- ਸਬਜ਼ੀ ਅਤੇ ਫਰੂਟ ਮੰਡੀ ਨੂੰ ਚਲਾਉਣ ਲਈ ਨਵੀਂ ਪ੍ਰਣਾਲੀ ਵਿਕਸਤ
- ਰੋਜ਼ਾਨਾ 1.5 ਲੱਖ ਲੋਕਾਂ ਨੂੰ ਵੰਡਿਆ ਜਾ ਰਿਹੈ ਤਿਆਰ ਭੋਜਨ
- ਸਿਵਲ ਹਸਪਤਾਲ ਤੋਂ ਚਾਰ ਵੈਂਟੀਲੇਟਰ ਸੀ. ਐੱਮ. ਸੀ. ਹਸਪਤਾਲ ਵਿਖੇ ਤਬਦੀਲ
- ਇੱਕ ਹੋਰ ਮਰੀਜ਼ ਦਾ ਨਮੂਨਾ ਪਾਜ਼ੀਟਿਵ ਆਇਆ
- ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਦੇ ਨਮੂਨੇ ਨੈਗੇਟਿਵ ਆਏ
- ਕਰਫਿਊ ਪਾਸ ਲੈਣ ਲਈ ਲੋਕ ਆਨਲਾਈਨ ਹੀ ਅਪਲਾਈ ਕਰਨ
- ਲੋੜੀਂਦੀਆਂ ਵਸਤਾਂ ਨਾਲ ਸੰਬੰਧਤ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ
ਲੁਧਿਆਣਾ, 2 ਅਪ੍ਰੈਲ 2020 - ਲੌਕਡਾਊਨ ਦੇ ਕਾਰਨ ਘਰਾਂ ਵਿੱਚ ਹੀ ਰਹਿਣ 'ਤੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲ੍ਹਾ ਲੁਧਿਆਣਾ ਵਾਸੀਆਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਥਿਤੀ 'ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।
ਅੱਜ ਸਥਾਨਕ ਬਚਤ ਭਵਨ ਵਿਖੇ ਕੋਵਿਡ 19 ਬਾਰੇ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਲੋਕਾਂ ਤੱਕ ਸਬਜ਼ੀਆਂ ਅਤੇ ਫਰੂਟ ਦੀ ਨਿਰੰਤਰ ਸਪਲਾਈ ਯਕੀਨੀ ਬਣਾਉਣ ਲਈ ਨਵੀਂ ਪ੍ਰਣਾਲੀ ਵਿਕਸਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਾਰੇ 95 ਵਾਰਡਾਂ ਵਿੱਚ ਸਬਜ਼ੀ ਅਤੇ ਫਰੂਟ ਦੀ ਸਪਲਾਈ ਲਈ 1-1 ਕਮਿਸ਼ਨ ਏਜੰਟ (ਆੜਤੀਆ) ਨੂੰ ਅਧਿਕਾਰਤ ਕੀਤਾ ਜਾਵੇਗਾ। ਇਹ ਆੜਤੀਆ ਆਪਣੇ ਵਾਹਨ 'ਤੇ ਸਾਰਾ ਸਮਾਨ ਵਾਰਡ ਦੇ ਨਿਰਧਾਰਤ ਜਗ੍ਹਾ 'ਤੇ ਲਿਆਇਆ ਕਰੇਗਾ, ਜਿੱਥੋਂ ਰੇਹੜੀ ਫੜ੍ਹੀ ਵਾਲੇ ਸਮਾਨ ਲੈ ਕੇ ਨਿਰਧਾਰਤ ਵਾਰਡ ਵਿੱਚ ਲੋਕਾਂ ਨੂੰ ਵੇਚ ਸਕਣਗੇ। ਹਰੇਕ ਵਾਰਡ ਵਿੱਚ 20-25 ਰੇਹੜੀ ਫੜ੍ਹੀ ਵਾਲੇ ਇਸ ਕੰਮ 'ਤੇ ਲਗਾਏ ਜਾਣਗੇ। ਕਮਿਸ਼ਨ ਏਜੰਟ (ਆੜਤੀਆ) ਦੀ ਚੋਣ ਜ਼ਿਲ੍ਹਾ ਮੰਡੀ ਅਫ਼ਸਰ ਵੱਲੋਂ ਕੀਤੀ ਜਾਵੇਗੀ, ਜਦਕਿ ਵਾਰਡਾਂ ਵਿੱਚ ਜਗ੍ਹਾ ਦੀ ਪਛਾਣ ਅਤੇ ਰੇਹੜੀ ਫੜ੍ਹੀ ਵਾਲਿਆਂ ਦੀ ਚੋਣ ਨਗਰ ਨਿਗਮ ਲੁਧਿਆਣਾ ਵੱਲੋਂ ਕੀਤੀ ਜਾਵੇਗੀ।
ਅਗਰਵਾਲ ਨੇ ਦੱਸਿਆ ਕਿ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਰੋਜ਼ਾਨਾ 1.5 ਲੱਖ ਲੋਕਾਂ ਨੂੰ ਤਿਆਰ ਭੋਜਨ ਵਰਤਾਇਆ ਜਾ ਰਿਹਾ ਹੈ। ਹਰੇਕ ਜ਼ਰੂਰਤਮੰਦ ਵਿਅਕਤੀ ਤੱਕ ਇਹ ਭੋਜਨ ਪਹੁੰਚਦਾ ਯਕੀਨੀ ਬਣਾਉਣ ਲਈ ਹੀ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਇਹ ਭੋਜਨ ਆਪਣੇ ਪੱਧਰ 'ਤੇ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਜੋ ਸੰਸਥਾਵਾਂ ਘੱਟ ਭੋਜਨ ਤਿਆਰ ਕਰਦੀਆਂ ਹਨ, ਉਨ੍ਹਾਂ ਦੇ ਕਲੱਸਟਰ ਬਣਾਏ ਜਾ ਰਹੇ ਹਨ। ਇਨ੍ਹਾਂ ਸੰਸਥਾਵਾਂ ਤੋਂ ਨਗਰ ਨਿਗਮ ਭੋਜਨ ਪ੍ਰਾਪਤ ਕਰਕੇ ਲੋਕਾਂ ਤੱਕ ਪਹੁੰਚਾਇਆ ਕਰੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੰਗਰ ਲਗਾਉਣ ਜਾਂ ਭੋਜਨ ਵਰਤਾਉਣ ਤੋਂ ਪਹਿਲਾਂ ਢੁੱਕਵੀਂ ਪ੍ਰਵਾਨਗੀ ਲੈਣੀ ਯਕੀਨੀ ਬਣਾ ਲਈ ਜਾਵੇ।
ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਵੱਲੋਂ ਲੋੜਵੰਦ ਲੋਕਾਂ ਲਈ ਭੇਜੇ ਜਾ ਰਹੇ ਭੋਜਨ ਪੈਕਟਾਂ ਦੀ ਵੰਡ ਜਲਦ ਸ਼ੁਰੂ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਲੁਧਿਆਣਾ ਦੀ ਮਾਈਗਰੇਟਰੀ ਅਬਾਦੀ ਲਈ 1 ਲੱਖ ਭੋਜਨ ਪੈਕੇਟ ਅਲੱਗ ਤੌਰ 'ਤੇ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਉਪਲੱਬਧ ਚਾਰ ਵੈਂਟੀਲੇਟਰ ਸਥਾਨਕ ਸੀ. ਐੱਮ. ਸੀ. ਹਸਪਤਾਲ ਵਿਖੇ ਤਬਦੀਲ ਕਰ ਦਿੱਤੇ ਗਏ ਹਨ, ਤਾਂ ਜੋ ਇਨ੍ਹਾਂ ਦੀ ਉਚਿਤ ਵਰਤੋਂ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਮਕਸਦ ਲਈ ਸੀ. ਐੱਮ. ਸੀ. ਹਸਪਤਾਲ ਵਿੱਚ ਵਿਸ਼ੇਸ਼ ਆਈਸੋਲੇਸ਼ਨ ਵਾਰਡ ਤਿਆਰ ਕੀਤਾ ਗਿਆ ਹੈ।
ਅਗਰਵਾਲ ਨੇ ਸਪੱਸ਼ਟ ਕੀਤਾ ਕਿ ਜ਼ਰੂਰੀ ਵਸਤਾਂ ਦੀ ਸਪਲਾਈ ਕਰਨ ਵਾਲੀਆਂ ਸਾਰੀਆਂ ਦੁਕਾਨਾਂ ਘਰ-ਘਰ ਸਪਲਾਈ ਕਰਨ ਲਈ ਖੁੱਲ੍ਹੀਆਂ ਰਹਿਣਗੀਆਂ। ਇਥੋਂ ਤੱਕ ਦੁੱਧ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰਨ ਵਾਲੇ ਵਾਹਨ ਵੀ ਚੱਲ ਸਕਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੇਹੱਦ ਜ਼ਰੂਰੀ ਹਾਲਤ ਵਿੱਚ ਕਰਫਿਊ ਪਾਸ ਲੈਣ ਲਈ ਈ-ਪਾਸ ਲਈ ਹੀ ਅਪਲਾਈ ਕਰਨ, ਜਿਸ ਲਈ ਪ੍ਰਵਾਨਗੀ 2 ਘੰਟੇ ਵਿੱਚ ਦਿੱਤੀ ਜਾਣੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਵਿਸ਼ੇਸ਼ ਕਰਫਿਊ ਪਾਸ ਦੀ ਜ਼ਰੂਰਤ ਨਹੀਂ ਹੈ। ਉਹ ਆਪਣਾ ਸਰਕਾਰੀ ਵਿਭਾਗੀ ਸ਼ਨਾਖ਼ਤੀ ਕਾਰਡ ਦਿਖਾ ਕੇ ਹੀ ਆਵਾਜਾਈ ਕਰ ਸਕਦੇ ਹਨ।
72 ਸਾਲਾ ਔਰਤ ਦਾ ਨਮੂਨਾ ਪਾਜ਼ੀਟਿਵ ਆਇਆ
ਸ੍ਰੀ ਅਗਰਵਾਲ ਨੇ ਦੱਸਿਆ ਕਿ ਸਥਾਨਕ ਅਮਰਪੁਰਾ ਮੁਹੱਲਾ ਵਿੱਚ ਰਹਿਣ ਵਾਲੀ ਔਰਤ, ਜਿਸ ਦੀ ਬੀਤੇ ਦਿਨੀਂ ਪਟਿਆਲਾ ਵਿਖੇ ਮੌਤ ਹੋ ਗਈ ਸੀ, ਦੀ ਗੁਆਂਢਣ ਇੱਕ 72 ਸਾਲਾ ਔਰਤ ਦਾ ਕੋਵਿਡ 19 ਦਾ ਨਮੂਨਾ ਪਾਜ਼ੀਟਿਵ ਆਇਆ ਹੈ। ਪਰ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਦੇ ਨਮੂਨੇ ਨੈਗੇਟਿਵ ਆਏ ਹਨ। ਉਨ੍ਹਾਂ ਦੱਸਿਆ ਕਿ ਅੱਜ ਤੱਕ 148 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 134 ਨੈਗੇਟਿਵ, 4 ਪਾਜ਼ੀਟਿਵ (ਇੱਕ ਜਲੰਧਰ) ਪਾਏ ਗਏ ਹਨ, ਜਦਕਿ 10 ਦਾ ਨਤੀਜਾ ਆਉਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਭੇਜੇ ਗਏ 43 ਨਮੂਨਿਆਂ ਵਿੱਚੋਂ 42 ਦੇ ਨਤੀਜੇ ਨੈਗੇਟਿਵ ਆਏ ਹਨ। ਉਨ੍ਹਾਂ ਦੱਸਿਆ ਕਿ ਅਮਰਪੁਰਾ ਮੁਹੱਲੇ ਨੂੰ ਸੀਲ ਕੀਤਾ ਹੋਇਆ ਹੈ ਅਤੇ ਇਸ ਖੇਤਰ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।
ਅਮਰਪੁਰਾ ਮੁਹੱਲਾ ਵਾਸੀਆਂ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਪ੍ਰਸ਼ੰਸ਼ਾ
ਲੰਘੀ 30 ਮਾਰਚ ਨੂੰ ਔਰਤ ਦੀ ਕੋਰੋਨਾ ਵਾਇਰਸ ਕਾਰਨ ਹੋਈ ਮੌਤ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਅਮਰਪੁਰਾ ਮੁਹੱਲੇ ਨੂੰ ਵੱਡੇ ਨੁਕਸਾਨ ਤੋਂ ਬਚਾਉਣ ਲਈ ਵੱਡੇ ਪੱਧਰ 'ਤੇ ਯਤਨ ਆਰੰਭੇ ਹੋਏ ਹਨ, ਜਿਨ੍ਹਾਂ ਦੀ ਸਥਾਨਕ ਲੋਕਾਂ ਵੱਲੋਂ ਭਰਪੂਰ ਪ੍ਰਸੰਸ਼ਾ ਕੀਤੀ ਜਾ ਰਹੀ ਹੈ। ਇਸ ਖੇਤਰ ਦੇ ਲੋਕਾਂ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਤਾੜੀਆਂ ਮਾਰ ਕੇ ਹੱਲਾਸ਼ੇਰੀ ਦਿੱਤੀ ਗਈ।