ਸੰਗਰੂਰ, 24 ਅਪ੍ਰੈਲ 2020 - ਕੋਰੋਨਾ ਵਾਇਰਸ ਤੋਂ ਬਚਾਅ ਲਈ ਲਾਏ ਗਏ ਕਰਫਿਊ ਦੌਰਾਨ ਪੰਜਾਬ ਸਰਕਾਰ ਵੱਲੋਂ ਲੋਕਾਂ ਤੱਕ ਹਰ ਲੋੜੀਂਦੀ ਚੀਜ਼ ਪੁੱਜਦੀ ਕੀਤੀ ਜਾਣੀ ਯਕੀਨੀ ਬਣਾਈ ਜਾ ਰਹੀ ਹੈ। ਇਸੇ ਪ੍ਰਕਿਰਿਆ ਤਹਿਤ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਤਹਿਤ ਸਬੰਧਤ ਐਸ.ਡੀ.ਐਮਜ਼. ਰਾਹੀਂ ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਨੂੰ 20,000 ਸੈਨੇਟਰੀ ਪੈਡਜ਼ ਮੁਫ਼ਤ ਵੰਡੇ ਜਾ ਰਹੇ ਹਨ। ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਹੁਣ ਤੱਕ 15,000 ਤੋਂ ਵਧੇਰੇ ਪੈਡਜ਼ ਵੰਡੇ ਵੀ ਜਾ ਚੁੱਕੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਸੰਗਰੂਰ ਜ਼ਿਲੇ ਦੇ ਸਮੂਹ ਬਲਾਕਾਂ ’ਚ ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਸੈਨੇਟਰੀ ਪੈਡਜ਼ ਵੰਡਣ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ । ਉਨਾਂ ਕਿਹਾ ਕਿ ਸਿਹਤ ਅਤੇ ਸਵੱਛਤਾ ਸੰਭਾਲ ਦੇ ਲਈ ਜ਼ਿਲੇ ਦੇ ਸਾਰੇ ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਤੱਕ ਇਹ ਪੈਡ ਪੁੱਜਦੇ ਕੀਤੇ ਜਾਣੇ ਯਕੀਨੀ ਬਣਾਏ ਜਾਣਗੇ। ਉਨਾਂ ਦੱਸਿਆ ਕਿ ਜਿੱਥੇ ਔਰਤਾਂ ਨੂੰ ਸੈਨੀਟਰੀ ਪੈਡ ਵੰਡੇ ਜਾ ਰਹੇ ਹਨ ਉੱਥੇ ਆਂਗਨਵਾੜੀ ਵਰਕਰਾਂ ਵੱਲੋਂ ਔਰਤਾਂ ਨੂੰ ਸਾਫ ਸਫ਼ਾਈ ਯਕੀਨੀ ਬਣਾਉਣ ਸਬੰਧੀ ਜਾਣਕਾਰੀ ਦੇਣ ਦੇ ਨਾਲ ਨਾਲ ਕੋਰੋਨਾ ਵਾਇਰਸ ਤੋਂ ਬਚਾਅ ਬਾਰੇ ਵੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ।
ਘਨਸ਼ਿਆਮ ਥੋਰੀ ਨੇ ਕਿਹਾ ਕਿ ਇਸ ਪਹਿਲ ਦਾ ਮੁੱਖ ਮਕਸਦ ਔਰਤਾਂ ਨੂੰ ਮਾਹਵਾਰੀ ਦੇ ਦਿਨਾਂ ਦੌਰਾਨ ਸਿਹਤ ਸੰਭਾਲ ਅਤੇ ਸੁਰੱਖਿਅਤ ਉਤਪਾਦ ਵਰਤਣ ਬਾਰੇ ਜਾਗਰੂਕ ਕਰਨਾ ਹੈ।
ਇਸ ਮੌਕੇ ਜ਼ਿਲਾ ਪ੍ਰੋਗਰਾਮ ਅਫ਼ਸਰ ਸੰਗਰੂਰ ਗਗਨਦੀਪ ਸਿੰਘ ਨੇ ਦੱਸਿਆ ਕਿ ਸੈਨੇਟਰੀ ਪੈਡਜ਼ ਦੀ ਵੰਡ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਪ੍ਰਾਪਤ ਹਦਾਇਤਾਂ ਤਹਿਤ ਕਰਵਾਈ ਜਾ ਰਹੀ ਹੈ। ਉਨਾਂ ਕਿਹਾ ਕਿ ਸਾਰੇ ਬਲਾਕਾਂ ’ਚ ਆਂਗਨਵਾੜੀ ਵਰਕਰ ਲੋੜਵੰਦਾਂ ਪਰਿਵਾਰਾਂ ਦੇ ਘਰਾਂ ਤੱਕ ਖੁਦ ਪਹੁੰਚ ਕਰਕੇ ਇਨਾਂ ਪੈਡਜ਼ ਦੀ ਵੰਡ ਕਰਨਗੇ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜ਼ਿਲਾ ਪੱਧਰ ’ਤੇ ਖਰੀਦ ਕਰਕੇ ਸੈਨੇਟਰੀ ਪੈਡਜ਼ ਵੰਡੇ ਜਾ ਚੁੱਕੇ ਹਨ।