ਰਜਨੀਸ਼ ਸਰੀਨ
- ਕੋਵਿਡ ਰੋਕਥਾਮ ਲਈ ਜ਼ਿਲ੍ਹੇ ’ਚ ਬਣਾਏ ਕੋਵਿਡ ਕੇਅਰ ਸੈਂਟਰ ਅਤੇ ਦਾਣਾ ਮੰਡੀ ਨਵਾਸ਼ਹਿਰ ਦਾ ਨਿਰੀਖਣ
ਨਵਾਂਸ਼ਹਿਰ, 29 ਅਪਰੈਲ 2020 - ਵਧੀਕ ਮੁੱਖ ਸਕੱਤਰ ਕਮ ਵਿੱਤ ਕਮਿਸ਼ਨਰ ਵਣ ਤੇ ਜੰਗਲੀ ਜੀਵ ਸ੍ਰੀਮਤੀ ਰਵਨੀਤ ਕੌਰ ਵੱਲੋਂ ਅੱਜ ਜ਼ਿਲ੍ਹੇ ’ਚ ਕੋਵਿਡ ਰੋਕਥਾਮ ਅਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਵਿਸਥਾਰਿਤ ਮੀਟਿੰਗ ਕਰਕੇ, ਜ਼ਿਲ੍ਹੇ ’ਚ ਹੁਣ ਤੱਕ ਆਏ ਕੋਵਿਡ ਮਾਮਲਿਆਂ ਅਤੇ ਰੋਕਥਾਮ ਲਈ ਕੀਤੇ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਲਈ।
ਵਧੀਕ ਮੁੱਖ ਸਕੱਤਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਕੀਤੀ ਗਈ ਮੀਟਿੰਗ ਦੌਰਾਨ ਡੀ ਸੀ ਵਿਨੈ ਬਬਲਾਨੀ, ਐਸ ਐਸ ਪੀ ਅਲਕਾ ਮੀਨਾ, ਏ ਡੀ ਸੀ (ਜ) ਅਦਿਤਿਆ ਉੱਪਲ, ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਤੇ ਹੋਰ ਜ਼ਿਲ੍ਹਾ ਅਧਿਕਾਰੀ ਮੌਜੂਦ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹੇ ’ਚ ਕੋਵਿਡ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਆਏ 22 ਮਰੀਜ਼ਾਂ ’ਚੋਂ 18 ਠੀਕ ਹੋ ਕੇ ਘਰ ਜਾ ਚੁੱਕੇ ਹਨ ਜਦਕਿ ਤਿੰਨ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ’ਚ ਇਲਾਜ ਅਧੀਨ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ ਰੋਕਥਾਮ ਤਹਿਤ ਨਵਾਂਸ਼ਹਿਰ ਜ਼ਿਲ੍ਹਾ ਹਸਪਤਾਲ ਵਿਖੇ 100 ਬੈਡ ਦਾ ਆਈਸੋਲੇਸ਼ਨ ਸੈਂਟਰ ਬਣਾਉਣ ਤੋਂ ਇਲਾਵਾ ਕੇ ਸੀ ਕਾਲਜ ਨਵਾਂਸ਼ਹਿਰ ਅਤੇ ਰਿਆਤ ਕੈਂਪਸ ਰੈਲ ਮਾਜਰਾ ਵਿਖੇ ਕਰਮਵਾਰ 380 ਤੇ 400 ਬਿਸਤਰਿਆਂ ਦੀ ਸਮਰੱਥਾ ਵਾਲੇ ਕੋਵਿਡ ਕੇਅਰ ਸੈਂਟਰ ਬਣਾਏ ਜਾ ਰਹੇ ਹਨ।
ਇਸ ਤੋਂ ਇਲਾਵਾ ਬਹਿਰਾਮ ਵਿਖੇ ਪੰਚਾਇਤੀ ਰਾਜ ਸਿਖਲਾਈ ਸੰਸਥਾ ਨੂੰ ਕੋਵਿਡ ਕੇਅਰ ਸੈਂਟਰ ’ਚ ਤਬਦੀਲ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 50 ਬੈਡ ਦੇ ਆਈਸੋਲੇਸ਼ਨ ਵਾਰਡ ਲਈ ਸ਼ਨਾਖਤ ਕੀਤੀ ਗਈ ਹੈ।
ਵਧੀਕ ਮੁੱਖ ਸਕੱਤਰ ਵੱਲੋਂ ਇਸ ਮੌਕੇ ਜ਼ਿਲ੍ਹੇ ’ਚ ਜ਼ਰੂਰੀ ਵਸਤਾਂ ਦੀ ਸਪਲਾਈ, ਸਨਅਤੀ ਇਕਾਈਆਂ ਦੇ ਚੱਲਣ ਅਤੇ ਕਾਮਿਆਂ ਦੀ ਸਾਂਭ-ਸੰਭਾਲ ਬਾਰੇ ਵੀ ਜਾਣਕਾਰੀ ਲਈ ਗਈ। ਐਸ ਐਸ ਪੀ ਅਲਕਾ ਮੀਨਾ ਵੱਲੋਂ ਦੱਸਿਆ ਕਿ ਪੁਲਿਸ ਵੱਲੋਂ ਕੋਵਿਡ ਤੋਂ ਬਚਾਅ ਲਈ ਲਾਕਡਾਊਨ ਦੇ ਮੱਦੇਨਜ਼ਰ ਲੋਕਾਂ ਨੂੰ ਘਰਾਂ ’ਚ ਸੀਮਤ ਕਰਨ ਲਈ 1500 ਪੁਲਿਸ ਮੁਲਾਜ਼ਮਾਂ ਤੋਂ ਇਲਾਵਾ 240 ਵਾਲੰਟੀਅਰਾਂ ਦੀ ਮੱਦਦ ਲਈ ਗਈ ਹੈ।
ਬਾਅਦ ਵਿੱਚ ਦਾਣਾ ਮੰਡੀ ਨਵਾਂਸ਼ਹਿਰ ਦੇ ਨਿਰੀਖਣ ਮੌਕੇ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਕਲ੍ਹ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ’ਚ 114520 ਮੀਟਿ੍ਰਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ, ਜਿਸ ’ਚੋਂ 54909 ਮੀਟਿ੍ਰਕ ਟਨ ਦੀ ਲਿਫ਼ਟਿੰਗ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 155.84 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ।
ਮੰਡੀਆਂ ’ਚ ਸੁਚਾਰੂ ਖਰੀਦ ਪ੍ਰਬੰਧਾਂ ਲਈ ਜੀ ਓ ਜੀਜ਼, ਪੁਲਿਸ ਵਾਲੰਟੀਅਰ ਸਹਿਯੋਗ ਕਰ ਰਹੇ ਹਨ। ਇਸ ਤੋਂ ਇਲਾਵਾ 19 ਮੈਡੀਕਲ ਟੀਮਾਂ ਵੀ ਮੰਡੀਆਂ ’ਚ ਸਰਗਰਮ ਕੀਤੀਆਂ ਗਈਆਂ ਹਨ। ਵਧੀਕ ਮੁੱਖ ਸਕੱਤਰ ਵੱਲੋਂ ਇਸ ਤੋਂ ਬਾਅਦ ਕੇ ਸੀ ਕਾਲਜ ਵਿਖੇ ਬਣਾਏ ਕੋਵਿਡ ਕੇਅਰ ਸੈਂਟਰ ਦਾ ਮੁਆਇਨਾ ਵੀ ਕੀਤਾ ਗਿਆ।