ਕੈਨੇਡਾ ਨਿਵਾਸੀ ਸ. ਗਗਨਪ੍ਰੀਤ ਸਿੰਘ ਵੱਲੋਂ 51 ਹਜ਼ਾਰ ਤੇ ਢਾਡੀ ਸਭਾ ਵੱਲੋਂ 21 ਹਜ਼ਾਰ ਰੁਪਏ ਭੇਟ
ਅੰਮ੍ਰਿਤਸਰ, 18 ਅਪ੍ਰੈਲ 2020: ਸ੍ਰੀ ਦਰਬਾਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਸ਼ਰਧਾਲੂਆਂ ਵੱਲੋਂ ਮਾਇਆ ਭੇਜਣ ਦਾ ਸਿਲਸਲਾ ਲਗਾਤਾਰ ਜਾਰੀ ਹੈ। ਇਸੇ ਤਹਿਤ ਹੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਜਥੇਦਾਰ ਤੋਤਾ ਸਿੰਘ ਨੇ 50 ਹਜ਼ਾਰ ਰੁਪਏ ਦੀ ਸੇਵਾ ਭੇਜੀ ਹੈ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਲੰਗਰ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਸੰਗਤਾਂ ਨੂੰ ਆਪਣੀ ਸਮਰੱਥਾ ਅਨੁਸਾਰ ਸਹਿਯੋਗ ਰਾਸ਼ੀ ਭੇਜਣ ਦੀ ਅਪੀਲ ਵੀ ਕੀਤੀ ਹੈ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੁਖਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਗਤਾਂ ਉਤਸ਼ਾਹ ਨਾਲ ਸ੍ਰੀ ਗੁਰੂ ਰਾਮਦਾਸ ਲੰਗਰ ਲਈ ਮਾਇਆ ਭੇਜ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਿਥੇ ਸੀਨੀਅਰ ਆਗੂ ਜਥੇਦਾਰ ਤੋਤਾ ਸਿੰਘ ਨੇ 50 ਹਜ਼ਾਰ ਰੁਪਏ ਦਾ ਚੈੱਕ ਭੇਜਿਆ ਹੈ, ਉਥੇ ਹੀ ਅੰਮ੍ਰਿਤਸਰ ਦੇ ਜਸਪਾਲ ਨਗਰ ਨਾਲ ਸਬੰਧਤ ਕੈਨੇਡਾ ਨਿਵਾਸੀ ਸ. ਗਗਨਪ੍ਰੀਤ ਸਿੰਘ ਸਪੁੱਤਰ ਸ. ਰਛਪਾਲ ਸਿੰਘ ਵੱਲੋਂ ਵੀ 51 ਹਜ਼ਾਰ ਰੁਪਏ ਗੁਰੂ ਕੇ ਲੰਗਰਾਂ ਲਈ ਭੇਟ ਕੀਤੇ ਗਏ ਹਨ। ਇਸੇ ਤਰ੍ਹਾਂ ਮੀਰੀ ਪੀਰੀ ਢਾਡੀ ਸਭਾ ਦੇ ਆਗੂ ਜਥੇਦਾਰ ਗੁਰਮੇਜ ਸਿੰਘ ਸ਼ਹੂਰਾ ਨੇ ਸਭਾ ਵੱਲੋਂ 21 ਹਜ਼ਾਰ ਰੁਪਏ ਪੁੱਜੇ ਹਨ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਵੀ ਨਿੱਜੀ ਤੌਰ ’ਤੇ ਲੰਗਰ ਲਈ ਲਗਾਤਾਰ ਭੇਟਾਵਾਂ ਆ ਰਹੀਆਂ ਹਨ। ਮੀਰੀ ਪੀਰੀ ਡਾਡੀ ਸਭਾ ਵੱਲੋਂ ਲੰਗਰ ਸੇਵਾ ਲਈ ਚੈੱਕ ਦੇਣ ਸਮੇਂ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਵਧੀਕ ਸਕੱਤਰ ਸ. ਪ੍ਰਤਾਪ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਵਧੀਕ ਮੈਨੇਜਰ ਸ. ਗੁਰਾ ਸਿੰਘ, ਢਾਡੀ ਸਵਿੰਦਰ ਸਿੰਘ ਭੰਗੂ ਆਦਿ ਹਾਜ਼ਰ ਸਨ।