ਅਸ਼ੋਕ ਵਰਮਾ
ਬਠਿੰਡਾ, 15 ਅਪ੍ਰੈਲ 2020 - ਕੋਰੋਨਾ ਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਦੌਰਾਨ ਬਠਿੰੰਡਾ ਦੀਆਂ ਸਮਾਜ ਸੇਵੀ ਜੱਥੇਬੰਦੀਆਂ ਨੂੰ ਲੋੜਵੰਦ ਪ੍ਰੀਵਾਰਾਂ ਨੂੰ ਰੋਟੀ ਖੁਆਉਣ ਲਈ ਹੁਣ ਖੁੱਲ੍ਹਾ ਫੰਡ ਮਿਲਣ ਲੱਗਾ ਹੈ। ਮਹਿੰਗਾਈ ਦਰਮਿਆਨ ਮਾਲੀ ਤੌਰ ’ਤੇ ਭਾਵੇਂ ਵੱਡੇ ਖਰਚੇ ਆਸਾਨ ਨਹੀਂ ਰਹੇ ਹਨ ਫਿਰ ਵੀ ਬਠਿੰਡਾ ਵਾਸੀਆਂ ਨੇ ਦਿਲ ਖੋਹਲ ਕੇ ਦਾਨ ਦੇਣਾ ਸ਼ੁਰੂ ਕਰ ਦਿੱਤਾ ਹੈ। ਬਠਿੰਡਾ ਪੱਟੀ ’ਚ ਕਰਫਿਊ ਨੇ ਗਰੀਬ ਅਤੇ ਦਿਹਾੜੀਦਾਰ ਪ੍ਰੀਵਾਰਾਂ ਨੂੰ ਝੰਬ ਦਿੱਤਾ ਹੈ ਫਿਰ ਵੀ ਇੱਥੋਂ ਦੇ ਲੋਕਾਂ ਨੇ ਜਥੇਬੰਦੀਆਂ ਨੂੰ ਫੰਡ ਦੇਣ ਵਿੱਚ ਹੱਥ ਪਿਛਾਂਹ ਨਹੀਂ ਖਿੱਚਿਆ ਹੈ। ਬਠਿੰਡਾ ਵਿੱਚ ਮੁੱਖ ਤੌਰ ਤੇ ਇੱਕ ਦਰਜਨ ਦੇ ਕਰੀਬ ਜੱਥੇਬੰੰਦੀਆਂ ਨੇ ਕਰਫਿਊ ਲੱਗਣ ਵਾਲੇ ਦਿਨ ਤੋਂ ਲੰਗਰ ਸੇਵਾ ਸ਼ੁਰੂ ਕੀਤੀ ਹੋਈ ਹੈ ਜਦੋਂਕਿ ਸਮਾਜਿਕ ਕਾਰਕੁੰਨ ਬੇਜੁਬਾਨ ਪਸ਼ੂਆਂ ਨੂੰ ਹਰਾ ਚਾਰਾ ਪੁਹੰਚਾ ਰਹੇ ਹਨ। ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋੜਵੰਦਾਂ ਲਈ ਪਿਛਲੇ ਕਈ ਵਰਿਆਂ ਤੋਂ ਕੀਤੀਆਂ ਗਈਆਂ ਸੇਵਾਵਾਂ ਨੇ ਦਾਨੀਆਂ ਦਾ ਭਰੋਸਾ ਪੱਕਾ ਕਰ ਦਿੱਤਾ ਹੈ। ਲੌਕਡਾਊਨ ਵਧਣ ਕਰਕੇ ਖਰਚਾ ਕਾਫੀ ਵਧਣ ਦੀ ਆਸ ਹੈ ਕਿਉਂਕਿ ਸਮਾਜਿਕ ਧਿਰਾਂ ਮਿੱਥ ਕੇ ਲੰਮੀ ਲੜਾਈ ਲੜਣ ਵਾਸਤੇ ਤਿਆਰ ਬੈਠੀਆਂ ਹਨ। ਪਤਾ ਲੱਗਿਆ ਹੈ ਕਿ ਜੱਥੇਬੰਦੀਆਂ ਵੱਲੋਂ ਪੈਸੇ ਪੈਸੇ ਦਾ ਹਿਸਾਬ ਰੱਖਿਆ ਜਾ ਰਿਹਾ ਹੈ।
ਬਠਿੰਡਾ ਦੇ ਦਾਨੀਆਂ ਨੇ ਇੰਨਾਂ ਦਿਨਾਂ ਦੌਰਾਨ ਇਕੱਲੀ ਨੌਜਵਾਨ ਵੈਲਫੇਅਰ ਸੁਸਾਇਟੀ ਨੂੰ ਗਰੀਬਾਂ ਖਾਤਰ ਕਰੀਬ 15 ਲੱਖ ਰੁਪਏ ਤੋਂ ਉੱਪਰ ਦਾ ਫੰਡ ਦੇ ਦਿੱਤਾ ਹੈ। ਸੰਸਥਾ ਨੂੰ ਕੋਈ ਦਾਨੀ 50 ਹਜਾਰ ਦੇ ਗਿਆ ਹੈ ਤਾਂ ਕੋਈ 10 ਹਜਾਰ। ਹਰ ਦਾਨੀ ਨੇ ਆਪਣੇ ਵਿਤ ਮੁਤਾਬਕ ਫੰਡ ਦਿੱਤੇ ਹਨ। ਸੰਸਥਾ ਨੂੰ ਤਾਂ ਇੱਕ ਬੱਚੇ ਨੇ ਆਪਣੀ ਗੋਲਕ ਚੋਂ 700 ਰੁਪਏ ਦਿੱਤੇ ਤਾਂ ਉਸ ਦੀ ਦਾਦੀ ਨੇ ਮੰਦਰ ‘ਚ ਕੱਢਿਆ 9300 ਰੁਪਿਆ ਹੱਥ ਫੜਾ ਦਿੱਤਾ। ਇਵੇਂ ਹੀ ਇੱਥ ਗਰੀਬ ਝੁੱਗੀ ਵਾਲਾ ਸੁਸਾਇਟੀ ਨੂੰ 130 ਰੁਪਏ ਫੜਾ ਗਿਆ। ਮਹਾਂਮਾਈ ਦੇ ਨਾਮ ਤੇ ਕੱਢੇ 30 ਹਜਾਰ ਰੁਪਏ ਵੀ ਇੱਕ ਨੌਜਵਾਨ ਨੇ ਸੰਸਥਾ ਨੂੰ ਦਿੱਤੇ ਹਨ। ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਕਰਫਿਊ ਲੱਗਦਿਆਂ ਹੀ ਲੰਗਰ ਤਿਆਰ ਕਰਨ ਲਈ ਹਲਵਾਈਆਂ ਅਤੇ ਰੋਟੀ ਪਕਾਉਣ ਲਈ ਔਰਤਾਂ ਮੁਫਤ ਸੇਵਾਵਾਂ ਦੇ ਰਹੀਆਂ ਹਨ ਜਿਸ ਨਾਂਲ ਕਾਫੀ ਬੱਚਤ ਹੋਈ ਹੈ। ਉਨਾਂ ਦੱਸਿਆ ਕਿ ਰੋਜ ਦੀ ਸਮੱਸਿਆ ਨੂੰ ਦੇਖਦਿਆਂ ਪਸ਼ੂਆਂ ਲਈ ਹਰਾ ਚਾਰਾ ਕੁਤਰਨ ਵਾਸਤੇ ਨਵੀਂ ਮਸ਼ੀਨ ਲੈ ਲਈ ਹੈ।
ਇਸੇ ਤਰਾਂ ਹੀ ਸਹਿਯੋਗ ਕਲੱਬ ਵੀ ਦਿਨ ਰਾਤ ਇੱਕ ਕਰਕੇ ਗਰੀਬਾਂ ਨੂੰ ਘਰ ਘਰ ਰੋਟੀ ਪੁੱਜਦੀ ਕਰ ਰਿਹਾ ਹੈ। ਕਲੱਬ ਆਗੂ ਗੁਰਵਿੰਦਰ ਸ਼ਰਮਾ ਦੀ ਅਗਵਾਈ ਹੇਠ ਦੋਸਤਾਂ ਦਾ ਕਾਫਲਾ ਵੱਡੇ ਤੜਕੇ ਉੱਠਦਾ ਹੈ ਅਤੇ ਰੋਟੀ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ। ਇਹ ਕਲੱਬ ਹੁਣ ਤੱਕ 6 ਤੋਂ 7 ਹਜਾਰ ਪ੍ਰੀਵਾਰਾਂ ਨੂੰ ਘਰ ਵਰਤੋਂ ਵਾਲੇ ਰਾਸ਼ਨ ਦੀਆਂ ਕਿੱਟਾਂ ਵੰਡ ਚੁੱਕਿਆ ਹੈ। ਇਸੇ ਤਰਾਂ ਹੀ ਰੋਜਾਨ 700 ਵਿਅਕਤੀਆਂ ਨੂੰ ਭੋਜਨ ਮੁਹੱਈਆ ਕਰਵਾ ਰਿਹਾ ਹੈ। ਗੁਰਵਿੰਦਰ ਸ਼ਰਮਾ ਨੇ ਦੱਸਿਆ ਕਿ ਉਹ ਨਕਦ ਰਾਸ਼ੀ ਦੀ ਬਜਾਏ ਰਾਸ਼ਨ ਨੂੰ ਤਰਜੀਹ ਦੇ ਰਹੇ ਹਨ। ਇਸ ਕਲੱਬ ਨੂੰ ਵੀ ਕਈ ਸਰਦੇ ਪੁੱਜਦੇ ਲੋਕਾਂ ਨੇ ਸਹਾਇਤਾ ਦਿੱਤੀ ਹੈ ਤਾਂ ਕਈ ਸਧਾਰਨ ਲੋਕ ਵੀ ਦਸਵੰਧ ਕੱਢ ਕੇ ਗਏ ਹਨ। ਬਠਿੰਡਾ ਦਾ ਇੱਕ ਪੁਲਿਸ ਅਫਸਰ ਵੀ ਰਾਸ਼ਨ ਦੀ ਸਹਾਇਤਾ ਕਰਕੇ ਗਿਆ ਹੈ। ਇੱਕ ਪੁਲਿਸ ਇੰਸਪੈਕਟਰ ਨੇ ਵੀ ਆਪਣਾ ਯੋਗਦਾਨ ਪਾਇਆ ਹੈ। ਉਨਾਂ ਦੱਸਿਆ ਕਿ ਹੋਰ ਵੀ ਕਈ ਮਹਿਕਮਿਆਂ ਦੇ ਅਧਿਕਾਰੀ ਲਗਾਤਾਰ ਗਰੀਬਾਂ ਦੀ ਮੱਦਦ ਲਈ ਅੱਗੇ ਆ ਰਹੇ ਹਨ। ਉਨਾਂ ਦੱਸਿਆ ਕਿ ਲੰਗਰ ਤਿਆਰ ਲਈ ਔਰਤਾਂ ਦਾ ਵੱਡਾ ਸਹਿਯੋਗ ਹੈ ਤੇ ਕਲੱਬ ਨਾਲ ਜੁੜੇ ਵਲੰਟੀਅਰ ਵੀ ਕੰਮ ਕਰਦੇ ਹਨ ਫਿਰ ਵੀ ਇੱਕ ਲੱਖ ਰੁਪਏ ਦੀ ਨਕਦ ਰਾਸ਼ੀ ਉਨਾਂ ਕੋਲ ਆਈ ਹੈ।
ਸਹਾਰਾ ਜਨ ਸੇਵਾ ਦੇ ਵਲੰਟੀਅਰਾਂ ਦੇ ਕਰੀਬ 30 ਵਲੰਟੀਅਰਾਂ ਦਾ ਕਾਫਲਾ ਲੋੜਵੰਦਾਂ ਦਾ ਸਹਾਰਾ ਬਣਿਆ ਹੋਇਆ ਹੈ। ਸਹਾਰਾ ਵੱਲੋਂ ਲਾਏ ਇਸ ਮੋਰਚੇ ਵਿੱਚ ਰੋਜ਼ਾਨਾ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਹ ਦਿਨ-ਰਾਤ ਦਾ ਮੋਰਚਾ ਹੈ। ਸਹਾਰਾ ਜਨ ਸੇਵਾ ਨੂੰ ਵੀ ਮਾਲੀ ਤੌਰ ’ਤੇ ਸ਼ਹਿਰ ਵਾਸੀ ਫੰਡ ਦਿੰਦੇ ਹਨ। ਸਹਾਰਾ ਜਨ ਸੇਵਾ ਵੱਲੋਂ ਕਰਫਿਊ ਦੀ ਸ਼ੁਰੂਆਤ ’ਚ ਦੁੱਧ ਵੰਡਿਆ ਗਿਆ ਅਤੇ ਗਰੀਬ ਪ੍ਰੀਵਾਰਾਂ ਨੂੰ ਚਾਵਲ ਦਿੱਤੇ ਗਏ ਹਨ ਅਤੇ ਗਰੀਬ ਪ੍ਰੀਵਾਰਾਂ ਨੂੰ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਹਨ। ਸਹਾਰਾ ਪ੍ਰਧਾਨ ਵਿਜੇ ਗੋਇਲ ਦਾ ਕਹਿਣਾ ਸੀ ਕਿ ਦਾਨੀ ੋਸੱਜਣਾ ਨੇ ਦਿਲ ਖੋਹਲ ਕੇ ਦਾਨ ਦਿੱਤਾ ਹੈ ਜੋਕਿ ਲੋੜਵੰਦਾਂ ਲਈ ਸਹਾਈ ਹੋ ਰਿਹਾ ਹੈ। ਸ੍ਰ੍ਰ੍ਰੀ ਗੋਇਲ ਨੇ ਦਾਨੀਆਂ ਦਾ ਧੰਨਵਾਦ ਵੀ ਕੀਤਾ ਹੈ।
ਦਾਨੀਆਂ ਕਰਕੇ ਭੁੱਖੇ ਨਹੀਂ ਸੌਂਦੇ ਲੋੜਵੰਦ: ਕੁਸਲਾ
ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਸ਼ਹਿਰ ਵਾਸੀਆਂ ਦਾ ਇਹ ਦਾ ਭਰੋਸਾ ਹੈ ਕਿ ਉਹ ਸੰਸਥਾਵਾਂ ਤੋਂ ਹੀ ਲੋੜਵੰਦਾਂ ਦੀ ਆਸ ਰੱਖਣ ਲੱਗੇ ਹਨ। ਉਨਾਂ ਆਖਿਆ ਕਿ ਮਾਲੀ ਤੌਰ ’ਤੇ ਇਹ ਪ੍ਰੋਗਰਾਮ ਕਾਫੀ ਮਹਿੰਗੇ ਪੈਂਦੇ ਹਨ ਪ੍ਰੰਤੂ ਮਾਨਵਤਾ ਦੀ ਸੇਵਾ ਦੇ ਅੱਗੇ ਸਭ ਕੁਝ ਛੋਟਾ ਹੈ। ਸ੍ਰੀ ਕੁਸਲਾ ਨੇ ਦਾਨੀਆਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਅਜਿਹੇ ਦਾਨਵੀਰਾਂ ਕਰਕੇ ਹੀ ਅੱਜ ਸ਼ਹਿਰ ’ਚ ਕੋਈ ਵੀ ਲੋੜਵੰਦ ਭੁੱਖਾ ਨਹੀਂ ਸੌਂ ਰਿਹਾ ਹੈ।