ਮਨਪ੍ਰੀਤ ਸਿੰਘ ਜੱਸੀ
- ਸਮਾਜ ਸੇਵੀ ਸੰਸਥਾਵਾਂ ਦੇ ਨਾਲ-ਨਾਲ ਨਿੱਜੀ ਸੰਸਥਾਵਾਂ ਵੀ ਆਈਆਂ ਅੱਗੇ
- ਲੰਗਰ ਵਰਤਾਉਂਦੇ ਵਕਤ ਆਪਸੀ ਦੂਰੀ ਦਾ ਖਾਸ ਖਿਆਲ ਰੱਖਿਆ ਜਾਵੇ
ਅੰਮ੍ਰਿਤਸਰ, 1 ਅਪ੍ਰੈਲ 2020 - ਕੋਰੋਨਾ ਵਾਇਰਸ ਤੋਂ ਜ਼ਿਲ੍ਹਾ ਵਾਸੀਆਂ ਨੂੰ ਬਚਾਏ ਰੱਖਣ ਲਈ ਲਗਾਏ ਗਏ ਕਰਫਿਊ ਦੌਰਾਨ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਵਦੁਲਾਰ ਸਿੰਘ ਢਿੱਲੋਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਲੋੜਵੰਦਾਂ ਤੱਕ ਰਾਸ਼ਨ ਅਤੇ ਫੂਡ ਪੈਕਟ ਵੰਡੇ ਜਾ ਰਹੇ ਹਨ ਅਤੇ ਖਾਸ ਤੌਰ ਉਤੇ ਉਨਾਂ ਬਸਤੀਆਂ ਜਿੰਨਾ ਵਿਚ ਜ਼ਿਆਦਾਤਰ ਦਿਹਾੜੀਦਾਰ ਮਜ਼ਦੂਰ ਜਾਂ ਪ੍ਰਵਾਸੀ ਮਜ਼ਦੂਰ ਰਹਿੰਦੇ ਹਨ, ਵਿਚ ਪਹੁੰਚ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਲੋੜਵੰਦ ਪਰਿਵਾਰਾਂ ਅਤੇ ਵਿਅਕਤੀਆਂ ਦੀ ਸੂਚੀ ਪ੍ਰਸ਼ਾਸ਼ਨ ਵਲੋ ਪਹਿਲਾਂ ਤਿਆਰ ਕੀਤੀ ਜਾਂਦੀ ਹੈ ਅਤੇ ਉਸ ਅਨੁਸਾਰ ਲੋੜਵੰਦਾ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਕਈ ਲੋਕ ਸੈਕਟਰ ਅਧਿਕਾਰੀ ਦੇ ਫੋਨ ਜਾਂ ਕੰਟਰੋਲ ਰੂਮ ਉਤੇ ਮਦਦ ਦੀ ਅਪੀਲ ਵੀ ਕਰਦੇ ਹਨ, ਜਿੰਨਾ ਨੂੰ ਤਰਜੀਹ ਅਧਾਰ ਉਤੇ ਰਾਸ਼ਨ ਭੇਜਿਆ ਜਾ ਰਿਹਾ ਹੈ।
ਢਿੱਲੋਂ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਨਾਲ-ਨਾਲ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਅਤੇ ਨਿਜੀ ਸੰਸਥਾਵਾਂ ਵੀ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ, ਜੋ ਕਿ ਇਕ ਚੰਗਾ ਉਦਮ ਹੈ, ਪਰ ਨਾਲ ਹੀ ਉਨਾ ਸਾਰੀਆਂ ਸੰਸਥਾਵਾਂ ਨੂੰ ਅਪੀਲ ਕਰਦੇ ਕਿਹਾ ਕਿ ਲੰਗਰ ਜਾਂ ਰਾਸ਼ਨ ਵਰਤਾਉਂਦੇ ਵਕਤ ਆਪਸੀ ਦੂਰੀ ਦਾ ਸਾਵਧਾਨੀ ਨਾਲ ਪਾਲਣ ਕੀਤਾ ਜਾਵੇ। ਕੋਸ਼ਿਸ਼ ਇਹ ਕੀਤੀ ਜਾਵੇ ਕਿ ਲੋਕਾਂ ਦੇ ਘਰ ਜਾ ਕੇ ਸੁੱਕਾ ਰਾਸ਼ਨ ਦਿੱਤਾ ਜਾਵੇ, ਨਾ ਕਿ ਸੜਕ ਕਿਨਾਰੇ ਭੀੜ ਲਗਾ ਕੇ ਵੰਡਣ ਦੀ ਕੋਸ਼ਿਸ਼ ਕੀਤੀ ਜਾਵੇ, ਕਿਉਂਕਿ ਇਸ ਨਾਲ ਭੀੜ ਪੈਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਸ. ਢਿਲੋਂ ਨੇ ਕਿਹਾ ਕਿ ਇਹ ਨਿੱਕੀਆਂ-ਨਿੱਕੀਆਂ ਕੋਸ਼ਿਸ਼ਾਂ ਨਾਲ ਅਸੀਂ ਸਾਰੇ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹਾਂ।