ਦੇ ਗੰਭੀਰ ਖਤਰੇ ਕਾਰਨ ਲੋਕਾਂ ਦੀ ਜਾਨ ਅਤੇ ਸਿਹਤ-ਸੰਭਾਲ ਲਈ ਬਹੁਤ ਵੱਡੀ ਚੁਣੌਤੀ ਸਾਡੇ ਸਮਾਜ ਦੇ ਸਾਹਮਣੇ ਆ ਖੜ੍ਹੀ ਹੈ। ਸਰਕਾਰ ਵੱਲੋਂ ਸਿਹਤ-ਸੇਵਾਵਾਂ ਸਬੰਧੀ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਰਫਿਊ/ਤਾਲਾਬੰਦੀ ਵਰਗੇ ਸਖਤ ਕਦਮ ਵੀ ਚੁੱਕੇ ਗਏ ਹਨ। ਵਾਇਰਸ ਦੀ ਲਾਗ ਤੋਂ ਬਚਾਉਣ ਵਾਲੀਆਂ ਕਿੱਟਾਂ ਦੀ ਘਾਟ ਦੌਰਾਨ ਡਾਕਟਰੀ ਅਮਲਾ ਫੈਲਾ, ਆਸ਼ਾ ਵਰਕਰ ਅਤੇ ਹੋਰ ਕਾਮੇ ਦਿਨ ਰਾਤ ਇਸ ਸਬੰਧੀ ਪ੍ਰਬੰਧ ਕਰਨ ‘ਚ ਜੁਟੇ ਹੋਏ ਹਨ। ਕਰਫਿਊ/ਤਾਲਾਬੰਦੀ ਕਾਰਨ ਲੋਕ ਆਪਣੇ ਘਰਾਂ ‘ਚ ਬੰਦ ਹਨ। ਅਜਿਹੇ ਸਮੇਂ ਲੋਕਾਂ ਦੀਆਂ ਰੋਜ-ਮਰਾਂ ਦੀਆਂ ਜ਼ਰੂਰਤਾਂ ਜਿਵੇਂ ਕਿ ਅਨਾਜ, ਸਬਜ਼ੀਆਂ, ਦੁੱਧ, ਦਵਾਈਆਂ, ਪਸ਼ੂਆਂ ਲਈ ਹਰਾ ਚਾਰਾ ਅਤੇ ਕਿਸਾਨਾਂ ਨੂੰ ਹਾੜੀ ਦੀ ਫਸਲ ਦੀ ਵਾਢੀ ਨਾਲ ਸਬੰਧਿਤ ਮੁਸ਼ਕਿਲਾਂ ਪੈਦਾ ਹੋਣ ਦਾ ਡਰ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਬਾਰੇ ਵੱਖ-ਵੱਖ ਕਿਸਮ ਦੇ ਪ੍ਰਬੰਧ ਕਰਨ ਦੇ ਦਾਅਵੇ ਕਰਕੇ ਹੈਲਪ-ਲਾਈਨ ਨੰਬਰ ਜਾਰੀ ਕੀਤੇ ਜਾ ਰਹੇ ਹਨ।
ਪਟਿਆਲਾ ਜ਼ਿਲ੍ਹੇ ਵਿੱਚ ਵੱਖ-ਵੱਖ ਜਥੇਬੰਦੀਆਂ ‘ਤੇ ਆਧਾਰਿਤ ਲੋਕ ਸੰਘਰਸ਼ ਕਮੇਟੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਪ੍ਰਬੰਧ ਕਰਨ ਦੇ ਦਾਅਵਿਆਂ ਨੂੰ ਜ਼ਮੀਨੀ ਪੱਧਰ ਤੇ ਅਮਲਦਾਰੀ ਦੀ ਠੋਸ ਸਚਾਈ ਦੇ ਰੂ-ਬ-ਰੂ ਰੱਖ ਕੇ ਸਰਵੇਖਣ ਕੀਤਾ ਹੈ। ਇਹ ਸਰਵੇਖਣ ਨਾਭਾ ਤਹਿਸੀਲ ਦੇ ਪਿੰਡ ਬਿੰਨਾਹੇੜੀ, ਬੌੜਾਂ ਕਲਾਂ, ਹਰੀਗੜ੍ਹ, ਧਨੌਰੀ, ਸੁਰਾਜਪੁਰ, ਅਜਨੌਦਾ, ਕਕਰਾਲਾ(ਨਾਭਾ), ਪਟਿਆਲਾ ਤਹਿਸੀਲ ਦੇ ਪਿੰਡ ਰਾਮਗੜ੍ਹ, ਚੂਹੜਪੁਰ ਮਰਸੀਆਂ, ਧਬਲਾਣ, ਸੈਣੀਮਾਜਰਾ, ਪਟਿਆਲਾ ਸ਼ਹਿਰ ਦੇ ਮੁਹੱਲਾ ਪ੍ਰੋਫੈਸਰ ਕਾਲੋਨੀ, ਗੁਰੂ ਨਾਨਕ ਨਗਰ, ਦਸਮੇਸ਼ ਨਗਰ, ਤ੍ਰਿਪੜੀ, ਰਣਜੀਤ ਨਗਰ, ਸਮਾਣਾ ਤਹਿਸੀਲ ‘ਚ ਪਿੰਡ ਟੋਡਰਪੁਰ, ਮਰਦਾਂਹੇੜੀ, ਜੌੜਾਮਾਜਰਾ, ਗੁਰਦਿਆਲਪੁਰਾ ਅਤੇ ਸਮਾਣਾ ਸ਼਼ਹਿਰ ਦੀ ਮਲਕਾਣਾ ਪੱਤੀ, ਪਾਤੜ੍ਹਾਂ ਤਹਿਸੀਲ ਦੇ ਪਿੰਡ ਬ੍ਰਾਹਮਣਮਾਜਰਾ ਤੇ ਪਿੰਡ ਪੈਂਦ ਵਿੱਚ ਆਮ ਲੋਕਾਂ ਤੋਂ ਘਰ-ਘਰ ਜਾ ਕੇ ਇਕੱਤਰ ਕੀਤੀ ਜਾਣਕਾਰੀ ‘ਤੇ ਆਧਾਰਿਤ ਹੈ। ਇੱਥੇ ਇਹ ਵਿਸ਼ੇਸ਼ ਤੌਰ ‘ਤੇ ਜ਼ਿਕਰਯੋਗ ਹੈ ਕਿ, ਇਸ ਸਰਵੇ ਦੌਰਾਨ ਹਰੇਕ ਪਿੰਡ/ਮੁਹੱਲੇ ਵਿੱਚ ਸਰਵੇ ਟੀਮਾਂ ‘ਚ ਸਿਰਫ਼ ਦੋ ਮੈਂਬਰ ਰੱਖੇ ਗਏ, ਜਿਨ੍ਹਾਂ ਮਾਸਕ ਬੰਨ੍ਹ ਕੇ ਅਤੇ ਸਰਕਾਰ ਵੱਲੋਂ ਬਚਾਓ ਦੇ ਸੁਝਾਏ ਗਏ ਬਾਕੀ ਸਾਰੇ ਢੰਗ ਤਰੀਕੇ ਅਪਣਾ ਕੇ ਇਸ ਸਰਵੇ ਨੂੰ ਮੁਕੰਮਲ ਕੀਤਾ ਹੈ। ਇਸ ਦੌਰਾਨ ਕਈ ਪਿੰਡਾਂ ਦੇ ਸਰਪੰਚਾਂ ਤੋਂ ਵੀ ਜਾਣਕਾਰੀ ਲਈ ਗਈ ਹੈ।
ਸਰਵੇ ਵਿੱਚ ਸਾਹਮਣੇ ਆਇਆ ਹੈ ਕਿ ਪਾਤੜ੍ਹਾ ਤਹਿਸੀਲ ਦੇ ਪਿੰਡ ਪੈਂਦ ‘ਚੋਂ 10-15 ਲੋਕ ਆਨੰਦਪੁਰ ਸਾਹਿਬ ਜਾ ਕੇ ਆਏ ਹਨ, ਪ੍ਰਸ਼ਾਸਨ ਨੂੰ ਉਚੇਚਾ ਧਿਆਨ ਦੇ ਕੇ ਇਨ੍ਹਾਂ ਦੀ ਮੈਡੀਕਲ ਜਾਂਚ ਕਰਨ ਦੀ ਲੋੜ ਹੈ।ਲੋਕਾਂ ਨੂੰ ਖਾਸ ਕਰਕੇ ਲੋੜਵੰਦ ਦਿਹਾੜੀਦਾਰ ਪਰਿਵਾਰਾਂ ਦੀਆਂ ਲੋੜਾਂ ਪੂਰੀਆਂ ਕਰਨ ਦੀਆਂ ਸਰਕਾਰੀ ਯੋਜਨਾਵਾਂ ਹਾਲੇ ਕਾਗਜ਼ਾਂ ਉੱਪਰ ਹੀ ਹਨ, ਉਨ੍ਹਾਂ ‘ਤੇ ਠੋਸ ਅਮਲ ਦੀ ਰਫ਼ਤਾਰ ਕੀੜੀ ਦੀ ਤੋਰ ਤੁਰ ਰਹੀ ਹੈ। ਜਦੋਂ ਕਿ ਇਹ ਜੰਗ ਲੱਗੇ ‘ਤੇ ਮਸ਼ਕਾਂ ਦੇ ਭਾਅ ਪੁੱਛਣ ਵਾਲੀ ਗੱਲ ਹੋਈ ਹੈ। ਲੋਕਾਂ ਨੂੰ ਕਰਫਿਊ/ਤਾਲਾਬੰਦੀ ਬਾਰੇ ਘੱਟੋ-ਘੱਟ ਤਿੰਨ ਦਿਨ ਪਹਿਲਾ ਅਗਾਊ ਸੂਚਿਤ ਕਰਨ ਅਤੇ ਤਾਲਾਬੰਦੀ ਦੌਰਾਨ ਆਮ ਵਰਤੋਂ ਦੀਆਂ ਲੋੜਾਂ ਦੀ ਸਹਿਜ ਸਪਲਾਈ ਦੀ ਅਗਾਊ ਯੋਜਨਾਬੰਦੀ ਕਰਨ ਦੀ ਲੋੜ ਸੀ। ਹੁਣ ਹਾਲਤ ਇਹ ਹੈ ਕਿ ਕਰਫ਼ਿਊ/ਤਾਲਾਬੰਦੀ ਨੂੰ ਲਾਗੂ ਕਰਵਾਉਣ ਲਈ ਪੁਲਿਸ ਦਾ ਡੰਡਾ ਸਾਰੇ ਜਿਲ੍ਹੇ ਵਿੱਚ ਜ਼ਿਆਦਾ ਸਖਤੀ ਨਾਲ ਚੱਲ ਰਿਹਾ ਹੈ।ਬਹੁਤੀਆਂ ਥਾਵਾਂ ‘ਤੇ ਪਾਇਆ ਗਿਆ ਕਿ ਪ੍ਰਸ਼ਾਸਨ ਵੱਲੋਂ ਕਈ ਤਰ੍ਹਾਂ ਦੇ ਦਿੱਤੇ ਹੈਲਪ ਲਾਈਨ ਨੰਬਰ, ਫੋਨ ਕਰਨ ਤੇ ਜਾਂ ਤਾਂ ਚੁੱਕੇ ਹੀ ਨਹੀਂ ਗਏ ਜੇਕਰ ਫੋਨ ਚੁੱਕੇ ਗਏ ਤਾਂ ਅਧਿਕਾਰੀਆਂ ਕੋਲ ਮਸਲਿਆਂ ਦੇ ਹੱਲ ਲਈ ਸਪੱਸ਼ਟ ਦਿਸ਼ਾ ਨਿਰਦੇਸ਼ (ਸ਼ਪੲਚਡਿਚਿ ਘੁਦਿੲਲਨਿੲਸ) ਨਹੀਂ ਸਨ। ਕਰਿਆਨਾ ਤੇ ਦਵਾਈਆਂ ਦੀ ਸਪਲਾਈ ਸਬੰਧੀ ਸੂਚੀਆਂ ਤਾਂ ਪਾ ਦਿੱਤੀਆਂ ਗਈਆਂ ਹਨ, ਪਰ ਉੱਥੇ ਵੀ ਹਾਲਤ ਹੈਲਪ ਨੰਬਰਾਂ ਵਾਲੀ ਹੀ ਹੈ। ਸਪੱਸ਼ਟ ਹੈ ਕਿ ਪ੍ਰਸ਼ਾਸਨ ਕੋਲ ਲੋਕ ਵਸੀਲਿਆਂ ਦੀ ਜਬਰਦਸਤ ਘਾਟ ਹੈ। ਵਲੰਟੀਅਰਜ਼ ਦੀ ਭਰਤੀ ਕਰਕੇ ਇਹ ਦੂਰ ਹੋ ਸਕਦੀ ਹੈ।
ਇਲਾਕਿਆਂ ‘ਚ ਅਨਾਜ ਅਤੇ ਸਬਜ਼ੀਆਂ ਲੋਕਾਂ ਨੂੰ ਮਹਿੰਗੇ ਭਾਅ ‘ਤੇ ਵੇਚੀਆਂ ਜਾ ਰਹੀਆਂ ਹਨ। ਕਾਲਾਬਜ਼ਾਰੀ ਦੀ ਰਿਪੋਰਟ ਗੁਰੂ ਨਾਨਕ ਨਗਰ ਪਟਿਆਲਾ, ਪ੍ਰੋਫੈਸਰ ਕਲੌਨੀ ਪਟਿਆਲਾ, ਪਾਤੜਾ ਤਹਿਸੀਲ ਦੇ ਪਿੰਡ ਪੈਂਦ ਵਿੱਚੋਂ ਆਈ ਹੈ। ਪਟਿਆਲਾ ਸ਼ਹਿਰ ਵਿੱਚ 60 ਰੁਪਏ ਕਿਲੋ ਆਲੂ, ਗੋਭੀ 100 ਰੁਪਏ ਕਿਲੋ, ਆਟਾ 40 ਰੁਪਏ ਕਿਲੋ ਤੱਕ ਵੇਚਣ ਦੀਆਂ ਵੀ ਰਿਪੋਰਟਾਂ ਹਨ। ਪਿੰਡ ਪੈਂਦ ਤੋਂ ਪੰਜਾਬ ਸਟੂਡੈਂਟ ਯੂਨੀਅਨ ਦੇ ਜਿਲ੍ਹਾ ਆਗੂ ਵੱਲੋਂ ਪਿੰਡ ਦੇ ਸਰਪੰਚ ਸਾਹਬ ਦੇ ਅਜਿਹਾ ਮਾਮਲਾ ਧਿਆਨ ਵਿੱਚ ਲਿਆਉਣ ‘ਤੇ ਉਨ੍ਹਾਂ ਵਲੋਂ ਸਖਤ ਕਾਰਵਾਈ ਦੀ ਚੇਤਾਵਨੀ ਦੇਣ ਮਗਰੋਂ ਭਾਅ ਠੀਕ ਕੀਤੇ ਗਏ।
ਦੁੱਧ ਦੇ ਕਾਰੋਬਾਰ ‘ਤੇ ਨਿਰਵਾਹ ਕਰਨ ਵਾਲੇ ਲੋਕਾਂ ਦਾ ਦੁੱਧ ਖਰਾਬ ਹੋਇਆ, ਉਸ ਦੇ ਨਿਰਵਿਘਨ ਕਾਰੋਬਾਰ ਲਈ ਫੋਨ ‘ਤੇ ਅਧਿਕਾਰੀਆਂ ਵੱਲੋਂ ਕੋਈ ਸਪੱਸ਼ਟ ਦਿਸ਼ਾ ਨਿਰਦੇਸ਼ ਨਹੀਂ ਦਿੱਤੇ ਗਏ। ਪਿੰਡ ਬੋੜਾਂ ਕਲਾਂ (ਨਾਭਾ) ‘ਚ ਇਸ ਸਮੱਸਿਆ ਦਾ ਸਾਹਮਣਾ ਕਈ ਪਰਿਵਾਰ ਕਰ ਰਹੇ ਹਨ।ਨਾਭਾ ਤਹਿਸੀਲ ਦੇ ਪਿੰਡ ਬੌੜਾਂ ਕਲਾਂ, ਹਰੀਗੜ੍ਹ, ਧਨੌਰੀ, ਪਿੰਡ ਸੁਰਾਜਪੁਰ, ਕਕਰਾਲਾ (ਨਾਭਾ), ਪਟਿਆਲਾ ਤਹਿਸੀਲ ਦੇ ਪਿੰਡ ਰਾਮਗੜ੍ਹ, ਚੂਹੜਪੁਰ ਮਰਸੀਆਂ, ਸਮਾਣਾ ਤਹਿਸੀਲ ‘ਚ ਮਲਕਾਣਾ ਪੱਤੀ, ਪਿੰਡ ਟੋਡਰਪੁਰ, ਮਰਦਾਂਹੇੜੀ, ਜੌੜਾਮਾਜਰਾ, ਅਤੇ ਪਾਤੜ੍ਹਾਂ ਤਹਿਸੀਲ ਦੇ ਪਿੰਡ ਬ੍ਰਾਹਮਣਮਾਜਰਾ ਆਦਿ ਹਰੇਕ ਪਿੰਡ ‘ਚ 12-15 ਦੀ ਗਿਣਤੀ ਵਿੱਚ ਤਾਂ ਅਜਿਹੇ ਪਰਿਵਾਰ ਵੀ ਹਨ ਜਿਨ੍ਹਾਂ ਕੋਲ ਨਾ ਰੁਪਏ ਅਤੇ ਨਾ ਹੀ ਰਾਸ਼ਨ ਹੈ। ਅਜਿਹੇ ਲੋਕਾਂ ਦੀ ਪਿੰਡਾਂ ਦੇ ਲੋਕ, ਪੰਚਾਇਤਾਂ, ਲੋਕ ਸੰਘਰਸ਼ ਕਮੇਟੀ ‘ਚ ਸ਼ਾਮਲ ਜਨਤਕ ਜਥੇਬੰਦੀਆਂ ਦੇ ਸਾਥੀ ਸਹਾਇਤਾ ਕਰ ਰਹੇ ਹਨ। ਅਜਿਹੇ ਸਾਰੇ ਗਰੀਬ ਪਰਿਵਾਰਾਂ ਲਈ ਮੁਫਤ ਰਾਸ਼ਨ ਤੇ ਦੁੱਧ ਦੇ ਫੋਰੀ ਪ੍ਰਬੰਧ ਕਰਨ ਦੀ ਜਰੂਰਤ ਹੈ।
ਕਰਫਿਊ/ਤਾਲਾਬੰਦੀ ਦੀ ਆਹਟ ਕਾਰਨ ਜਿਆਦਾਤਰ ਮਜਦੂਰ ਪਰਿਵਾਰਾਂ ਨੇ ਭਾਵੇਂ ਔਖੇ ਸੋਖੇ 4-5 ਦਿਨ ਦਾ ਰਾਸ਼ਨ ਸਟੋਰ ਕੀਤਾ, ਪ੍ਰੰਤੂ ਉਨ੍ਹਾਂ ਦੀ ਖਰੀਦ ਸ਼ਕਤੀ ਦੀ ਸੀਮਤਾਈ ਕਾਰਨ ਇਸ ਤੋਂ ਵੱਧ ਰਾਸ਼ਨ ਉਹ ਖਰੀਦ ਨਹੀਂ ਸਕੇ। ਤਾਲਾਬੰਦੀ/ਕਰਫਿਊ ਕਾਰਨ ਬੰਦ ਹੋਏ ਕੰਮਾਂ ਕਰਕੇ ਉਨ੍ਹਾਂ ਕੋਲ ਰੁਪਏ/ਪੈਸੇ ਦੀ ਕਮੀ ਦੇ ਚੱਲਦਿਆਂ ਰਾਸ਼ਨ ਦੀ ਘਾਟ ਚਾਰ ਪੰਜ ਦਿਨਾਂ ‘ਚ ਹੋਰ ਜਿਆਦਾ ਵਧ ਜਾਵੇਗੀ।
ਮਰੀਜ਼ਾਂ ਲਈ ਦਵਾਈਆਂ ਦੇ ਬੰਦੋਬਸਤ ਬਾਰੇ ਬੇਯਕੀਨੀ ਦੀ ਸਥਿਤੀ ਹੈ। ਪਿੰਡਾਂ ਦੇ ਆਰ.ਐੱਮ.ਪੀ.ਆਈ ਡਾਕਟਰਾਂ ਕੋਲ ਦਵਾਈਆਂ ਦੇ ਸੀਮਤ ਸਟਾਕ ਕਾਰਨ ਇਹ ਛੇਤੀ ਖਤਮ ਹੋ ਜਾਣੀਆਂ ਹਨ। ਕਈ ਜ਼ਰੂਰੀ ਦਵਾਈਆਂ ਲਈ ਲੋਕ ਜਦੋਂ ਬਾਹਰ ਨਿਕਲੇ ਤਾਂ ਪੁਲਿਸ ਦੇ ਕਹਿਰ ਦਾ ਸ਼ਿਕਾਰ ਹੋਏ ਹਨ। ਪਸ਼ੂਆਂ ਦਾ ਹਰਾ-ਚਾਰਾ ਲੈਣ ਸਮੇਂ ਵੀ ਲੋਕਾਂ ਨੂੰ ਪੁਲਿਸ ਦੀ ਸਖ਼ਤੀ ਦਾ ਸਾਹਮਣਾ ਕਰਨਾ ਪਿਆ ਹੈ। ਜਿਲ੍ਹੇ ਅੰਦਰ ਵੈਂਟੀਲੇਟਰ ਸਮੇਤ ਬਚਾਉ ਕਿੱਟਾਂ ਦੀ ਘਾਟ ਹੈ। ਇਸ ਘਾਟ ਦਾ ਸ਼ਿਕਾਰ ਤਾਂ ਖੁਦ ਪ੍ਰਬੰਧਕੀ ਮਸ਼ੀਨਰੀ ਵੀ ਹੋ ਸਕਦੀ ਹੈ। ਹਾੜੀ ਦੇ ਸੀਜਨ ਦੇ ਸਿਰ ‘ਤੇ ਖੜੇ ਹੋਣ ਕਾਰਨ ਉਸ ਦੀਆਂ ਮੁੱਢਲੀਆਂ ਤਿਆਰੀਆਂ ਰੁੱਕ ਜਾਣ ਕਾਰਨ ਕਿਸਾਨ ਪਰਿਵਾਰ ਚਿੰਤਾਂ ਦੀ ਸਥਿਤੀ ‘ਚ ਹਨ।
ਬਿਨਾਂ ਸ਼ੱਕ ਵੱਡੀ ਗਿਣਤੀ ‘ਚ ਲੋਕਾਂ ਨੇ ਹਾਲੇ ਤੱਕ ਪ੍ਰਸ਼ਾਸਨ ‘ਤੇ ਸਰਕਾਰ ਨੂੰ ਸਹਿਯੋਗ ਦਿੱਤਾ ਹੈ, ਪਰ ਜੇਕਰ ਅਨਾਜ, ਸਬਜ਼ੀਆਂ, ਦੁੱਧ, ਦਵਾਈਆਂ ਅਤੇ ਪਸ਼ੂਆਂ ਦੇ ਹਰੇ ਚਾਰੇ ਨਾਲ ਸੰਬੰਧਿਤ ਜ਼ਰੂਰਤਾਂ ਦਾ ਇੱਕ ਢੁੱਕਵਾਂ ਪ੍ਰਬੰਧ ਸਰਕਾਰ ਅਤੇ ਪ੍ਰਸ਼ਾਸਨ ਨੇ ਨਾ ਕੀਤਾ ਤਾਂ ਲੋਕ ਇਹ ਸਹਿਯੋਗ ਜ਼ਿਆਦਾ ਲੰਬਾ ਸਮਾਂ ਜਾਰੀ ਰੱਖਣ ਵਿੱਚ ਅਸਮਰੱਥ ਹੋਣਗੇ। ਉਹ ਤਾਲਾਬੰਦੀ/ਕਰਫਿਊ ਦੀ ਉਲੰਘਣਾ ਨਾ ਚਾਹੁੰਦੇ ਹੋਏ ਵੀ ਕਰਨ ਲਈ ਮਜਬੂਰ ਹੋਣਗੇ।
ਅਖੀਰ ਵਿੱਚ ਲੋਕ ਸੰਘਰਸ਼ ਕਮੇਟੀ ਪਟਿਆਲਾ, ਜ਼ਿਲ੍ਹਾ ਪ੍ਰਸ਼ਾਸਨ ਨੂੰ ਸੁਝਾਅ ਦਿੰਦੀ ਹੈ ਕਿ :-
1. ਕਰੋਨਾ ਵਾਇਰਸ ਦੇ ਗੰਭੀਰ ਖਤਰੇ ਦੇ ਮੱਦੇਨਜ਼ਰ ਪ੍ਰਸ਼ਾਸਨ ਅਤੇ ਲੋਕਾਂ ਦਾ ਆਪਸੀ ਤਾਲਮੇਲ ਬਹੁਤ ਜ਼ਰੂਰੀ ਹੈ ਇਸ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨੌਜਵਾਨ ਕਲੱਬਾਂ, ਜਨਤਕ ਜਥੇਬੰਦੀਆਂ, ਆਰ.ਐੱਮ.ਪੀ.ਆਈ ਡਾਕਟਰਾਂ ਅਤੇ ਪੰਚਾਇਤਾਂ ਤੋਂ ਸਰਗਰਮ ਸਹਿਯੋਗ ਲੈਣ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ।
2. ਸ਼ਹਿਰਾਂ ਅਤੇ ਪਿੰਡਾਂ ‘ਚ ਨੋਡਲ ਤੇ ਸਹਾਇਕ ਨੋਡਲ ਅਫਸਰਾਂ ਅਤੇ ਉਨ੍ਹਾਂ ਦੇ ਥੱਲੇ ਵਲੰਟੀਅਰ ਟੀਮਾਂ ਦਾ ਗਠਨ ਕਰਨਾ ਚਾਹੀਦਾ ਹੈ। ਸ਼ਹਿਰਾਂ ‘ਚ ਇਹ ਟੀਮਾਂ ਵਾਰਡਾਂ ਮੁਤਾਬਿਕ ਅਤੇ ਪਿੰਡਾਂ ‘ਚ ਇਹ ਟੀਮਾਂ 5 ਪਿੰਡਾਂ ਨੂੰ ਇਕਾਈ ਮੰਨ ਕੇ ਉਸਾਰਨੀਆਂ ਚਾਹੀਦੀਆਂ ਹਨ। ਹਰੇਕ ਪਿੰਡ ‘ਚੋਂ 10 ਵਲੰਟੀਅਰ ਭਰਤੀ ਕਰਨੇ ਚਾਹੀਦੇ ਹਨ।
3. ਪਿੰਡਾਂ ਤੇ ਸ਼ਹਿਰਾਂ ‘ਚ ਘਰਾਂ ‘ਚ ਬੈਠੇ ਲੋਕਾਂ ਲਈ ਰਾਸ਼ਨ, ਸਬਜ਼ੀਆਂ, ਦੁੱਧ, ਦਵਾਈਆਂ ਅਤੇ ਪਸ਼ੂਆਂ ਦੇ ਹਰੇ ਚਾਰੇ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ। ਦਿਹਾੜੀਦਾਰਾਂ ਨੂੰ ਇਹ ਵਸਤਾਂ ਮੁਫਤ ਦਿੱਤੀਆਂ ਜਾਣ। ਨੋਡਲ ਅਫਸਰਾਂ ਅਧੀਨ ਵਲੰਟੀਅਰ ਟੀਮਾਂ ਨੂੰ ਇਸ ਕੰਮ ਦੀ ਜਿੰਮੇਵਾਰੀ ਸੌਂਪਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਸਪੱਸ਼ਟ ਦਿਸ਼ਾ ਨਿਰਦੇਸ਼ ਦਿੱਤੇ ਜਾਣ।
4. ਮਿੱਥੇ ਰੇਟ ਤੋਂ ਵੱਧ ਭਾਅ ‘ਤੇ ਸਾਮਾਨ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਮਾਸਕ ਅਤੇ ਸੈਨੀਟਾਈਜ਼ਰ ਲੋਕਾਂ ‘ਚ ਮੁਫਤ ਵੰਡੇ ਜਾਣ।
5. ਬਿਮਾਰਾਂ ਨੂੰ ਹਸਪਤਾਲ/ਡਿਸਪੈਂਸਰੀਆਂ ਤੱਕ ਪਹੁੰਚਣ ‘ਚ ਪੁਲਿਸ ਦੀ ਸਖਤੀ ਸਮੇਤ ਆ ਰਹੀਆਂ ਹੋਰ ਕਠਿਨਾਈਆਂ ਨਾ ਹੋਣ।
6. ਵਾਢੀ ਦੇ ਸੀਜਨ ਨਾਲ ਸਬੰਧਿਤ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ।
7. ਡਾਕਟਰੀ ਅਮਲੇ-ਫੇਲੇ ਨੂੰ ਬਚਾਉ ਕਿੱਟਾਂ ਅਤੇ ਜਿਲ੍ਹੇ ਵਿੱਚ ਘੱਟੋ-ਘੱਟ 100 ਵੈਂਟੀਲੇਟਰਜ਼ ਦਾ ਪ੍ਰਬੰਧ ਕੀਤਾ ਜਾਵੇ।
8. ਸਫਾਈ ਕਰਮਚਾਰੀਆਂ, ਗੈਸ ਸਿਲੰਡਰਾਂ ਦੀ ਵੰਡ ਨਲ ਜੁੜੇ ਵਰਕਰਾਂ, ਸਿਹਤ ਤੇ ਪੁਲਿਸ ਮੁਲਾਜ਼ਮਾਂ ਆਦਿ ਲਈ ਮੈਡੀਕਲ ਤੌਰ ‘ਤੇ ਪ੍ਰਮਾਣਿਤ ਦਸਤਾਨੇ, ਮਾਸਕ ਤੇ ਸੈਨੇਟਾਈਜ਼ਰ, ਬਚਾਉ ਕਿੱਟਾਂ ਆਦਿ ਦਾ ਢੁੱਕਵੀ ਮਾਤਰਾ ਵਿੱਚ ਪ੍ਰਬੰਧ ਕੀਤਾ ਜਾਵੇ।
9. ਪ੍ਰਾਈਵੇਟ ਹਸਪਤਾਲਾਂ ਦੇ ਸਾਰੇ ਸੋਮੇ ਸਰਕਾਰੀ ਕੰਟਰੋਲ ਅਧੀਨ ਕਰਕੇ ਇਲਾਜ ਖਾਤਰ ਵਰਤੇ ਜਾਣ ।
10. ਪੁਲਿਸ ਦੀ ਬੇਲੋੜੀ ਸਖ਼ਤੀ ‘ਤੇ ਤੁਰੰਤ ਰੋਕ ਲਗਾਈ ਜਾਵੇ। ਲੋਕਾਂ ਵੱਲੋਂ ਇਸ ਦੀ ਸ਼ਿਕਾਇਤ ਹੋਣ ‘ਤੇ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਵੇ।
ਅਖੀਰ ਵਿੱਚ ਸਮਾਜ ਪ੍ਰਤੀ ਆਪਣੀ ਵੱਡੀ ਜਿੰਮੇਵਾਰੀ ਨੂੰ ਸਮਝਦਿਆਂ ਅਸੀ ਲੋਕ ਸੰਘਰਸ਼ ਕਮੇਟੀ, ਪਟਿਆਲਾ ਵਲੋਂ ਐਲਾਨ ਕਰਦੇ ਹਾਂ ਕਿ ਅਸੀ ਲੋਕਾਂ ਦੀ ਸੇਵਾ ਲਈ ਜਮੀਨੀ ਪੱਧਰ ‘ਤੇ ਵਲੰਟੀਅਰ ਡਿਊਟੀ ਨਿਭਾਵਾਂਗੇ। ਜੇਕਰ ਜਿਲ੍ਹਾ ਪ੍ਰਸ਼ਾਸ਼ਨ ਪਹਿਲਕਦਮੀ ਕਰਦਿਆਂ ਵਲੰਟੀਅਰ ਡਿਊਟੀਆਂ ਲਈ ਸਾਡਾ ਸਾਥ ਮੰਗੇਗਾ ਤਾਂ ਅਸੀ ਸਹਿਯੋਗ ਕਰਨ ਨੂੰ ਤਿਆਰ ਹਾਂ।